ਗੁਰੁ ਘਰ ਵਿਖੇ ਕਰਵਾਇਆ ਸ਼ੁਕਰਾਨਾ ਸਮਾਗਮ
ਗੁਰੁ ਘਰ ਵਿਖੇ ਕਰਵਾਇਆ ਸ਼ੁਕਰਾਨਾ ਸਮਾਗਮ
Publish Date: Tue, 20 Jan 2026 08:53 PM (IST)
Updated Date: Tue, 20 Jan 2026 08:54 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ, ਮਹਾਨ ਤਪੱਸਵੀ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਵੱਲੋਂ ਵਰੋਸਾਏ ਗੁਰਦੁਆਰਾ ਸਾਹਿਬ ਸ਼੍ਰੀ ਹਰਗੋਬਿੰਦਗੜ੍ਹ ਭੋਗਪੁਰ ਸਾਹਿਬ ਵਿਖੇ ਇਲਾਕੇ ਤੇ ਵੱਖ-ਵੱਖ ਸਥਾਨਾਂ ਤੋਂ ਆ ਕੇ ਸੰਗਤਾਂ ਆਪਣੀਆਂ ਮੰਨਤਾਂ ਮੰਗਣ ਤੇ ਪੂਰੀਆਂ ਹੋਈਆਂ ਆਸਾਂ-ਮੁਰਾਦਾਂ ਅਨੁਸਾਰ ਵਾਹਿਗੁਰੂ ਪਰਮਾਤਮਾ ਦੇ ਸ਼ੁਕਰਾਨੇ ਲਈ ਸ਼੍ਰੀ ਅਖੰਡ ਪਾਠ ਕਰਵਾਉਂਦੀਆਂ ਹਨ, ਜਿਸ ਤਹਿਤ ਪੰਜ ਵੱਖ-ਵੱਖ ਪਰਿਵਾਰਾਂ ਵੱਲੋਂ ਅਰੰਭ ਕਰਵਾਏ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਉਪਰੰਤ ਗਿਆਨੀ ਮਨਜੀਤ ਸਿੰਘ ਵੱਲੋਂ ਸਰਬੱਤ ਦੇ ਭਲੇ ਅਤੇ ਸਮੂਹ ਸੰਗਤਾਂ ਦੀ ਚੜ੍ਹਦੀ ਕਲਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ। ਉਪਰੰਤ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਬਾਬਾ ਪ੍ਰਮੇਸ਼ਰ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਕਿਹਾ ਕਿ ਵੱਡੇ ਤੋਂ ਵੱਡੇ ਰਾਜਿਆਂ-ਮਹਾਰਾਜਿਆਂ ਦੇ ਨਾਮ ਸਿਰਫ਼ ਉਨ੍ਹਾਂ ਦੇ ਕਾਰਜਕਾਲ ਤੱਕ ਹੀ ਚਲਦੇ ਹਨ ਪ੍ਰੰਤੂ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਵਾਂਗ ਭੁੱਖੇ-ਥਿਆਏ ਰਹਿ ਕੇ ਕਲਰਾਠੀ ਰੋੜਿਆਂ ਵਾਲ਼ੀ ਜ਼ਮੀਨ ਤੇ ਛੱਪਰੀ ਵਿਚ ਰਹਿੰਦਿਆਂ ਵਾਹਿਗੁਰੂ ਪਰਮਾਤਮਾ ਜੀ ਦਾ ਸਿਮਰਨ ਕਰਨ ਵਾਲੇ ਮਹਾਂਪੁਰਖਾਂ ਦੇ ਨਾਮ ਹਮੇਸ਼ਾਂ ਹੀ ਚਲਦੇ ਹਨ। ਉਨ੍ਹਾਂ ਕਿਹਾ ਕਿ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਦੇ ਸਿਮਰਨ ਦੀ ਕਮਾਈ ਸਦਕਾ ਅੱਜ ਇਸ ਅਸਥਾਨ ’ਤੇ 24 ਘੰਟੇ ਗੁਰਬਾਣੀ ਦੇ ਪ੍ਰਵਾਹ ਚਲਦੇ ਹਨ ਤੇ ਸੰਗਤਾਂ ਮੂੰਹੋਂ ਮੰਗੀਆਂ ਬਖਸ਼ਿਸ਼ਾਂ ਪ੍ਰਾਪਤ ਕਰਦੀਆਂ ਹਨ। ਉਪਰੰਤ ਪੰਥ ਪ੍ਰਸਿੱਧ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਹਰਜਿੰਦਰ ਸਿੰਘ ਬੀਸਲਾ ਦੇ ਜਥੇ ਵੱਲੋਂ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਸੰਗ ਸੰਗਤਾਂ ਨੂੰ ਸਰਵਣ ਕਰਵਾਏ ਗਏ। ਉਨ੍ਹਾਂ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਅਸੀਂ ਚਾਰ ਪੁੱਤਰ ਵਾਰ ਕੇ ਹਜ਼ਾਰਾਂ ਪ੍ਰਾਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਸਵਾ ਬਾਰਾਂ ਰੁਪਏ ਤੋਲਾ ਸੋਨਾ ਹੁੰਦਾ ਸੀ, ਉਸ ਸਮੇਂ ਜਕਰੀਆ ਖਾਨ ਨੇ ਸਿੰਘਾਂ ਦੇ ਮੁੱਲ ਸੱਤਰ-ਸੱਤਰ ਰੁਪਏ ਪਾਏ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਹਰੀ ਸਿੰਘ ਨਲੂਏ ਨੇ ਤਾਂ ਪਠਾਣਾਂ ਨੂੰ ਸਲਵਾਰਾਂ ਪਹਿਨਾਈਆਂ ਸਨ ਜਦਕਿ ਅੱਜ ਦੇ ਕਈ ਸਿੱਖ ਨੌਜਵਾਨ ਸ਼ੌਕ ਨਾਲ ਖੁਦ ਹੀ ਸਲਵਾਰਾਂ ਪਹਿਨਣ ਲੱਗ ਪਏ ਹਨ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਬਹੁਤੇ ਨੌਜਵਾਨ ਦੇਖੋ-ਦੇਖੀ ਗੁਰੂ ਸਾਹਿਬ ਜੀ ਦੇ ਅਸੂਲਾਂ ਨੂੰ ਤਿਆਗਦੇ ਹੋਏ ਦਾੜੀ-ਕੇਸ ਕਟਵਾ ਕੇ ਸਿੱਖੀ ਤੋਂ ਦੂਰ ਹੋ ਰਹੇ ਹਨ ਜੋ ਕਿ ਸਿੱਖ ਧਰਮ ਅਤੇ ਸਿੱਖਾਂ ਲਈ ਸਹੀ ਰੁਝਾਨ ਨਹੀਂ ਹੈ।