ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਦੀਆਂ ਵਿਦਿਆਰਥਣਾਂ ਨੇ ਬੀ.ਕਾਮ ਤੀਜੇ ਸਮੈਸਟਰ ਦੇ ਨਤੀਜਿਆਂ ’ਚ ਮਾਰੀ ਬਾਜ਼ੀ

ਕੁਲਵਿੰਦਰ ਸਿੰਘ ਲਾਡੀ, ਪੰਜਾਬੀ ਜਾਗਰਣ
ਫੱਤੂਢੀਂਗਾ : ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ) ਫੱਤੂਢੀਂਗਾ ਵਿਖੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਬੀ.ਕਾਮ ਤੀਜੇ ਸਮੈਸਟਰ ਦੇ ਨਤੀਜਿਆਂ ਵਿੱਚ ਯੂਨੀਵਰਸਿਟੀ ਅਤੇ ਜ਼ਿਲ੍ਹਾ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦੀ ਅਕਾਦਮਿਕ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ। ਨਤੀਜਿਆਂ ਅਨੁਸਾਰ ਗੁਰਜੀਤ ਕੌਰ ਨੇ 8.52 ਐੱਸਜੀਪੀਏ ਪ੍ਰਾਪਤ ਕਰ ਕੇ ਯੂਨੀਵਰਸਿਟੀ ਵਿੱਚ ਚੌਥਾ ਰੈਂਕ ਅਤੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦੋਂਕਿ ਸ਼ਹਿਨਾਜ਼ਦੀਪ ਕੌਰ ਨੇ 8.43 ਐੱਸਜੀਪੀਏ ਨਾਲ ਯੂਨੀਵਰਸਿਟੀ ਵਿੱਚ ਪੰਜਵਾਂ ਰੈਂਕ ਅਤੇ ਜ਼ਿਲ੍ਹੇ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਜੈਸਮੀਨ ਕੌਰ ਅਤੇ ਜਸ਼ਨਦੀਪ ਕੌਰ ਨੇ 7.91 ਐੱਸਜੀਪੀਏ ਨਾਲ ਉੱਤਮ ਪ੍ਰਦਰਸ਼ਨ ਕਰਦਿਆਂ ਆਪਣੀ ਲਗਨ ਅਤੇ ਯੋਗਤਾ ਦਾ ਪ੍ਰਮਾਣ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਦੇ ਨਤੀਜੇ ਲਗਾਤਾਰ ਸ਼ਾਨਦਾਰ ਆ ਰਹੇ ਹਨ, ਜੋ ਕਿ ਇੱਥੇ ਪ੍ਰਦਾਨ ਕੀਤੀ ਜਾ ਰਹੀ ਉੱਚ ਦਰਜੇ ਦੀ ਸਿੱਖਿਆ ਅਤੇ ਸੁਚੱਜੀ ਅਗਵਾਈ ਦਾ ਸਪੱਸ਼ਟ ਪ੍ਰਗਟਾਵਾ ਹੈ।
ਅਧਿਆਪਕ ਵਰਗ ਵੱਲੋਂ ਵਿਦਿਆਰਥਣਾਂ ਨੂੰ ਲਗਾਤਾਰ ਅਕਾਦਮਿਕ ਮਾਰਗਦਰਸ਼ਨ, ਸਮੇਂ-ਸਿਰ ਦੁਹਰਾਈ ਅਤੇ ਪ੍ਰੇਰਕ ਵਾਤਾਵਰਣ ਪ੍ਰਦਾਨ ਕੀਤਾ ਜਾਂਦਾ ਹੈ, ਜਿਸ ਨਾਲ ਉਹ ਹਰ ਵਾਰ ਨਵੇਂ ਮਾਪਦੰਡ ਸਥਾਪਿਤ ਕਰ ਰਹੀਆਂ ਹਨ। ਇਸ ਮੌਕੇ ਪ੍ਰਿੰਸੀਪਲ ਡਾ. ਦਲਜੀਤ ਸਿੰਘ ਖਹਿਰਾ ਨੇ ਵਿਦਿਆਰਥਣਾਂ ਦੀ ਇਸ ਉਪਲਬਧੀ ’ਤੇ ਵਿਸ਼ੇਸ਼ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਕਾਲਜ ਹਮੇਸ਼ਾਂ ਹੀ ਗੁਣਵੱਤਾ ਭਰੀ ਸਿੱਖਿਆ, ਅਨੁਸ਼ਾਸਨ ਅਤੇ ਸਮਰਪਿਤ ਅਗਵਾਈ ਦੇ ਮੂਲ ਸਿਧਾਂਤਾਂ ’ਤੇ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਵਰਗ ਦੀ ਲਗਨ ਅਤੇ ਵਿਦਿਆਰਥਣਾਂ ਦੀ ਲਗਾਤਾਰ ਮਿਹਨਤ ਦੇ ਮਿਲੀਆਂ-ਜੁਲੀਆਂ ਕੋਸ਼ਿਸ਼ਾਂ ਨਾਲ ਹੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਸੰਭਵ ਹੋ ਸਕਦੇ ਹਨ। ਕਾਲਜ ਵਿੱਚ ਵਿਦਿਆਰਥਣਾਂ ਨੂੰ ਸਿਰਫ ਪਾਠਕ੍ਰਮ ਦੇ ਅਨੁਸਾਰ ਸਿੱਖਿਆ ਹੀ ਨਹੀਂ ਦਿੱਤੀ ਜਾਂਦੀ, ਸਗੋਂ ਨੈਤਿਕ ਮੁੱਲਾਂ, ਆਤਮਵਿਸ਼ਵਾਸ ਅਤੇ ਮੁਕਾਬਲੇਬਾਜ਼ੀ ਦੇ ਯੋਗ ਬਣਾਉਣ ਲਈ ਵੀ ਤਿਆਰ ਕੀਤਾ ਜਾਂਦਾ ਹੈ, ਤਾਂ ਜੋ ਉਹ ਭਵਿੱਖ ਵਿੱਚ ਹਰ ਖੇਤਰ ਵਿੱਚ ਸਫਲ ਹੋ ਸਕਣ। ਇਸ ਮੌਕੇ ਪ੍ਰੋ. ਪ੍ਰਭਜੋਤ ਕੌਰ ਅਤੇ ਪ੍ਰੋ. ਜੀਤਨ ਨੇ ਵਿਦਿਆਰਥਣਾਂ ਦੀ ਖੂਬ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਨਤੀਜੇ ਉਨ੍ਹਾਂ ਦੀ ਲਗਨ, ਅਨੁਸ਼ਾਸਨ ਅਤੇ ਦ੍ਰਿੜ ਨਿਸ਼ਚੇ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥਣਾਂ ਨੇ ਆਪਣੀ ਮਿਹਨਤ ਨਾਲ ਨਾ ਸਿਰਫ ਆਪਣੇ ਪਰਿਵਾਰ, ਸਗੋਂ ਕਾਲਜ ਦਾ ਨਾਮ ਵੀ ਉੱਚਾ ਕੀਤਾ ਹੈ ਅਤੇ ਇਹ ਉਪਲਬਧੀ ਹੋਰਨਾਂ ਲਈ ਪ੍ਰੇਰਨਾ ਦਾ ਸਰੋਤ ਬਣੇਗੀ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਵੱਲੋਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ ਗਈਆਂ।