ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ 19 ਨੂੰ ਪੈਣਗੇ : ਭਾਟੀਆ
ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ 19 ਅਪ੍ਰੈਲ, ਐਤਵਾਰ ਨੂੰ ਪੈਣਗੇ-- ਭਾਟੀਆ
Publish Date: Wed, 11 Mar 2026 10:15 PM (IST)
Updated Date: Wed, 11 Mar 2026 10:18 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਾਰਮਿਕ ਸਮਾਗਮ ਦੀ ਲੜੀ ਤਹਿਤ ਸ਼ਬਦ ਗੁਰੂ ਪ੍ਰਚਾਰ ਸਭਾ ਦੇ ਉਪਰਾਲਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅਕਤੂਬਰ ਮਹੀਨੇ ਤੋਂ ਅਰੰਭਿਤ ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ ਛੇ ਮਹੀਨਿਆਂ ਬਾਅਦ 19 ਅਪ੍ਰੈਲ, ਦਿਨ ਐਤਵਾਰ, ਸਵੇਰੇ 9 ਵਜੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਪੈਣਗੇ। ਸਭਾ ਦੇ ਜਨਰਲ ਸਕੱਤਰ ਸੁਖਵਿੰਦਰ ਮੋਹਨ ਸਿੰਘ ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਬਦ ਗੁਰੂ ਪ੍ਰਚਾਰ ਸਭਾ ਵੱਲੋਂ ਸਾਲ 2006 ਤੋਂ ਆਉ ਸ੍ਰੀ ਸਹਿਜ ਪਾਠ ਕਰੀਏ ਲੜੀ ਤਹਿਤ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਸੀ, ਉਸੇ ਤਹਿਤ ਪਹਿਲਾਂ ਪੰਜ ਸੌ ਪ੍ਰਾਣੀਆਂ ਨੇ ਸ੍ਰੀ ਸਹਿਜ ਪਾਠ ਆਰੰਭ ਕੀਤੇ ਸਨ, ਜੋਕਿ ਹੁਣ ਤਕਰੀਬਨ ਪੰਜਾਹ ਹਜ਼ਾਰ ਪ੍ਰਾਣੀਆਂ ਨੇ ਗੁਰਬਾਣੀ ਨੂੰ ਹਿਰਦੇ ਵਿਚ ਵਸਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਜਿਸ ਨੇ ਸ੍ਰੀ ਸਹਿਜ ਪਾਠ ਆਰੰਭ ਕਰਨਾ ਹੈ, ਉਹ ਸਭਾ ਵੱਲੋਂ ਦਿੱਤੀਆਂ ਜਾ ਰਹੀਆਂ ਭੇਟਾ ਰਹਿਤ ਸੈਂਚੀਆਂ ਵੀ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਸਭਾ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਨੇ ਕਿਹਾ ਕਿ ਜਿਨ੍ਹਾਂ ਸੰਗਤਾਂ ਨੇ ਦੁਬਾਰਾ ਫਿਰ ਸ੍ਰੀ ਸਹਿਜ ਪਾਠ ਆਰੰਭ ਕਰਨੇ ਹਨ, ਉਹ ਵੀ ਸਟੇਟ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀ ਜ਼ਰੂਰ ਭਰਨ ਤੇ ਉਨ੍ਹਾਂ ਸਮੂਹਿਕ ਸ੍ਰੀ ਸਹਿਜ ਪਾਠਾਂ ਦੇ ਭੋਗ ਛੇ ਮਹੀਨਿਆਂ ਬਾਅਦ ਅਪ੍ਰੈਲ ਵਿਚ ਪੈਣਗੇ। ਉਨ੍ਹਾਂ ਨੌਜਵਾਨਾਂ ਨੂੰ ਵੀ ਸ੍ਰੀ ਸਹਿਜ ਪਾਠ ਆਰੰਭ ਕਰਨ ਦਾ ਸੁਨੇਹਾ ਦਿੱਤਾ ਤਾਂ ਕਿ ਗੁਰਬਾਣੀ ਆਧਾਰਿਤ ਸਾਰਥਕ ਜੀਵਨ ਜੀਵਿਆ ਜਾ ਸਕੇ ਕਿਉਂਕਿ ਜਿਥੇ ਅਸੀਂ ਘਰਾਂ ਵਿਚ ਬੈਠ ਕੇ ਪੜ੍ਹਾਈ ਕਰਦੇ ਹਾਂ, ਉਥੇ ਪਵਿੱਤਰ ਸੈਂਚੀਆਂ ਰਾਹੀਂ ਗੁਰਬਾਣੀ ਦੇ ਅਰਥਾਂ ਨੂੰ ਹਿਰਦਿਆਂ ਵਿਚ ਵਸਾਇਆ ਜਾ ਸਕਦਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਸ਼੍ਰੀ ਸਹਿਜ ਪਾਠ ਕਰਨ ਦੀ ਅਪੀਲ ਕੀਤੀ ਤੇ ਦੱਸਿਆ ਕਿ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਮਤਿ ਸਬੰਧਤ ਕਾਪੀਆਂ ਵੰਡੀਆਂ ਜਾਣਗੀਆਂ, ਜਿਨ੍ਹਾਂ ਨੂੰ ਸੁੰਦਰ ਲਿਖਾਈ ਨਾਲ ਸੰਪੂਰਨ ਕਰਕੇ ਜੂਨ ਮਹੀਨੇ ਵਿਚ ਜਮਾਂ ਕਰਵਾਉਣ ਉਪਰੰਤ ਬੱਚਿਆਂ ਨੂੰ ਸਮਾਗਮ ਦੌਰਾਨ ਸਨਮਾਨਿਤ ਵੀ ਕੀਤਾ ਜਾਵੇਗਾ।