ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੰਜਾਬ ਭਰ ’ਚ ਪੁਤਲੇ ਫੂਕ ਮੁਜ਼ਾਹਰੇ
ਮਾਮਲਾ ਸੁੱਖੀ ਰੰਧਾਵਾ ਦੇ ਬੇਬੁਨਿਆਦ ਅਤੇ ਭੜਕਾਊ ਬਿਆਨਾਂ ਦਾ
Publish Date: Sat, 02 May 2026 09:41 PM (IST)
Updated Date: Sat, 02 May 2026 09:41 PM (IST)

--ਕਾਂਗਰਸ ਵੱਲੋਂ ਦਿੱਤੇ 1984 ਦੇ ਜ਼ਖ਼ਮ ਅਜੇ ਵੀ ਤਾਜ਼ਾ : ਭੰਡਾਲ --ਮਾਮਲਾ ਸੁੱਖੀ ਰੰਧਾਵਾ ਦੇ ਬੇਬੁਨਿਆਦ ਤੇ ਭੜਕਾਊ ਬਿਆਨਾਂ ਦਾ ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ ਫੱਤੂਢੀਂਗਾ : ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਬਾਰੇ ਕਾਂਗਰਸੀ ਲੀਡਰ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਬਿਆਨਾਂ ਤੋਂ ਬਾਅਦ ਪੰਜਾਬ ਪੱਧਰ ਤੇ ਸਮੁੱਚੇ ਜ਼ਿਲਿਆਂ ਅੰਦਰ ਸੁੱਖੀ ਰੰਧਾਵਾ ਦੇ ਪੁਤਲੇ ਫੂਕ ਰੋਸ ਮੁਜ਼ਾਹਰੇ ਕੀਤੇ ਗਏ। ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਭੰਡਾਲ ਦੀ ਅਗਵਾਈ ਵਿਚ ਕਪੂਰਥਲਾ ਵਿਖੇ ਸ਼ਹੀਦ ਭਗਤ ਸਿੰਘ ਚੌਕ ’ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਕੇ ਪੁਤਲਾ ਫੂਕਿਆ ਗਿਆ। ਗੁਰਦੀਪ ਸਿੰਘ ਭੰਡਾਲ, ਨਛੱਤਰ ਸਿੰਘ ਬਾਈ, ਨਰਿੰਦਰ ਸਿੰਘ ਖੁਸਰੋਪੁਰ, ਬੋਹੜ ਸਿੰਘ ਹਜਾਰਾ ਵੱਲੋਂ ਸਾਂਝੇ ਤੌਰ ’ਤੇ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਸਾਬਕਾ ਕਾਂਗਰਸ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਲਗਾਏ ਜਾ ਰਹੇ ਦੋਸ਼ ਨਾ ਸਿਰਫ਼ ਬਿਨਾਂ ਕਿਸੇ ਢੁੱਕਵੇਂ ਸਬੂਤ ਦੇ ਹਨ, ਸਗੋਂ ਇਹ ਸਿੱਧੇ ਤੌਰ ’ਤੇ ਸਿਆਸੀ ਲਾਭ ਲਈ ਲੋਕਾਂ ਵਿਚ ਡਰ ਤੇ ਭਰਮ ਪੈਦਾ ਕਰਨ ਦੀ ਕੋਸ਼ਿਸ਼ ਹੈ। ਗੁਰਦੀਪ ਸਿੰਘ ਭੰਡਾਲ ਨੇ ਸਪੱਸ਼ਟ ਕੀਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਵੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿਚ ਸਖ਼ਤ ਸੁਰੱਖਿਆ ਘੇਰੇ ਹੇਠ ਨਜ਼ਰਬੰਦ ਹਨ। ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੂੰ ਕਿਸੇ ਵੀ ਤਾਜ਼ਾ ਘਟਨਾ ਨਾਲ ਜੋੜਨਾ ਸਿਰਫ਼ ਤੇ ਸਿਰਫ਼ ਝੂਠਾ ਪ੍ਰਚਾਰ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਕੋਲ ਸੱਚਮੁੱਚ ਕੋਈ ਸਬੂਤ ਹੈ ਤਾਂ ਉਹ ਅਦਾਲਤਾਂ ਵਿਚ ਪੇਸ਼ ਕੀਤਾ ਜਾਵੇ, ਮੀਡੀਆ ਰਾਹੀਂ ਬੇਬੁਨਿਆਦ ਦੋਸ਼ ਲਗਾ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਲੋਕਤੰਤਰੀ ਮਰਿਆਦਾਵਾਂ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਤਿਹਾਸ ਸਿੱਖ ਕੌਮ ਨਾਲ ਕੀਤੀਆਂ ਬੇਇਨਸਾਫੀਆਂ ਨਾਲ ਭਰਿਆ ਪਿਆ ਹੈ। 1984 ਦਾ ਦਿੱਲੀ ਕਤਲੇਆਮ, ਪੰਜਾਬ ਵਿਚ ਹੋਏ ਝੂਠੇ ਮੁਕਾਬਲੇ ਤੇ ਬੇਗੁਨਾਹ ਨੌਜਵਾਨਾਂ ’ਤੇ ਕੀਤੇ ਜ਼ੁਲਮ ਅਜੇ ਵੀ ਇਤਿਹਾਸ ਦੇ ਕਾਲੇ ਅਧਿਆਇ ਹਨ। ਅੱਜ ਤੱਕ ਉਨ੍ਹਾਂ ਘਟਨਾਵਾਂ ਲਈ ਪੂਰਾ ਨਿਆਂ ਨਹੀਂ ਮਿਲਿਆ, ਜਿਸ ਕਰਕੇ ਸਿੱਖ ਕੌਮ ਦੇ ਦਿਲਾਂ ਵਿਚ ਗਹਿਰੇ ਜ਼ਖ਼ਮ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਭੂਤਕਾਲ ਦੇ ਇਨ੍ਹਾਂ ਗੰਭੀਰ ਮਸਲਿਆਂ ’ਤੇ ਸਪੱਸ਼ਟੀਕਰਨ ਦੇਣ ਤੋਂ ਕਤਰਾਉਂਦੀ ਰਹੀ ਹੈ, ਉਹ ਅੱਜ ਸਿੱਖ ਨੌਜਵਾਨੀ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਸਿਰਫ਼ ਦੋਹਰੇ ਮਾਪਦੰਡਾਂ ਤੇ ਸਿਆਸੀ ਨਾਟਕਬਾਜ਼ੀ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਹਮੇਸ਼ਾ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਨ, ਸਿੱਖੀ ਦੇ ਮੂਲ ਸਿਧਾਂਤਾਂ ਨੂੰ ਮਜ਼ਬੂਤ ਕਰਨ ਅਤੇ ਸਮਾਜ ਵਿਚ ਸਕਾਰਾਤਮਕ ਬਦਲਾਅ ਲਿਆਉਣ ਲਈ ਕੰਮ ਕਰਦੇ ਆਏ ਹਨ। ਭੰਡਾਲ ਨੇ ਕਾਂਗਰਸ ਆਗੂਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਬੇਬੁਨਿਆਦ ਤੇ ਭੜਕਾਊ ਬਿਆਨ ਦੇਣ ਤੋਂ ਗੁਰੇਜ਼ ਕਰਨ। ਪੰਜਾਬ ਦੇ ਲੋਕ ਹੁਣ ਜਾਗਰੂਕ ਹਨ ਤੇ ਉਹ ਹਰ ਉਸ ਸਿਆਸੀ ਤਾਕਤ ਨੂੰ ਕਰਾਰਾ ਜਵਾਬ ਦੇਣ ਲਈ ਤਿਆਰ ਹਨ, ਜੋ ਸੂਬੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਸਮੇਂ ਗੁਰਚਰਨ ਸਿੰਘ ਸਰਪੰਚ ਰੱਤੜਾ, ਕਮਲਜੀਤ ਸਿੰਘ ਮਠਾੜੂ, ਕੈਪਟਨ ਲਖਵਿੰਦਰ ਸਿੰਘ,ਹਰਜਿੰਦਰ ਸਿੰਘ ਦੇਸਲ, ਬਾਬਾ ਮਲਕੀਤ ਸਿੰਘ, ਹਰਪਾਲ ਸਿੰਘ ਸੁਲਤਾਨਪੁਰ, ਅਮਨ ਡੈਣਵਿੰਡ, ਅਰਸ਼ ਦੂਲੋਵਾਲ ਆਦਿ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।