ਨਵਰਾਤਰੀ ਤੇ ਔਰਤਾਂ ਨੂੰ ਸਨਮਾਨ ਦੇਣ ਦਾ ਲਵੋ ਸੰਕਲਪ : ਕਾਲੀਆ
ਨਵਰਾਤਰੀ ਤੇ ਔਰਤਾਂ ਨੂੰ ਸਨਮਾਨ ਦੇਣ ਦਾ ਲਵੋ ਸੰਕਲਪ-ਕਾਲੀਆ
Publish Date: Fri, 13 Mar 2026 07:15 PM (IST)
Updated Date: Fri, 13 Mar 2026 07:18 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਿਵ ਸੈਨਾ ਦੇ ਸੀਨੀਅਰ ਸੂਬਾਈ ਆਗੂ ਓਮਕਾਰ ਕਾਲੀਆ ਨੇ ਇਲਾਕੇ ਦੇ ਵਸਨੀਕਾਂ ਨੂੰ ਨਵਰਾਤਰੀ ਦੀ ਵਧਾਈ ਦਿੰਦੇ ਹੋਏ ਸਮਾਜ ਨੂੰ ਔਰਤਾਂ ਦਾ ਸਤਿਕਾਰ ਕਰਨ ਤੇ ਇਸ ਨਵਰਾਤਰੀ ਤੇ ਔਰਤਾਂ ਨੂੰ ਸਨਮਾਨ ਦੇਣ ਦਾ ਸੰਕਲਪ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਸੱਭਿਆਚਾਰ ਵਿਚ ਔਰਤਾਂ ਦਾ ਹਮੇਸ਼ਾ ਸਰਵਉੱਚ ਸਥਾਨ ਰਿਹਾ ਹੈ ਤੇ ਸਾਨੂੰ ਆਪਣੀਆਂ ਜੜ੍ਹਾਂ ਵਿਚ ਵਾਪਸ ਜਾਣਾ ਚਾਹੀਦਾ ਹੈ ਤੇ ਉਹ ਮਾਣ-ਸਨਮਾਨ ਬਹਾਲ ਕਰਨਾ ਚਾਹੀਦਾ ਹੈ, ਜਿਸ ਦੀਆਂ ਉਹ ਹੱਕਦਾਰ ਹਨ। ਕਾਲੀਆ ਨੇ ਕਿਹਾ ਕਿ ਸਾਡੇ ਗ੍ਰੰਥ ਤੇ ਇਤਿਹਾਸ ਇਸ ਗੱਲ ਦੇ ਗਵਾਹ ਹਨ ਕਿ ਭਾਰਤ ਵਿਚ ਔਰਤਾਂ ਦੇ ਸਨਮਾਨ ਲਈ ਵੱਡੇ ਸੰਘਰਸ਼ ਲੜੇ ਗਏ ਹਨ। ਰਾਮਾਇਣ ਤੇ ਮਹਾਭਾਰਤ ਦੀਆਂ ਉਦਾਹਰਣਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਤਿਹਾਸ ਦੇ ਦੋ ਸਭ ਤੋਂ ਵੱਡੇ ਯੁੱਧ ਭਗਵਾਨ ਰਾਮ ਤੇ ਰਾਵਣ ਵਿਚਕਾਰ ਤੇ ਕੁਰੂਕਸ਼ੇਤਰ ਦਾ ਮਹਾਂਭਾਰਤ, ਔਰਤਾਂ ਦੇ ਸਨਮਾਨ ਦੀ ਰੱਖਿਆ ਲਈ ਲੜੇ ਗਏ ਸਨ। ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਔਰਤਾਂ ਦਾ ਨਿਰਾਦਰ ਕਰਨਾ ਸਾਡੀ ਸੰਸਕ੍ਰਿਤੀ ਵਿਚ ਕਦੇ ਵੀ ਸਵੀਕਾਰਯੋਗ ਨਹੀਂ ਰਿਹਾ। ਸਮਾਜ ਵਿਚ ਵਧ ਰਹੀ ਪੱਛਮੀ ਸੱਭਿਅਤਾ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਅੱਜ ਲੋਕ ਵਿਦੇਸ਼ੀ ਪਰੰਪਰਾਵਾਂ ਦੀ ਅੰਨ੍ਹੇਵਾਹ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਜਨਮ ਦਿਨ ਤੇ ਲੋਕ ਕੇਕ ਤੇ ਮੋਮਬੱਤੀਆਂ ਜਗਾਉਂਦੇ ਹਨ ਅਤੇ ਉਨ੍ਹਾਂ ਨੂੰ ਫੂਕਾਂ ਮਾਰਦੇ ਹਨ। ਭਾਰਤੀ ਸੱਭਿਆਚਾਰ ਅਨੁਸਾਰ ਦੀਵਾ ਬੁਝਾਉਣਾ ਕਿਸੇ ਵੀ ਸ਼ੁਭ ਕੰਮ ਦਾ ਪ੍ਰਤੀਕ ਨਹੀਂ ਮੰਨਿਆ ਜਾਂਦਾ। ਇਹ ਸਾਡੀਆਂ ਮਾਨਤਾਵਾਂ ਦੇ ਵਿਰੁੱਧ ਹੈ। ਉਨ੍ਹਾਂ ਇਸ ਪਿੱਛੇ ਇਕ ਵਿਗਿਆਨਕ ਵਿਚਾਰ ਵੀ ਸਾਂਝਾ ਕੀਤਾ। ਕਾਲੀਆ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਲੋਕ ਇਕੱਠੇ ਕੇਕ ਤੇ ਫੂਕ ਮਾਰਦੇ ਹਨ ਤਾਂ ਉਨ੍ਹਾਂ ਦੇ ਸਾਹ ਰਾਹੀਂ ਕੇਕ ਤੇ ਹਾਨੀਕਾਰਕ ਬੈਕਟੀਰੀਆ ਫੈਲ ਜਾਂਦੇ ਹਨ,ਜੋ ਕਿ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਬਿਲਕੁਲ ਵੀ ਚੰਗਾ ਨਹੀਂ ਹੈ।