ਤਿਉਹਾਰਾਂ ਦੇ ਮੌਸਮ ਦੌਰਾਨ
ਤਿਉਹਾਰਾਂ ਦੇ ਮੌਸਮ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਫੋਰਸ ਨੂੰ ਸੁਚੇਤ ਤੇ ਹਰ ਵੇਲੇ ਤਿਆਰ ਰਹਿਣ ਦੇ ਹੁਕਮ
ਅਮਿਤ ਓਹਰੀ, ਪੰਜਾਬੀ ਜਾਗਰਣ, ਫਗਵਾੜਾ : ਪੰਜਾਬ ਸਰਕਾਰ ਵੱਲੋਂ ਰਾਜ ’ਚ ਵੱਧ ਰਹੇ ਗੈਂਗਸਟਰਵਾਦ ਤੇ ਗੁੰਡਾ ਅਨਸਰਾਂ ਦੇ ਖਾਤਮੇ ਲਈ ਵੱਡਾ ਕਦਮ ਚੁੱਕਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਆਮ ਲੋਕਾਂ ਨੂੰ ਸੁਰੱਖਿਆ ਦਾ ਭਰੋਸਾ ਦਿੰਦਿਆਂ ਸਿੱਧੀ ਸ਼ਿਕਾਇਤ ਲਈ ਹੈਲਪਲਾਈਨ ਨੰਬਰ 1800-330-1100 ਜਾਰੀ ਕੀਤਾ ਹੈ। ਇਸ ਨੰਬਰ 'ਤੇ ਕੋਈ ਵੀ ਵਿਅਕਤੀ ਗੈਂਗਸਟਰਾਂ, ਗੁੰਡਾ ਤੱਤਾਂ ਜਾਂ ਜਬਰਦਸਤੀ ਵਸੂਲੀ ਸਬੰਧੀ ਤੁਰੰਤ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ (ਆਈਪੀਐੱਸ) ਨੇ ਸੰਦੇਸ਼ ਜਾਰੀ ਕਰਕੇ ਕਿਹਾ ਕਿ ਜੇਕਰ ਕੋਈ ਗੈਂਗਸਟਰ ਜਾਂ ਅਪਰਾਧੀ ਕਿਸਮ ਦੇ ਲੋਕ ਤੁਹਾਨੂੰ ਡਰਾਉਣ, ਧਮਕਾਉਣ ਜਾਂ ਜਬਰਦਸਤੀ ਵਸੂਲੀ ਕਰਦੇ ਹਨ ਤਾਂ ਤੁਸੀਂ ਸਿੱਧਾ ਉੱਪਰੋਕਤ ਨੰਬਰ 'ਤੇ ਸੰਪਰਕ ਕਰਕੇ ਰਿਪੋਰਟ ਕਰ ਸਕਦੇ ਹੋ। ਐੱਸਐੱਸਪੀ ਨੇ ਲੋਕਾਂ ਨੂੰ ਭਰੋਸਾ ਦਵਾਇਆ ਹੈ ਕਿ ਇਸ ਹੈਲਪਲਾਈਨ 'ਤੇ ਦਿੱਤੀ ਜਾਣ ਵਾਲੀ ਹਰ ਜਾਣਕਾਰੀ ਨੂੰ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਨੰਬਰ ਸੇਵ ਕਰ ਲੈਣ ਤੇ ਕਿਸੇ ਵੀ ਡਰ ਜਾਂ ਝਿਝਕ ਤੋਂ ਬਿਨਾਂ ਅਜਿਹੀਆਂ ਘਟਨਾਵਾਂ ਦੀ ਰਿਪੋਰਟ ਕਰਨ।
ਉਨ੍ਹਾਂ ਕਿਹਾ ਕਿ ਕਿਸੇ ਵੀ ਕਿਸਮ ਦੀ ਧਮਕੀ ਜਾਂ ਵਸੂਲੀ ਹੋਣ ਦੀ ਸਥਿਤੀ ’ਚ ਬਿਲਕੁਲ ਨਾ ਡਰੋ ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਡੀਜੀਪੀ ਗੌਰਵ ਯਾਦਵ ਦੇ ਹੁਕਮਾਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਸਾਰੇ ਜੀਓ ਰੈਂਕ ਵਾਲੇ ਅਧਿਕਾਰੀਆਂ ਨੂੰ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਤੱਤਾਂ ਨਾਲ ਨਿਡਰ ਹੋ ਕੇ ਨਿਪਟਣ ਦੇ ਹੁਕਮ ਦਿੱਤੇ ਗਏ ਹਨ। ਇਸ ਸੰਬੰਧੀ ਕਾਂਸਟੇਬਲ ਤੋਂ ਲੈ ਕੇ ਹਰੇਕ ਅਧਿਕਾਰੀ ਦੀ ਜ਼ਿੰਮੇਵਾਰੀ ਨਿਰਧਾਰਤ ਕੀਤੀ ਜਾਵੇਗੀ ਤੇ ਗੈਂਗਸਟਰ ਜਾਂ ਨਸ਼ਿਆਂ ਸਬੰਧੀ ਮਾਮਲਿਆਂ ’ਚ ਕੋਈ ਵੀ ਢਿਲਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਹੇਠ ਜ਼ਿਲ੍ਹੇ ’ਚ ਕੀਤੇ ਜਾ ਰਹੇ ਸਰਾਹਣਯੋਗ ਕੰਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵੱਡੇ ਪੱਧਰ ਤੇ ਨਸ਼ਿਆਂ ਦੇ ਕਾਰੋਬਾਰ ਦੇ ਸਰੋਤਾਂ ਦੀ ਪਛਾਣ ਕਰਨ ਤੇ "ਵੱਡੀਆਂ ਮੱਛੀਆਂ" ਤੱਕ ਪਹੁੰਚਣ ਲਈ ਪੇਸ਼ੇਵਰ ਜਾਂਚ ਦੀ ਲੋੜ ਉੱਤੇ ਜ਼ੋਰ ਦਿੱਤਾ। ਐੱਸਐੱਸਪੀ ਨੇ ਕਿਹਾ ਕਿ ਨਸ਼ਾ ਸਪਲਾਇਰਾਂ ਤੋਂ ਜ਼ਬਤ ਕੀਤੇ ਗਏ ਮੋਬਾਈਲ ਫੋਨਾਂ ਨੂੰ ਫੌਰੇਂਸਿਕ ਜਾਂਚ ਲਈ ਭੇਜਿਆ ਜਾਵੇ, ਤਾਂ ਜੋ ਸਾਰੇ ਨੈਟਵਰਕ ਦਾ ਪਰਦਾਫਾਸ਼ ਹੋ ਸਕੇ ਅਤੇ ਅੱਗੇ ਹੋਰ ਗ੍ਰਿਫਤਾਰੀਆਂ ਕੀਤੀਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਜਨਤਾ ਤੋਂ ਮਿਲੀ ਸੂਚਨਾ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਐੱਸਐੱਚਓਜ਼ ਤੇ ਹੋਰ ਸੀਨੀਅਰ ਅਧਿਕਾਰੀਆਂ ਨੂੰ ਤਿਉਹਾਰਾਂ ਦੇ ਮੌਸਮ (2025) ਦੌਰਾਨ ਅਮਨ, ਭਾਈਚਾਰੇ ਅਤੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਵਧਾਨ ਤੇ ਵਚਨਬੱਧ ਰਹਿਣ ਦੇ ਹੁਕਮ ਦਿੱਤੇ ਗਏ ਹਨ। ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਮੁੱਖ ਉਦੇਸ਼ ਜਨਤਾ ਨੂੰ ਇਨਸਾਫ਼ ਦਿਵਾਉਣਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਦਫ਼ਤਰਾਂ 'ਚ ਮੌਜੂਦ ਰਹਿਣ, ਨਾਗਰਿਕਾਂ ਨਾਲ ਮਿਲਣ, ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਣ ਅਤੇ ਫ਼ੋਨ ਕਾਲਾਂ ਦਾ ਜਵਾਬ ਦੇਣ ਦੀ ਸਲਾਹ ਦਿੱਤੀ।
ਇਸ ਹੈਲਪਲਾਈਨ ਤੋਂ ਕੀ ਮਿਲੇਗਾ?
ਗੈਂਗਸਟਰ ਜਾਂ ਗੁੰਡਾ ਤੱਤ ਧਮਕਾ ਰਹੇ ਹਨ।
ਕੋਈ ਜਬਰਦਸਤੀ ਵਸੂਲੀ ਕਰ ਰਿਹਾ ਹੈ।
ਕਿਸੇ ਅਪਰਾਧਿਕ ਗਰੁੱਪ ਤੋਂ ਡਰ ਲੱਗ ਰਿਹਾ ਹੈ।
ਤੁਰੰਤ 1800-330-1100 ਡਾਇਲ ਕਰੋ ਅਤੇ ਸਿੱਧਾ ਪੁਲਿਸ ਨੂੰ ਜਾਣਕਾਰੀ ਦਿਓ।