ਕਪੂਰਥਲਾ ‘ਚ ਪ੍ਰਾਪਰਟੀ ਟੈਕਸ ’ਚ 5% ਦਾ ਇਜ਼ਾਫ਼ਾ ਲਾਗੂ
ਕਪੂਰਥਲਾ ‘ਚ ਟੈਕਸ ਦਾ ਬੋਝ ਵਧਿਆ, 5% ਪ੍ਰਾਪਰਟੀ ਟੈਕਸ ਇਜ਼ਾਫ਼ਾ ਲਾਗੂ
Publish Date: Tue, 21 Apr 2026 09:04 PM (IST)
Updated Date: Tue, 21 Apr 2026 09:07 PM (IST)

-1 ਅਪ੍ਰੈਲ ਤੋਂ ਪ੍ਰਾਪਰਟੀ ਟੈਕਸ ਹੋ ਚੁੱਕਾ ਮਹਿੰਗਾ, ਸਾਲਾਨਾ ਵਾਧਾ ਵੀ ਰਹੇਗਾ ਜਾਰੀ ਹਰਨੇਕ ਸਿੰਘ ਜੈਨਪੁਰੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਵਿਚ ਨਗਰ ਨਿਗਮ ਵੱਲੋਂ ਪ੍ਰਾਪਰਟੀ ਟੈਕਸ ਦੀਆਂ ਦਰਾਂ ਵਿਚ 5 ਫੀਸਦੀ ਵਾਧਾ ਕਰ ਦਿੱਤਾ ਗਿਆ ਹੈ, ਜੋ ਕਿ 1 ਅਪ੍ਰੈਲ 2026 ਤੋਂ ਲਾਗੂ ਹੋ ਚੁੱਕਾ ਹੈ। ਇਹ ਵਾਧਾ ਸੂਬੇ ਭਰ ਦੀਆਂ ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਚ ਇਕਸਾਰ ਤੌਰ ‘ਤੇ ਲਾਗੂ ਕੀਤਾ ਗਿਆ ਹੈ। ਨਗਰ ਨਿਗਮ ਦੀ ਕਮਿਸ਼ਨਰ ਅਨੁਪਮ ਕਲੇਰ ਨੇ ਦੱਸਿਆ ਕਿ ਇਹ ਫੈਸਲਾ ਕੇਂਦਰ ਸਰਕਾਰ ਦੀ ਉਸ ਨੀਤੀ ਦੇ ਤਹਿਤ ਲਿਆ ਗਿਆ ਹੈ, ਜਿਸ ਦੇ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਵਿੱਤੀ ਮਜ਼ਬੂਤੀ ਮਿਲਦੀ ਹੈ ਤੇ ਉਹ ਵੱਖ-ਵੱਖ ਸ਼ਹਿਰੀ ਵਿਕਾਸ ਯੋਜਨਾਵਾਂ ਲਈ ਯੋਗ ਬਣਦੀਆਂ ਹਨ। ਉਨ੍ਹਾਂ ਕਿਹਾ ਕਿ 2021 ਦੀ ਅਧਿਸੂਚਨਾ ਮੁਤਾਬਕ ਹਰ ਸਾਲ 5 ਫੀਸਦੀ ਵਾਧਾ ਤੇ ਹਰ ਤਿੰਨ ਸਾਲ ਬਾਅਦ ਨਵੀਆਂ ਕਲੈਕਟਰ ਦਰਾਂ ਅਧਾਰਿਤ ਰੀਵਿਜ਼ਨ ਦਾ ਪ੍ਰਬੰਧ ਹੈ। ਇਸੇ ਨੀਤੀ ਅਨੁਸਾਰ ਇਹ ਸਾਲਾਨਾ ਵਾਧਾ ਕੀਤਾ ਗਿਆ ਹੈ। ਇਹ ਵਾਧਾ ਰਿਹਾਇਸ਼ੀ ਮਕਾਨਾਂ, ਫਲੈਟਾਂ, ਵਪਾਰਕ ਇਮਾਰਤਾਂ, ਰੈਸਟੋਰੈਂਟਾਂ, ਮਾਲ, ਮਲਟੀਪਲੈਕਸ, ਮੈਰਿਜ ਪੈਲੇਸ ਤੇ ਉਦਯੋਗਿਕ ਇਕਾਈਆਂ ਸਮੇਤ ਸਾਰੀਆਂ ਸ਼੍ਰੇਣੀਆਂ ‘ਤੇ ਲਾਗੂ ਹੋਵੇਗਾ। ਇਸ ਤੋਂ ਇਲਾਵਾ ਸਮੁਦਾਇਕ ਕੇਂਦਰ, ਖੇਡ ਸਟੇਡੀਅਮ, ਕਲੱਬ ਤੇ ਬੱਸ ਅੱਡਿਆਂ ਵਰਗੀਆਂ ਸਹੂਲਤਾਂ ਵੀ ਇਸ ਦੇ ਦਾਇਰੇ ਵਿਚ ਆਉਂਦੀਆਂ ਹਨ। ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਪ੍ਰਾਪਰਟੀ ਟੈਕਸ ਤੋਂ ਮਿਲਣ ਵਾਲੀ ਆਮਦਨ ਸ਼ਹਿਰ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ। ਇਸ ਰਕਮ ਨਾਲ ਸੜਕਾਂ ਦੀ ਮੁਰੰਮਤ, ਸਫ਼ਾਈ ਪ੍ਰਣਾਲੀ, ਸਟ੍ਰੀਟ ਲਾਈਟਾਂ, ਸੀਵਰੇਜ ਸਿਸਟਮ ਤੇ ਹੋਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਂਦਾ ਹੈ। ਉਨ੍ਹਾਂ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਸਮੇਂ ‘ਤੇ ਆਪਣਾ ਟੈਕਸ ਜਮ੍ਹਾਂ ਕਰਵਾਉਣ, ਤਾਂ ਜੋ ਵਿਕਾਸੀ ਕੰਮਾਂ ਨੂੰ ਤੇਜ਼ੀ ਮਿਲ ਸਕੇ ਤੇ ਸ਼ਹਿਰ ਨੂੰ ਹੋਰ ਸੁਚੱਜਾ ਅਤੇ ਆਧੁਨਿਕ ਬਣਾਇਆ ਜਾ ਸਕੇ। -ਕੀ ਹੈ ਨਵਾਂ ਫੈਸਲਾ? ਪ੍ਰਾਪਰਟੀ ਟੈਕਸ ਵਿਚ 5% ਵਾਧਾ 1 ਅਪ੍ਰੈਲ 2026 ਤੋਂ ਲਾਗੂ। -ਕਿੰਨਾਂ ‘ਤੇ ਲਾਗੂ?- ਰਿਹਾਇਸ਼ੀ ਮਕਾਨ ਤੇ ਫਲੈਟ, ਦੁਕਾਨਾਂ ਤੇ ਵਪਾਰਕ ਇਮਾਰਤਾਂ, ਮਾਲ, ਰੈਸਟੋਰੈਂਟ, ਮਲਟੀਪਲੈਕਸ ਮੈਰਿਜ ਪੈਲੇਸ ਤੇ ਉਦਯੋਗਿਕ ਇਕਾਈਆਂ। -ਕਿਉਂ ਕੀਤਾ ਵਾਧਾ?- ਸ਼ਹਿਰੀ ਵਿਕਾਸ ਲਈ ਫੰਡ ਵਧਾਉਣ, ਕੇਂਦਰੀ ਯੋਜਨਾਵਾਂ ਲਈ ਯੋਗਤਾ, ਸਾਲਾਨਾ ਰੀਵਿਜ਼ਨ ਨੀਤੀ ਅਨੁਸਾਰ। -ਹਰ ਸਾਲ ਹੋਵੇਗਾ 5 ਫੀਸਦ ਵਾਧਾ ਨਗਰ ਨਿਗਮ ਦਾ ਫੈਸਲਾ : ਹਰ ਸਾਲ ਵਧੇਗਾ ਪ੍ਰਾਪਰਟੀ ਟੈਕਸ, ਸ਼ਹਿਰੀ ਵਿਕਾਸ ਲਈ ਟੈਕਸ ਵਾਧਾ, ਲੋਕਾਂ ‘ਤੇ 5% ਹੋਰ ਭਾਰ, ਪੰਜਾਬ ਭਰ ‘ਚ ਪ੍ਰਾਪਰਟੀ ਟੈਕਸ ਵਾਧਾ ਲਾਗੂ।