ਮਾਸਟਰ ਕੈਡਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ
ਮਾਸਟਰ ਕੈਡਰ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਆਯੋਜਿਤ
Publish Date: Mon, 25 May 2026 07:07 PM (IST)
Updated Date: Tue, 26 May 2026 04:10 AM (IST)

-ਪੈਂਡਿੰਗ ਡੀਏ ਤੇ ਪ੍ਰਮੋਸ਼ਨਾਂ ਜਲਦ ਕਰੇ ਸਰਕਾਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਕਪੂਰਥਲਾ : ਅਧਿਆਪਕ ਹਿੱਤਾਂ ਲਈ ਸੰਘਰਸ਼ਸ਼ੀਲ ਮਾਸਟਰ ਕਾਡਰ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਫਗਵਾੜਾ ਵਿਖੇ ਆਯੋਜਿਤ ਕੀਤੀ ਗਈ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਯੂਨੀਅਨ ਆਗੂਆਂ, ਫਾਊਂਡਰ ਮੈਂਬਰਾਂ ਅਤੇ ਜ਼ਿਲ੍ਹਾ ਪ੍ਰਤੀਨਿਧੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਮੀਟਿੰਗ ਦੌਰਾਨ ਵੱਖ ਵੱਖ ਆਗੂਆਂ ਨੇ ਸੰਬੋਧਨ ਕਰਦਿਆਂ ਅਧਿਆਪਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ’ਤੇ ਵਿਸਥਾਰਪੂਰਵਕ ਚਰਚਾ ਕਰਕੇ ਸਰਬ ਸੰਮਤੀ ਨਾਲ ਅਹਿਮ ਫੈਸਲੇ ਲਏ ਗਏ। ਮੀਟਿੰਗ ਦੌਰਾਨ ਮਾਨ ਸਰਕਾਰ ਦੀ ਮੁਲਾਜ਼ਮ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਮਾਸਟਰ ਕਾਡਰ ਤੋਂ ਲੈਕਚਰਾਰ ਅਤੇ ਮਾਸਟਰ ਕਾਡਰ ਤੋਂ ਹੈੱਡਮਾਸਟਰ ਦੀਆਂ ਪ੍ਰਮੋਸ਼ਨਾਂ ਜਲਦ ਤੋਂ ਜਲਦ ਕੀਤੀਆਂ ਜਾਣ। ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਪ੍ਰਮੋਸ਼ਨਾਂ ਰੁਕੀਆਂ ਹੋਣ ਕਾਰਨ ਅਧਿਆਪਕ ਵਰਗ ਵਿੱਚ ਨਿਰਾਸ਼ਾ ਦਾ ਮਾਹੌਲ ਹੈ ਅਤੇ ਸਕੂਲਾਂ ਵਿੱਚ ਬਹੁਤ ਸਾਰੀਆਂ ਅਸਾਮੀਆਂ ਖਾਲੀ ਪਈਆਂ ਹਨ। ਜੇਕਰ ਇਹ ਪ੍ਰਮੋਸ਼ਨਾਂ ਤੁਰੰਤ ਕੀਤੀਆਂ ਜਾਂਦੀਆਂ ਹਨ ਤਾਂ ਸਿੱਖਿਆ ਪ੍ਰਣਾਲੀ ਮਜ਼ਬੂਤ ਹੋਵੇਗੀ ਅਤੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਅਤੇ ਆਮ ਵਰਗ ਦੇ ਬੱਚਿਆਂ ਨੂੰ ਇਸਦਾ ਸਿੱਧਾ ਲਾਭ ਮਿਲੇਗਾ। ਮੀਟਿੰਗ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਡੀ.ਏ. ਸੰਬੰਧੀ ਆਏ ਫੈਸਲੇ ਦਾ ਵੀ ਸਵਾਗਤ ਕੀਤਾ ਗਿਆ । ਯੂਨੀਅਨ ਆਗੂਆਂ ਨੇ ਸਰਕਾਰ ਦੀ ਡੰਗ ਟਪਾਊ ਨੀਤੀਆਂ ਦੀ ਨਿਖੇਦੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਦਾ ਬਕਾਇਆ ਪੈਂਡਿੰਗ ਡੀ.ਏ. ਜਲਦੀ ਤੋਂ ਜਲਦੀ ਜਾਰੀ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ ਅਤੇ ਮੁਲਾਜ਼ਮ ਵਰਗ ਆਰਥਿਕ ਦਬਾਅ ਹੇਠ ਜੀਵਨ ਬਤੀਤ ਕਰ ਰਿਹਾ ਹੈ, ਇਸ ਲਈ ਸਰਕਾਰ ਨੂੰ ਤੁਰੰਤ ਮੁਲਾਜ਼ਮ ਪੱਖੀ ਫੈਸਲੇ ਕਰਨੇ ਚਾਹੀਦੇ ਹਨ। ਪੁਰਾਣੀ ਪੈਨਸ਼ਨ ਬਹਾਲੀ ਦੇ ਨੋਟੀਫਿਕੇਸ਼ਨ ਨੂੰ ਲਾਗੂ ਕਰਦਿਆਂ ਜਲਦ ਐਸਓਪੀ ਜਾਰੀ ਕੀਤਾ ਜਾਵੇ। ਏਸੀਪੀ ,ਪੇਂਡੂ ਭੱਤਾ ਅਤੇ 2.59 ਗੁਣਾਂਕ ਅਨੁਸਾਰ ਬਣਦੇ ਵਿੱਤੀ ਲਾਭ ਤੁਰੰਤ ਮੁਲਾਜ਼ਮਾਂ ਨੂੰ ਦਿੱਤੇ ਜਾਣ। ਆਗੂਆਂ ਨੇ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਲੰਮਾ ਖਿੱਚਿਆ ਜਾ ਰਿਹਾ ਹੈ, ਜਿਸ ਕਾਰਨ ਸਮੂਹ ਮੁਲਾਜ਼ਮ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਚੋਣਾਂ ਦੇ ਮਾਹੌਲ ਵਿੱਚ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਤਾਂ ਜੋ ਸਰਕਾਰੀ ਕਰਮਚਾਰੀਆਂ ਵਿੱਚ ਬਣੀ ਨਿਰਾਸ਼ਾ ਨੂੰ ਦੂਰ ਕੀਤਾ ਜਾ ਸਕੇ। ਮੀਟਿੰਗ ਵਿੱਚ ਫਾਊਂਡਰ ਮੈਂਬਰ ਅਤੇ ਯੂਨੀਅਨ ਆਗੂ ਗੁਰਿੰਦਰ ਜੀਤ ਸਿੰਘ ਮਜੀਠੀਆ, ਦਲਵਿੰਦਰਜੀਤ ਗੁਰਦਾਸਪੁਰ, ਵਸ਼ਿੰਗਟਨ ਸਿੰਘ ਅਤੇ ਪ੍ਰਭਜਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਯੂਨੀਅਨ ਦੀ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਮਾਸਟਰ ਕਾਡਰ ਦੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ। ਯੂਨੀਅਨ ਆਗੂਆਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਜੇਕਰ ਜਲਦ ਹੀ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤੀਬਰ ਕੀਤਾ ਜਾਵੇਗਾ। ਇਸ ਮੌਕੇ ਹਰਭਜਨ ਸਿੰਘ ਹੁਸ਼ਿਆਰਪੁਰ, ਜਗਜੀਤ ਸਿੰਘ ਲੁਧਿਆਣਾ, ਰਮਨ ਕੁਮਾਰ ਪਠਾਨਕੋਟ, ਹਰਪ੍ਰੀਤ ਖੁੰਡਾ, ਸੰਦੀਪ ਕਪੁਰਥਲਾ ਅਰਜਿੰਦਰ ਕਲੇਰ ਅੰਮ੍ਰਿਤਸਰ, ਗੁਰਮੇਜ ਕਲੇਰ, ਪ੍ਰਿਤਪਾਲ ਰਾਣਾ ਰੋਪੜ, ਕੁਲਵਿੰਦਰ ਕਾਜਲ, ਮਨਜਿੰਦਰ ਪਾਲ, ਰਾਕੇਸ਼ ਸ਼ਰਮਾ, ਮਹਿੰਦਰ ਸਿੰਘ ਰਾਣਾ, ਪਵਨ ਸ਼ਰਮਾ, ਅਰਜਨਜੀਤ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ, ਹਰਦੀਪ ਸਿੰਘ , ਪ੍ਰਭਜੋਤ ਸਿੰਘ, ਰਾਜਵਿੰਦਰ ਸਿੰਘ, ਭੁਪਿੰਦਰ ਸਿੰਘ, ਭਵਨ ਸਿੰਘ ਸੈਣੀ, ਸੰਜੀਵ ਕੁਮਾਰ, ਜਸਪ੍ਰੀਤ ਸਿੰਘ, ਗੁਰਜੀਤ ਸਿੰਘ, ਦੀਪਕ ਕੁਮਾਰ, ਬਿਪਨ ਸੋਨੀ, ਵਿਨੋਦ ਕੁਮਾਰ ਆਦਿ ਹਾਜ਼ਰ ਸਨ।