ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਡੇਗੀ
ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਧਰਤੀ ਤੇ ਵਿਛਾਈ
Publish Date: Mon, 16 Mar 2026 09:05 PM (IST)
Updated Date: Mon, 16 Mar 2026 09:07 PM (IST)

ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਦੂਜੇ ਦਿਨ ਵੀ ਪਏ ਮੀਂਹ ਤੇ ਤੇਜ਼ ਹਵਾਵਾਂ ਨੇ ਕਣਕ ਦੀ ਫ਼ਸਲ ਨੂੰ ਬੁਰੀ ਤਰ੍ਹਾਂ ਝੰਬਦਿਆਂ ਧਰਤੀ ’ਤੇ ਵਿਛਾ ਦਿੱਤਾ ਹੈ, ਜਿਸ ਨਾਲ 4 ਤੋਂ 5 ਕੁਵਿੰਟਲ ਪ੍ਰਤੀ ਏਕੜ ਝਾੜ ਘਟਣ ਦਾ ਖਦਸ਼ਾ ਪੈਦਾ ਹੋ ਗਿਆ ਹੈ। ਬੀਤੀ ਸ਼ਾਮ ਮੀਂਹ ਤੇ ਰਾਤ ਸਮੇਂ ਚੱਲੀਆਂ ਤੇਜ਼ ਹਵਾਵਾਂ ਨੇ ਮੌਸਮ ਵਿਚ ਭਾਰੀ ਠੰਢਕ ਲੈ ਆਉਂਦੀ। ਇਸੇ ਤਰ੍ਹਾਂ ਅੱਜ ਦਿਨ ਸਮੇਂ ਸੁਲਤਾਨਪੁਰ ਲੋਧੀ ਤੇ ਇਸ ਦੇ ਆਸ-ਪਾਸ ਇਲਾਕਿਆਂ ਵਿਚ ਗੜੇਮਾਰੀ ਵੀ ਹੋਈ ਪਰ ਇਸ ਨਾਲ ਫਸਲਾਂ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਪ੍ਰਾਪਤ ਨਹੀਂ ਹੋਈ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ, ਅਮਰਜੀਤ ਸਿੰਘ ਟਿੱਬਾ, ਬਲਵੰਤ ਸਿੰਘ, ਸਾਬੀ ਭੋਰੂਵਾਲ, ਹਰਵਿੰਦਰ ਸਿੰਘ ਟੁਰਨਾ ਆਦਿ ਨੇ ਦੱਸਿਆ ਕਿ ਵੱਖ-ਵੱਖ ਦਿਸ਼ਾਵਾਂ ਤੋਂ ਚੱਲੀਆਂ ਤੇਜ਼ ਹਵਾਵਾਂ ਨੇ ਕਣਕ ਦੇ ਬੂਟਿਆਂ ਨੂੰ ਬੁਰੀ ਤਰ੍ਹਾਂ ਝੰਬਿਆ ਹੈ, ਜਿਸ ਨਾਲ ਦਾਣਾ ਕਮਜ਼ੋਰ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਕਣਕ ਦੀ ਫ਼ਸਲ ਧਰਤੀ ਤੇ ਵਿਛ ਗਈ ਹੈ, ਇਸ ਦੀ ਕਟਾਈ ਕਰਨੀ ਔਖੀ ਹੋ ਜਾਵੇਗੀ। ਉੱਧਰ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਦੱਸਿਆ ਕਿ ਮੀਂਹ ਤੇ ਤੇਜ਼ ਹਵਾਵਾਂ ਨਾਲ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਉੱਧਰ ਦੁਪਹਿਰ ਵੇਲੇ ਡਡਵਿੰਡੀ, ਹੈਬਤਪੁਰ, ਕਬੀਰਪੁਰ, ਆਹਲੀ ਕਲਾਂ ਵਿਚ ਗੜੇਮਾਰੀ ਹੋਣ ਦੀ ਜਾਣਕਾਰੀ ਮਿਲੀ ਹੈ। ਉੱਧਰ ਸੰਯੁਕਤ ਕਿਸਾਨ ਮੋਰਚੇ ਦੇ ਕਨਵੀਨਰ ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਸਟਰ ਸੁੱਚਾ ਸਿੰਘ ਮਿਰਜ਼ਾਪੁਰ, ਮਾਸਟਰ ਚਰਨ ਸਿੰਘ ਹੈਬਤਪੁਰ, ਜਥੇਦਾਰ ਪਰਮਜੀਤ ਸਿੰਘ ਪੱਸਣ ਆਦਿ ਨੇ ਮੰਗ ਕੀਤੀ ਹੈ ਕਿ ਮੌਸਮ ਦੀ ਕਰੋਪੀ ਨਾਲ ਕਣਕ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇ ਤੇ ਇਸ ਦਾ ਮੁਆਵਜ਼ਾ ਦਿੱਤਾ ਜਾਵੇ।