ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਨਿਕਲਿਆ ਜਨਾਜ਼ਾ : ਭੰਡਾਲ
ਮਾਮਲਾ ਇੱਕੋ ਪਰਿਵਾਰ ਦੇ ਚਾਰ ਤੋਂ ਬਾਅਦ ਪੰਜਵੇਂ ਨੌਜਵਾਨਾਂ ਦੀ ਨਸ਼ੇ ਨਾਲ ਹੋਈ ਮੌਤ ਦਾ
Publish Date: Tue, 07 Apr 2026 10:01 PM (IST)
Updated Date: Tue, 07 Apr 2026 10:05 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨਸ਼ਿਆਂ ਦੇ ਮੁੱਦੇ ਤੇ ਭਾਰੀ ਬਹੁਮਤ ਨਾਲ ਬਣੀ ਆਪ ਸਰਕਾਰ ਨਮੋਸ਼ੀ ਦੇ ਆਲਮ ਵਿਚੋਂ ਗੁਜ਼ਰ ਰਹੀ ਹੈ ਕਿਉਂਕਿ ਨਸ਼ਾਖੋਰੀ ਦੇ ਮੁੱਦੇ ਨੂੰ ਲੈ ਬਣੀ ਸਰਕਾਰ ਨਸ਼ਾਖੋਰੀ ਦੇ ਖ਼ਾਤਮੇ ਵਿਚ ਨਾਕਾਮ ਸਾਬਤ ਹੋਈ। ਚਾਰ ਸਾਲ ਬੀਤਣ ਨੂੰ ਆਏ ਹਨ ਮਾਵਾਂ ਦੇ ਪੁੱਤ ਲਗਾਤਾਰ ਮੌਤ ਦੇ ਮੂੰਹ ਵਿਚ ਜਾ ਰਹੇ ਹਨ । ਅਭਾਗਣ ਮਾਵਾਂ ਨੂੰ ਇਕ ਹਜ਼ਾਰ ਰੁਪਏ ਦੀ ਲੋੜ ਨਹੀਂ ਆਪਣੇ ਪੁੱਤਾਂ ਦੀ ਜ਼ਿੰਦਗੀ ਦੀ ਲੋੜ੍ਹ ਹੈ। ਜੇਕਰ ਪੁੱਤ ਠੀਕ ਹੋਣਗੇ ਤਾਂ ਸਰਕਾਰਾਂ ਵੱਲ ਝਾਕਣ ਦੀ ਲੋੜ ਨਹੀ ਪਵੇਗੀ ਖੁਦ ਕਮਾਈ ਕਰ ਆਪਣੇ ਪਰਿਵਾਰ ਦੇ ਪੇਟ ਭਰ ਸਕਣਗੇ। ਇਹ ਸ਼ਬਦ ਗੁਰਦੀਪ ਸਿੰਘ ਭੰਡਾਲ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਸੁਲਤਾਨਪੁਰ ਲੋਧੀ ਵਿਖੇ ਲਗਾਤਾਰ ਇਲਾਕੇ ਅੰਦਰ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ’ਤੇ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੀਆਂ ਮਾਵਾਂ ਦੇ ਵੈਣ ਨਹੀਂ ਸੁਣਾਈ ਦਿੱਤੇ, ਜਦਕਿ ਇਕੋ ਘਰ ਦੇ ਪੰਜ ਪੰਜ ਪੁੱਤਰ ਨਸ਼ਿਆਂ ਦੀ ਭੇਟ ਚੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੁਹੱਲਾ ਪੰਡੋਰੀ ਵਿਚ ਇਕੋ ਪਰਿਵਾਰ ਦੇ ਪੰਜ ਪੁੱਤਰ ਨਸ਼ਾ ਰੂਪੀ ਦੈਂਤ ਵੱਲੋਂ ਨਿਗਲ ਜਾਣਾ ਨਿਕੰਮੀ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਜਨਾਜ਼ਾ ਕੱਢਦਾ ਹੈ। ਭੰਡਾਲ ਨੇ ਮਾਤਾ ਮਨਜੀਤ ਕੌਰ ਨਾਲ ਜਦ ਗੱਲਬਾਤ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਪੰਜਵਾਂ ਪੁੱਤਰ ਵੀ ਮੌਤ ਦੇ ਮੂੰਹ ਵਿਚ ਚਲਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਮੰਗ-ਮੰਗ ਕੇ ਤਕਰੀਬਨ ਸੱਤ ਲੱਖ ਰੁਪਏ ਇਕੱਠੇ ਕਰਕੇ ਪੁੱਤ ਦਾ ਇਲਾਜ ਕਰਵਾਇਆ ਸੀ ਪਰ ਹੁਣ ਛੋਟੇ ਬੱਚਿਆਂ ਦੇ ਦੁੱਧ ਲਈ ਵੀ ਪੈਸਾ ਨਹੀਂ ਹੈ ਘਰ ਵਿਚ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜ਼ਿਲਾ ਪ੍ਰਸ਼ਾਸਨ ਕੁੰਭਕਰਨੀ ਨੀਂਦ ਵਿਚੋਂ ਉੱਠ ਹਰਕਤ ਵਿਚ ਆਇਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀਡੀਓ ਕਾਨਫਰੰਸਿੰਗ ਜ਼ਰੀਏ ਉਸ ਮਾਂ ਨਾਲ ਗੱਲਬਾਤ ਕਰਦਿਆਂ ਉਸ ਦੇ ਪੁੱਤਰ ਦਾ ਇਲਾਜ ਕਰਵਾਉਣ ਦਾ ਭਰੋਸਾ ਦਿਵਾਇਆ ਗਿਆ ਸੀ, ਉਸ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਜਿਥੇ ਉਸਦੀ ਮੌਤ ਹੋ ਗਈ। ਹੁਣ ਪੁਲਿਸ ਪ੍ਰਸ਼ਾਸਨ ਬਜਾਏ ਨਸ਼ਾ ਤਸਕਰਾਂ ਨੂੰ ਫੜਨ ਦੇ ਵੀਡੀਓ ਪਾ ਕੇ ਇਸ ਪਾਸੇ ਜ਼ੋਰ ਦੇ ਰਿਹਾ ਹੈ ਕਿ ਕਿਸ ਤਰੀਕੇ ਪਰਿਵਾਰ ਦੇ ਅਕਸ ਨੂੰ ਖਰਾਬ ਕਰ ਪਰਿਵਾਰ ਨੂੰ ਝੂਠਾ ਸਾਬਿਤ ਕੀਤਾ ਜਾਵੇ। ਇਥੇ ਸਵਾਲ ਇਹ ਬਣਦਾ ਹੈ ਕਿ ਥਾਣੇ ਤੇ ਡੀਐੱਸਪੀ ਦਫ਼ਤਰ ਦੇ ਬਿਲਕੁਲ ਨਾਲ ਨਸ਼ਾ ਕਿਸ ਦੀ ਸਹਿਮਤੀ ਨਾਲ ਵਿਕਦਾ ਹੈ ਜਾਂ ਫਿਰ ਕਿਸੇ ਰਾਜਨੀਤਿਕ ਨੇਤਾ ਦੀ ਸ਼ਹਿ ’ਤੇ ਅਜਿਹੇ ਕਾਰੋਬਾਰ ਵਧ-ਫੁੱਲ ਰਹੇ ਹਨ। ਗੁਰਦੀਪ ਸਿੰਘ ਭੰਡਾਲ ਨੇ ਮੰਗ ਕੀਤੀ ਹੈ ਕਿ ਤੁਰੰਤ ਹਲਕਾ ਇੰਚਾਰਜ ਤੇ ਹਲਕਾ ਵਿਧਾਇਕ ’ਤੇ ਪਰਚਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਮੌਜੂਦਾ ਐੱਮਐੱਲਏ ਜਾਂ ਸੱਤਾਧਾਰੀ ਪਾਰਟੀ ਦੇ ਹਲਕਾ ਇੰਚਾਰਜ ਦੀ ਸ਼ਹਿ ਤੋਂ ਬਿਨਾਂ ਹਲਕੇ ਅੰਦਰ ਪੱਤਾ ਤੱਕ ਵੀ ਨਹੀਂ ਹਿੱਲ ਸਕਦਾ। ਇਸ ਸਮੇਂ ਹਲਕਾ ਸੇਵਾਦਾਰ ਬੋਹੜ ਸਿੰਘ ਹਜਾਰਾ, ਸੁਖਦੇਵ ਸਿੰਘ ਖੀਰਾਂਵਾਲੀ, ਹਰਪਾਲ ਸਿੰਘ ਸੁਲਤਾਨਪੁਰ ਲੋਧੀ ਆਦਿ ਹਾਜ਼ਰ ਰਹੇ।