ਆਪ ਸਰਕਾਰ ਦੇ ਚਾਰ ਸਾਲ ਇਤਿਹਾਸਕ ਰਹੇ : ਪੱਡਾ
ਆਉਣ ਵਾਲਾ ਸਾਲ ਪੰਜਾਬ ਨੂੰ ਵਿਕਾਸ ਅਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ਤੇ ਲਿਜਾਣ ਲਈ ਸਮਰਪਿਤ ਹੋਵੇਗਾ : ਪੱਡਾ
Publish Date: Sun, 29 Mar 2026 07:12 PM (IST)
Updated Date: Sun, 29 Mar 2026 07:14 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਦੇ ਚਾਰ ਸਾਲ ਇਤਿਹਾਸਕ ਰਹੇ ਹਨ, ਜਿਨ੍ਹਾਂ ਵਿਚ 990 ਆਮ ਆਦਮੀ ਕਲੀਨਿਕਾਂ ਰਾਹੀਂ ਮੁਫ਼ਤ ਸਿਹਤ ਸੰਭਾਲ ਸੇਵਾਵਾਂ, 78% ਕਿਸਾਨਾਂ ਲਈ ਨਹਿਰੀ ਪਾਣੀ, ਐੱਸਐੱਸਐੱਫ (ਸਟੇਟ ਸਪੈਸ਼ਲ ਫੋਰਸ) ਵੱਲੋਂ ਜੀਵਨ ਰੱਖਿਅਕ ਸੇਵਾਵਾਂ ਤੇ ਸਰਕਾਰੀ ਨੌਕਰੀਆਂ ਵਿਚ ਵਾਧਾ ਵਰਗੇ ਵੱਡੇ ਫੈਸਲੇ ਲਏ ਗਏ ਹਨ। ਸਰਕਾਰ ਨੇ 19 ਟੋਲ ਪਲਾਜ਼ਾ ਬੰਦ ਕਰਕੇ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਈ ਹੈ। ਇਹ ਗੱਲ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੋਆਬਾ ਜ਼ੋਨ ਦੇ ਸੂਬਾ ਸਕੱਤਰ ਸੁਖਵੰਤ ਸਿੰਘ ਪੱਡਾ ਨੇ ਆਪ ਸਰਕਾਰ ਦੇ ਚਾਰ ਸਾਲ ਪੂਰੇ ਹੋਣ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਹੀ। ਪੱਡਾ ਨੇ ਕਿਹਾ ਕਿ ਆਪ ਸਰਕਾਰ ਨੇ ਕੰਮ ਦੀ ਰਾਜਨੀਤੀ ਰਾਹੀਂ ਲੋਕਾਂ ਨੂੰ ਦਿੱਤੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕੀਤਾ ਹੈ। ਪੱਡਾ ਨੇ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਰੱਦ ਕਰਨ ਤੋਂ ਬਾਅਦ ਲੋਕਾਂ ਨੇ ਸਾਡੇ ’ਤੇ ਆਪਣੀਆਂ ਉਮੀਦਾਂ ਲਗਾਈਆਂ ਸਨ ਤੇ ਅਸੀਂ ਉਨ੍ਹਾਂ ਦਾ ਭਰੋਸਾ ਨਹੀਂ ਤੋੜਿਆ। ਪੱਡਾ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ, ਯੁੱਧ ਨਸ਼ਿਆਂ ਵਿਰੁੱਧ ਜਿਸ ਵਿਚ ₹1.55 ਲੱਖ ਕਰੋੜ ਦਾ ਰਿਕਾਰਡ ਨਿਵੇਸ਼ ਹੈ ਤੇ ਸੜਕ ਸੁਰੱਖਿਆ ਫੋਰਸ ਸਪੱਸ਼ਟ ਤੌਰ ’ਤੇ ਪੰਜਾਬ ਦੇ ਪੁਨਰ ਨਿਰਮਾਣ ਤੇ ਸਰਕਾਰ ਦੇ ਧਿਆਨ ਨੂੰ ਦਰਸਾਉਂਦੀ ਹੈ। ਪੱਡਾ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਦੋਂ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਸੱਤਾ ਵਿਚ ਰੁੱਝੇ ਹੋਏ ਹਨ ਤੇ ਆਪ ਸਰਕਾਰ ਪੰਜਾਬ ਨੂੰ ਬਚਾਉਣ ਲਈ ਚਿੰਤਤ ਹੈ। ਪੱਡਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚਾਰ ਸਾਲਾਂ ਵਿਚ ਆਪਣੇ ਸਾਰੇ ਵਾਅਦੇ ਪੂਰੇ ਕਰਕੇ ਰਾਜਨੀਤੀ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ, ਜੋ ਕਿ ਰਵਾਇਤੀ ਪਾਰਟੀਆਂ ਪੰਜ ਸਾਲਾਂ ਵਿਚ ਵੀ ਨਹੀਂ ਕਰ ਸਕੀਆਂ। ਉਨ੍ਹਾਂ ਅੱਗੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਵਿਚ 2022 ਵਿਚ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਸਰਕਾਰ ਨੇ ਕਈ ਲੋਕ-ਪੱਖੀ ਫੈਸਲੇ ਲਏ ਹਨ। ਪੱਡਾ ਨੇ ਅੱਗੇ ਕਿਹਾ ਕਿ ਲੱਖਾਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੇ ਨਾਲ ਨਾਲ ਸੂਬੇ ਦੀ ਪੁਰਾਣੀ ਸ਼ਾਨ ਨੂੰ ਬਹਾਲ ਕਰਨ ਦਾ ਵਾਅਦਾ ਕੀਤਾ ਸੀ। ਪੱਡਾ ਨੇ ਕਿਹਾ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਅਣਥੱਕ ਤੇ ਸਮਰਪਿਤ ਭਾਵਨਾ ਨਾਲ ਕੰਮ ਕੀਤਾ ਹੈ ਤੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਾਲ ਪੰਜਾਬ ਨੂੰ ਵਿਕਾਸ ਤੇ ਖੁਸ਼ਹਾਲੀ ਦੀਆਂ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਸਮਰਪਿਤ ਹੋਵੇਗਾ। ਸਿੱਖਿਆ ਖੇਤਰ ਵਿਚ ਆਈ ਤਬਦੀਲੀ ਦਾ ਜ਼ਿਕਰ ਕਰਦਿਆਂ ਪੱਡਾ ਨੇ ਕਿਹਾ ਕਿ ਭਾਰਤ ਸਰਕਾਰ ਦੇ ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਕਾਰੀ ਸਕੂਲ ਹੁਣ ਅਕਾਦਮਿਕ ਖੇਤਰ ਵਿਚ ਦੇਸ਼ ਵਿਚ ਪਹਿਲੇ ਸਥਾਨ ’ਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਹੁਣ ਕੋਈ ਵੀ ਬੱਚਾ ਫਰਸ਼ ’ਤੇ ਨਹੀਂ ਬੈਠਦਾ ਕਿਉਂਕਿ ਇਕ ਲੱਖ ਤੋਂ ਵੱਧ ਡੈਸਕ ਪ੍ਰਦਾਨ ਕੀਤੇ ਗਏ ਹਨ ਤਾਂ ਜੋ ਹਰ ਵਿਦਿਆਰਥੀ ਮਾਣ ਨਾਲ ਪੜ੍ਹ ਸਕੇ। ਪੱਡਾ ਨੇ ਅੱਗੇ ਕਿਹਾ ਕਿ ਡਿਜੀਟਲ ਕ੍ਰਾਂਤੀ ਦੇ ਤਹਿਤ ਸਰਕਾਰੀ ਸਕੂਲਾਂ ਵਿਚ 9,000 ਤੋਂ ਵੱਧ ਸਮਾਰਟ ਕਲਾਸਰੂਮ ਤੇ 5,000 ਕੰਪਿਊਟਰ ਲੈਬ ਖੋਲ੍ਹੀਆਂ ਗਈਆਂ ਹਨ, ਜਿਸ ਨਾਲ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਮਿਲ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਠੇਕੇ ’ਤੇ ਅਧਿਆਪਕਾਂ ਨੂੰ ਨਿਯਮਤ ਨੌਕਰੀਆਂ ਦਿੱਤੀਆਂ ਗਈਆਂ ਹਨ ਤੇ ਸਰਕਾਰੀ ਸਕੂਲਾਂ ਨੂੰ ਮਜ਼ਬੂਤ ਕਰਨ ਲਈ 15,000 ਤੋਂ ਵੱਧ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।