7 ਪਿੰਡਾਂ ’ਚ ਆਧੁਨਿਕ ਜਿਮ ਦਾ ਸਮਾਨ ਦਿੱਤਾ
7 ਪਿੰਡਾਂ ਵਿੱਚ ਆਧੁਨਿਕ ਜਿੰਮ ਦਾ ਸਮਾਨ ਦੇਣ ਦੀ ਸ਼ੁਰੂਆਤ ਕੀਤੀ
Publish Date: Sat, 02 May 2026 10:02 PM (IST)
Updated Date: Sat, 02 May 2026 10:02 PM (IST)

ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਸੁਲਤਾਨਪੁਰ ਲੋਧੀ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਵੱਲੋਂ ਇਕ ਮਹੱਤਵਪੂਰਨ ਪਹਿਲ ਕੀਤੀ ਗਈ ਹੈ। ਇਸ ਮੌਕੇ ਹਲਕਾ ਯੂਥ ਪ੍ਰਧਾਨ ਮਲਕੀਤ ਸਿੰਘ ਬੂੜੇਵਾਲ ਵੱਲੋਂ ਹਲਕੇ ਦੇ 7 ਪਿੰਡਾਂ ਵਿਚ ਆਧੁਨਿਕ ਜਿਮ ਦਾ ਸਮਾਨ ਮੁਹੱਈਆ ਕਰਵਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਦੀ ਰਸਮੀ ਸ਼ੁਰੂਆਤ ਪਿੰਡ ਰਾਮਪੁਰ ਜਗੀਰ ਤੋਂ ਹੋਈ। ਇਸ ਮੌਕੇ ਸੰਬੋਧਨ ਕਰਦਿਆਂ ਯੂਥ ਵਿੰਗ ਦੇ ਪ੍ਰਧਾਨ ਮਲਕੀਤ ਸਿੰਘ ਬੂੜੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਦੀ ਭਲਾਈ ਲਈ ਵਚਨਬੱਧ ਹੈ ਤੇ ਉਨ੍ਹਾਂ ਨੂੰ ਨਸ਼ਿਆਂ ਦੀ ਲਪੇਟ ਤੋਂ ਬਚਾ ਕੇ ਖੇਡਾਂ ਤੇ ਸਿਹਤਮੰਦ ਜੀਵਨ ਵੱਲ ਮੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ‘ਤੇ ਜਿਮ ਸਹੂਲਤਾਂ ਉਪਲਬਧ ਹੋਣ ਨਾਲ ਨੌਜਵਾਨਾਂ ਨੂੰ ਆਪਣੇ ਪਿੰਡਾਂ ਵਿਚ ਹੀ ਫਿਟਨੈੱਸ ਦੇ ਮੌਕੇ ਮਿਲਣਗੇ, ਜਿਸ ਨਾਲ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਵਿਚ ਸੁਧਾਰ ਆਵੇਗਾ। ਉਨ੍ਹਾਂ ਦੱਸਿਆ ਕਿ ਇਹ ਉਪਰਾਲਾ ਸਿਰਫ਼ ਸਹੂਲਤਾਂ ਦੇਣ ਤੱਕ ਸੀਮਿਤ ਨਹੀਂ, ਸਗੋਂ ਨੌਜਵਾਨ ਪੀੜ੍ਹੀ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣ ਦਾ ਇਕ ਯਤਨ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਖੇਡਾਂ ਤੇ ਜਿਮ ਗਤੀਵਿਧੀਆਂ ਨਾਲ ਜੁੜ ਕੇ ਆਪਣੇ ਤੇ ਸਮਾਜ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ। ਮਲਕੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀਆਂ ਲੋਕ-ਹਿਤੈਸ਼ੀ ਯੋਜਨਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਜ਼ਮੀਨੀ ਪੱਧਰ ’ਤੇ ਪੂਰੇ ਹੋ ਰਹੇ ਹਨ। ਇਸ ਮੌਕੇ ਪਿੰਡ ਰਾਮਪੁਰ ਜਗੀਰ ਦੇ ਸਰਪੰਚ ਅਜੈਬ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਪਿੰਡਾਂ ਦੇ ਵਿਕਾਸ ਤੇ ਨੌਜਵਾਨਾਂ ਦੇ ਭਵਿੱਖ ਲਈ ਬਹੁਤ ਹੀ ਲਾਭਕਾਰੀ ਸਾਬਤ ਹੋਣਗੇ। ਇਸ ਮੌਕੇ ਸਰਪੰਚ ਅਜੈਬ ਸਿੰਘ ਰਾਮਪੁਰ ਜਗੀਰ, ਕਬੱਡੀ ਕੋਚ ਅਮਰਜੀਤ ਕੌਰ, ਕੋਚ ਸੁਰਜੀਤ ਸਿੰਘ, ਕੋਚ ਅਮਨ, ਸੌਰਵ ਰਾਜਪੂਤ ਤੇ ਵੱਡੀ ਗਿਣਤੀ ’ਚ ਪਿੰਡ ਦੇ ਨੌਜਵਾਨ ਮੌਜੂਦ ਸਨ।