ਨਾਮਜ਼ਦਗੀ ਲਈ ‘ਕੋਈ ਬਕਾਇਆ ਨਹੀਂ’ ਸਰਟੀਫਿਕੇਟ ਲੈਣ ਲਈ ਉਮੀਦਵਾਰਾਂ ਦੀ ਜੁਟੀ ਭਾਰੀ ਭੀੜ
ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ 2026
Publish Date: Wed, 13 May 2026 08:09 PM (IST)
Updated Date: Wed, 13 May 2026 08:12 PM (IST)

ਸੁਲਤਾਨਪੁਰ ਲੋਧੀ ਨਗਰ ਕੌਂਸਲ ਚੋਣਾਂ 2026 ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨਗਰ ਕੌਂਸਲ ਚੋਣਾਂ 2026 ਨੂੰ ਲੈ ਕੇ ਸੁਲਤਾਨਪੁਰ ਲੋਧੀ ਸ਼ਹਿਰ ਦਾ ਚੋਣ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਹੀ ਨਗਰ ਕੌਂਸਲ ਦਫਤਰ ’ਚ ਉਸ ਵੇਲੇ ਭਾਰੀ ਰੌਣਕ ਦੇਖਣ ਨੂੰ ਮਿਲੀ ਜਦੋਂ ਵੱਖ-ਵੱਖ ਵਾਰਡਾਂ ਤੋਂ ਸੰਭਾਵੀ ਉਮੀਦਵਾਰ ਅਤੇ ਉਹਨਾਂ ਦੇ ਸਮਰਥਕ ‘ਕੋਈ ਬਕਾਇਆ ਨਹੀਂ’ (ਨੋ ਡਿਊਜ਼) ਸਰਟੀਫਿਕੇਟ ਪ੍ਰਾਪਤ ਕਰਨ ਲਈ ਦਫਤਰ ਪਹੁੰਚੇ। ਸਵੇਰ ਤੋਂ ਹੀ ਨਗਰ ਕੌਂਸਲ ਦਫਤਰ ਦੇ ਅੰਦਰ ਅਤੇ ਬਾਹਰ ਉਮੀਦਵਾਰਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ। ਕਈ ਉਮੀਦਵਾਰ ਆਪਣੇ ਦਸਤਾਵੇਜ਼ਾਂ ਦੀ ਜਾਂਚ ਕਰਵਾਉਂਦੇ ਨਜ਼ਰ ਆਏ ਜਦਕਿ ਅਧਿਕਾਰੀ ਵੀ ਰਿਕਾਰਡ ਦੀ ਪੜਤਾਲ ਵਿੱਚ ਰੁੱਝੇ ਰਹੇ। ਦਫਤਰ ਵਿੱਚ ਦਿਨ ਭਰ ਚੋਣ ਮਾਹੌਲ ਬਣਿਆ ਰਿਹਾ ਅਤੇ ਹਰ ਪਾਸੇ ਚੋਣਾਂ ਨੂੰ ਲੈ ਕੇ ਚਰਚਾਵਾਂ ਦਾ ਦੌਰ ਜਾਰੀ ਰਿਹਾ। ਜਾਣਕਾਰੀ ਅਨੁਸਾਰ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਉਮੀਦਵਾਰਾਂ ਲਈ ‘ਕੋਈ ਬਕਾਇਆ ਨਹੀਂ’ ਸਰਟੀਫਿਕੇਟ ਲੈਣਾ ਲਾਜ਼ਮੀ ਹੈ, ਜਿਸ ਕਾਰਨ ਇੱਕੋ ਦਿਨ ਵੱਡੀ ਗਿਣਤੀ ਵਿੱਚ ਲੋਕ ਦਫਤਰ ਪਹੁੰਚੇ। ਭੀੜ ਵਧਣ ਕਾਰਨ ਕੁਝ ਸਮੇਂ ਲਈ ਦਫਤਰੀ ਕੰਮਕਾਜ ਵੀ ਪ੍ਰਭਾਵਿਤ ਹੋਇਆ, ਹਾਲਾਂਕਿ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਸੁਚੱਜੇ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਚੋਣ ਮੈਦਾਨ ਵਿੱਚ ਉਤਰ ਰਹੇ ਵੱਖ-ਵੱਖ ਧਿਰਾਂ ਦੇ ਆਗੂਆਂ ਦੀ ਸਰਗਰਮੀ ਵੀ ਦਿਨੋਂ-ਦਿਨ ਤੇਜ਼ ਹੋ ਰਹੀ ਹੈ। ਸੰਭਾਵੀ ਉਮੀਦਵਾਰਾਂ ਵੱਲੋਂ ਆਪਣੇ ਕਾਗਜ਼ਾਤ ਤਿਆਰ ਕਰਨ ਦੇ ਨਾਲ-ਨਾਲ ਚੋਣ ਪ੍ਰਚਾਰ ਨੂੰ ਵੀ ਰਫ਼ਤਾਰ ਦਿੱਤੀ ਜਾ ਰਹੀ ਹੈ। ਸ਼ਹਿਰ ਵਿੱਚ ਹਰ ਪਾਸੇ ਚੋਣਾਂ ਦੀ ਚਰਚਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਚੋਣ ਮਾਹੌਲ ਹੋਰ ਗਰਮਾਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।