ਸੁਰੱਖਿਆ ਤੇ ਸਫ਼ਾਈ ਵਿਵਸਥਾ ਦੇ ਕੀਤੇ ਜਾਣ ਪੁਖ਼ਤਾ ਪ੍ਰਬੰਧ : ਸ਼ਿਵ ਸੈਨਾ
ਮਾਤਾ ਭੱਦਰਕਾਲੀ ਮੇਲੇ ਤੇ ਸਖ਼ਤ ਸੁਰੱਖਿਆ ਅਤੇ ਸਫਾਈ ਵਿਵਸਥਾ ਦੇ ਕੀਤੇ ਜਾਣ ਪ੍ਰਬੰਧ-ਸ਼ਿਵ ਸੈਨਾ
Publish Date: Fri, 08 May 2026 07:54 PM (IST)
Updated Date: Fri, 08 May 2026 07:56 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਵੱਲੋਂ ਮਾਤਾ ਭੱਦਰਕਾਲੀ ਦੇ 79ਵੇਂ ਇਤਿਹਾਸਕ ਮੇਲੇ ਦੇ ਸਬੰਧ ਵਿਚ ਸ਼ੋਭਾ ਯਾਤਰਾ ਦੌਰਾਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮਾਂ ਦੀ ਸ਼ਲਾਘਾ ਕਰਦੇ ਹੋਏ ਸ਼ਿਵ ਸੈਨਾ ਊਧਵ ਬਾਲਾ ਸਾਹਿਬ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ ਨੇ ਮੰਗ ਕੀਤੀ ਕਿ ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ੋਭਾ ਯਾਤਰਾ ਦੌਰਾਨ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ, ਬਹੁਤ ਸਾਰੇ ਸ਼ਰਾਬ ਠੇਕੇਦਾਰ ਪ੍ਰਸ਼ਾਸਨ ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕਰਦੇ ਹਨ। ਕਾਲੀਆ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ 12 ਤੇ 13 ਮਈ ਨੂੰ ਸ਼ੇਖੂਪੁਰ ਵਿਚ ਆਯੋਜਿਤ ਕੀਤੇ ਜਾ ਰਹੇ ਮਾਤਾ ਭਦਰਕਾਲੀ ਦੇ 79ਵੇਂ ਇਤਿਹਾਸਕ ਮੇਲੇ ਲਈ ਸੁਰੱਖਿਆ, ਸਫਾਈ, ਬਿਜਲੀ ਤੇ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕਰੇ। ਇਹ ਮੇਲਾ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈdਲਫੇਅਰ ਸੋਸਾਇਟੀ ਦੇ ਪ੍ਰਧਾਨ ਪਰਸ਼ੋਤਮ ਪਾਸੀ, ਚੇਅਰਮੈਨ ਰਾਧੇ ਸ਼ਾਮ ਸ਼ਰਮਾ ਤੇ ਸਮੁੱਚੀ ਮੰਦਿਰ ਕਮੇਟੀ ਦੀ ਅਨੁਸ਼ਾਸਿਤ ਨਿਗਰਾਨੀ ਹੇਠ ਲਗਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਸ਼ਾਲ ਸ਼ੋਭਾ ਯਾਤਰਾ ਤੇ ਮੇਲੇ ਦੀ ਸੁਰੱਖਿਅਤ, ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਫਲਤਾ ਲਈ ਦੇਸ਼ ਵਿਰੋਧੀ ਅਤੇ ਸਮਾਜਿਕ ਤੱਤਾਂ, ਖਾਸ ਕਰਕੇ ਜੇਬ ਕਤਰਿਆਂ ਨੂੰ ਰੋਕਣ ਲਈ ਇਕ ਸੁਚੱਜੇ ਢੰਗ ਨਾਲ ਸੰਗਠਿਤ ਸੁਰੱਖਿਆ ਤੇ ਟ੍ਰੈਫਿਕ ਪ੍ਰਣਾਲੀ ਦਾ ਹੋਣਾ ਜ਼ਰੂਰੀ ਹੈ। ਕਾਲੀਆ ਨੇ ਟ੍ਰੈਫਿਕ ਪੁਲਿਸ ਨੂੰ ਵੀ ਵਿਸ਼ੇਸ਼ ਅਪੀਲ ਕੀਤੀ ਕਿ ਮੇਲੇ ਤੇ ਵਿਸ਼ਾਲ ਸ਼ੋਭਾ ਯਾਤਰਾ ਵਾਲੇ ਦਿਨ ਸੁਲਤਾਨਪੁਰ ਲੋਧੀ ਰੋਡ ਤੇ ਪੁਲਿਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੁਲਿਸ ਚੌਕਸ ਤੇ ਸੁਚੇਤ ਰਹੇ ਤੇ ਸੁਲਤਾਨਪੁਰ ਲੋਧੀ ਰੋਡ ’ਤੇ ਦੋ ਦਿਨਾਂ ਲਈ ਭਾਰੀ ਵਾਹਨਾਂ ਦੇ ਦਾਖਲੇ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਵੇ ਤਾਂ ਜੋ ਮਾਤਾ ਦੇ ਸ਼ਰਧਾਲੂਆਂ ਨੂੰ ਆਉਣ-ਜਾਣ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਕਾਲੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੋਸਾਇਟੀ ਤੇ ਜ਼ਿਲ੍ਹਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਸ਼ੋਭਾ ਯਾਤਰਾ ਤੇ ਮੇਲੇ ਦੀ ਸ਼ਾਨ ਵਧਾਉਣ ਤੇ ਇਸਨੂੰ ਯਾਦਗਾਰੀ ਬਣਾਉਣ ਲਈ ਪੂਰਾ ਸਹਿਯੋਗ ਦੇਣ।