ਸਰਕਾਰੀ ਸਕੂਲ ਭੰਡਾਲ ਦੋਨਾ ਦੇ ਬੱਚੇ ਸਨਮਾਨਿਤ
ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਭੰਡਾਲ ਦੋਨਾ ਦੇ ਪੰਜਵੀਂ ਜਮਾਤ ਵਿੱਚੋਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ
Publish Date: Mon, 14 Apr 2025 05:45 PM (IST)
Updated Date: Tue, 15 Apr 2025 04:01 AM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਸਿੱਧਵਾਂ ਦੋਨਾਂ : ਉੱਘੇ ਸਮਾਜ ਸੇਵਕ ਕਰਮ ਸਿੰਘ ਭੰਡਾਲ ਦੇ ਸਪੁੱਤਰ ਗੈਰੀ ਭੰਡਾਲ ਅਤੇ ਜਸਪਾਲ ਭੰਡਾਲ ਕੈਨੇਡਾ ਵੱਲੋਂ ਪਿੰਡ ਵਿਚ ਸਮੇਂ ਸਮੇਂ ’ਤੇ ਲੋੜਵੰਦ ਲੋਕਾਂ ਦੀ ਅਤੇ ਸਕੂਲ ਵਿਚ ਪੜ੍ਹਦੇ ਬੱਚਿਆਂ ਦੀ ਆਪਣੀ ਕਮਾਂ ਵਿਚੋਂ ਦਸਵੰਦ ਕੱਢ ਕੇ ਮਦਦ ਕੀਤੀ ਜਾਂਦੀ ਹੈ। ਪਿੰਡ ਦੇ ਵਿਕਾਸ ਕੰਮਾਂ ਵਿਚ ਵੀ ਇਹ ਪਰਿਵਾਰ ਸਮੇਂ ਸਮੇਂ ’ਤੇ ਵੱਧ ਚੜ੍ਹ ਕੇ ਸਹਿਯੋਗ ਪਾਉਂਦਾ ਰਹਿੰਦਾ ਹੈ । ਇਸੇ ਲੜ੍ਹੀ ਤਹਿਤ ਬੀਤੇ ਦਿਨੀਂ ਜ਼ਿਲ੍ਹੇ ਦੇ ਵਧੀਆ ਅਤੇ ਆਧੁਨਿਕ ਵਿੱਦਿਅਕ ਸਹੂਲਤਾਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲ ਭੰਡਾਲ ਦੋਨਾਂ ਦੀ ਪੰਜਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਵਿੱਚੋਂ 90 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪਿੰਡ ਦੇ ਪ੍ਰਵਾਸੀ ਭਾਰਤੀ ਜਸਪਾਲ ਸਿੰਘ (ਕੈਨੇਡਾ) ਵੱਲੋਂ ਇਨਾਮ ਦਿੱਤੇ ਗਏ। ਸਕੂਲ ਦੇ ਅਧਿਆਪਕ ਮੁਨੱਜ਼ਾ ਇਰਸ਼ਾਦ ਅਤੇ ਸੰਦੀਪ ਕੁਮਾਰ ਨੇ ਇਹ ਜਾਣਕਾਰੀ ਦਿੱਤੀ ਕਿ ਸ਼ਾਬਾਸ਼ੀ ਵਜੋਂ ਹਰ ਵਿਦਿਆਰਥੀ ਨੂੰ ਸਕੂਲ ਅਧਿਆਪਕਾਂ ਅਤੇ ਬੱਚਿਆਂ ਦੇ ਮਾਪਿਆਂ ਦੀ ਹਾਜ਼ਰੀ ਵਿੱਚ 500-500 ਰੁਪਏ ਇਨਾਮ ਵਜੋਂ ਦਿੱਤੇ ਗਏ । ਪਿੰਡ ਦੇ ਸਰਪੰਚ ਅਮਰਜੀਤ ਸਿੰਘ ਭੰਡਾਲ ਅਤੇ ਊਸ਼ਾ ਰਾਣੀ ਨੇ ਦੱਸਿਆ ਕਿ ਇਹ ਨਤੀਜੇ ਸਕੂਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਲਗਨ ਅਤੇ ਮਿਹਨਤ ਸਦਕਾ ਹੀ ਸੰਭਵ ਹੋਏ ਹਨ । ਉਹਨਾਂ ਨੇ ਆਖਿਆ ਕਿ ਅਜਿਹੀ ਪ੍ਰਾਪਤੀ ਉੱਤੇ ਦਿੱਤਾ ਗਿਆ ਇੱਕ ਛੋਟਾ ਜਿਹਾ ਇਨਾਮ ਵੀ ਇੱਕ ਹੋਣਹਾਰ ਵਿਦਿਆਰਥੀ ਲਈ ਬਹੁਤ ਹੱਲਾਸ਼ੇਰੀ ਦਾ ਕੰਮ ਕਰਦਾ ਹੈ । ਜ਼ਿਕਰਯੋਗ ਹੈ ਕਿ ਪਹਿਲਾਂ ਵੀ ਇਸ ਸਕੂਲ ਦੇ ਵਿਕਾਸ ਲਈ ਜਸਪਾਲ ਸਿੰਘ ਅਤੇ ਉਹਨਾਂ ਦੇ ਪਿਤਾ ਕਰਮ ਸਿੰਘ ਭੰਡਾਲ ਵੱਲੋਂ ਮਾਲੀ ਸਹਾਇਤਾ ਦਿੱਤੀ ਜਾਂਦੀ ਰਹੀ ਹੈ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸਕੂਲ ਨੂੰ ਹਰ ਤਰ੍ਹਾਂ ਦਾ ਸੰਭਵ ਸਹਿਯੋਗ ਦੇਣ ਲਈ ਵਚਨਬੱਧ ਹਨ । ਇਸ ਮੌਕੇ ਸਕੂਲ ਅਧਿਆਪਕ, ਸਕੂਲ ਮੈਨੇਜਮੈਂਟ ਕਮੇਟੀ ਮੈਂਬਰ, ਗ੍ਰਾਮ ਪੰਚਾਇਤ ਮੈਂਬਰ, ਪੰਜਵੀਂ ਜਮਾਤ ਦੇ ਬੱਚਿਆਂ ਦੇ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।