ਦੇਸ਼ ਦੀ ਲੀਡਰਸ਼ਿਪ ਦਾ ਚੰਗਾ ਹੋਣਾ ਜ਼ਰੂਰੀ : ਗੁਰਸਿਮਰ ਸਿੰਘ
ਨੌਜਵਾਨਾ ਨੂੰ ਨਸ਼ਿਆ ਤੋਂ ਬਚਾਉਣ ਲਈ ਪੂਰੀ ਤਰਾ ਯਤਨਸ਼ੀਲ਼ ਅੇਸੳਆਈ, ਪ੍ਰਧਾਨ ਗੁਰਸਿਮਰ ਸਿੰਘ ਦਾ ਬਿਆਨ
Publish Date: Sun, 03 May 2026 07:40 PM (IST)
Updated Date: Sun, 03 May 2026 07:41 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਫਗਵਾੜਾ ਦੇ ਪ੍ਰਧਾਨ ਤੇ ਐੱਸਓਆਈ ਦੇ ਫਗਵਾੜਾ ਇੰਚਾਰਜ ਗੁਰਸਿਮਰ ਸਿੰਘ ਨੇ ਆਪਣੇ ਤਾਜ਼ਾ ਬਿਆਨ ਵਿਚ ਰਾਜ ਦੀ ਮੌਜੂਦਾ ਲੀਡਰਸ਼ਿਪ ‘ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਸੱਤਾ ਦੇ ਸਿਖਰ ‘ਤੇ ਬੈਠੇ ਨੇਤਾ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਾ ਲੈਣ, ਤਾਂ ਉਹ ਨੌਜਵਾਨਾਂ ਨੂੰ ਸਹੀ ਦਿਸ਼ਾ ਨਹੀਂ ਦੇ ਸਕਦੇ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਤੇ ਵਿਹਾਰ ਬਾਰੇ ਉੱਠ ਰਹੇ ਸਵਾਲ ਨੌਜਵਾਨ ਵਰਗ ਵਿਚ ਗਲਤ ਸੰਦੇਸ਼ ਭੇਜ ਰਹੇ ਹਨ। ਗੁਰਸਿਮਰ ਸਿੰਘ ਨੇ ਕਿਹਾ ਕਿ ਨੌਜਵਾਨ ਦੇਸ਼ ਦਾ ਭਵਿੱਖ ਹਨ ਤੇ ਉਨ੍ਹਾਂ ਨੂੰ ਪ੍ਰੇਰਿਤ ਕਰਨ ਲਈ ਲੀਡਰਸ਼ਿਪ ਦਾ ਚੰਗਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਦੇ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ ਤੇ ਨਸ਼ਿਆਂ ਵਰਗੀਆਂ ਸਮੱਸਿਆਵਾਂ ਤੋਂ ਸਮਾਜ ਨੂੰ ਬਚਾਉਣ ਲਈ ਮਜ਼ਬੂਤ ਕਦਮ ਚੁੱਕਣੇ ਚਾਹੀਦੇ ਹਨ ਪਰ ਜੇਕਰ ਸੂਬੇ ਦਾ ਮੁਖੀ ਹੀ ਸ਼ਰਾਬ ਵਿਚ ਡੁੱਬਿਆ ਰਹੇਗਾ ਤਾ ਨੌਜਵਾਨਾਂ ਵਿਚ ਕੀ ਸੰਦੇਸ਼ ਜਾਵੇਗਾ। ਉਨ੍ਹਾਂ ਨੇ ਮੰਗ ਕੀਤੀ ਕਿ ਜ਼ਿੰਮੇਵਾਰ ਅਹੁਦਿਆਂ ‘ਤੇ ਬੈਠੇ ਲੋਕ ਆਪਣੇ ਆਚਰਨ ਨਾਲ ਇਕ ਚੰਗੀ ਮਿਸਾਲ ਕਾਇਮ ਕਰਨ। ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਐੱਸਓਆਈ ਦੇ ਪ੍ਰਧਾਨ ਗੁਰਸਿਮਰ ਸਿੰਘ ਨੇ ਕਿਹਾ ਹੈ ਕਿ ਐੱਸਓਆਈ ਹਮੇਸ਼ਾ ਪੰਥਕ ਸਿਧਾਂਤਾਂ ‘ਤੇ ਡੱਟ ਕੇ ਪਹਿਰਾ ਦੇਵੇਗੀ ਤੇ ਸਿੱਖੀ ਮੁੱਲਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣਾ ਸਭ ਤੋਂ ਵੱਡੀ ਚੁਣੌਤੀ ਹੈ, ਜਿਸ ਲਈ ਐੱਸਓਆਈ ਵੱਲੋਂ ਵੱਖ-ਵੱਖ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ। ਗੁਰਸਿਮਰ ਸਿੰਘ ਨੇ ਦੱਸਿਆ ਕਿ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸੈਮੀਨਾਰ ਤੇ ਵਰਕਸ਼ਾਪ ਕਰਵਾ ਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਹੋਰ ਕਿਹਾ ਕਿ ਐੱਸਓਆਈ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨਾ ਅਤੇ ਸਮਾਜ ਵਿਚ ਚੰਗੀਆਂ ਕਦਰਾਂ-ਕੀਮਤਾਂ ਨੂੰ ਪ੍ਰਮੋਟ ਕਰਨਾ ਹੈ। ਅਖੀਰ ‘ਚ ਗੁਰਸਿਮਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜਾਗਰੂਕ ਰਹਿਣ ਤੇ ਆਪਣੇ ਭਵਿੱਖ ਲਈ ਸਹੀ ਚੋਣ ਕਰਨ। ਇਸ ਮੌਕੇ ਪ੍ਰਧਾਨ ਗੁਰਸਿਮਰ ਸਿੰਘ, ਪ੍ਰਦੀਪ ਸਿੰਘ ,ਆਕਾਸ਼ਦੀਪ ਸਿੰਘ, ਵਿਸ਼ੂ ਘਈ, ਆਸ਼ੀਸ਼, ਸੁਖਦੀਪ ਸਿੰਘ, ਰਵਨੀਤ ਸਿੰਘ, ਰੋਹਿਤ ਪਾਲ, ਯਤਨ ਜੋਤ ਸਿੰਘ ਆਦਿ ਵੱਡੀ ਗਿਣਤੀ ਵਿਚ ਯੂਥ ਆਗੂ ਮੌਜੂਦ ਸਨ।