ਐੱਸਐੱਸਪੀ ਤੇ ਐੱਸਐਚਓ ਸਿਟੀ ਨੇ ਨਸ਼ਿਆਂ ਖਿਲਾਫ ਮੁਹਿੰਮ ਨੂੰ ਦਿੱਤੀ ਨਵੀਂ ਦਿਸ਼ਾ
ਐੱਸਐੱਸਪੀ ਤੇ ਐੱਸਐਚਓ ਸਿਟੀ ਨੇ ਨਸ਼ਿਆਂ ਖਿਲਾਫ ਮੁਹਿੰਮ ਨੂੰ ਦਿੱਤੀ ਨਵੀਂ ਦਿਸ਼ਾ-ਕਸ਼ਯਪ/ਡਾ.ਮਹਿੰਦਰ/ਸ਼ਰਮਾ
Publish Date: Fri, 08 May 2026 09:44 PM (IST)
Updated Date: Fri, 08 May 2026 09:47 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਸ਼ਿੰਦੇ ਗਰੁੱਪ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੁਕੇਸ਼ ਕਸ਼ਯਪ, ਸ਼ਿਵ ਸੈਨਾ ਨੇਤਾ ਐਡਵੋਕੇਟ ਰਵਿਕਾਂਤ ਸ਼ਰਮਾ ਤੇ ਸ਼ਿਵ ਸੈਨਾ ਨੇਤਾ ਡਾ. ਮਹਿੰਦਰ ਸਿੰਘ ਨੇ ਐੱਸਐੱਸਪੀ ਕਪੂਰਥਲਾ ਗੌਰਵ ਤੂਰਾ ਤੇ ਐੱਸਐੱਚਓ ਸਿਟੀ ਅਮਨਦੀਪ ਨਾਹਰ ਦੀ ਕਾਰਗੁਜ਼ਾਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਹਲਕੇ ਵਿਚ ਨਸ਼ਿਆਂ ਖਿਲਾਫ ਚੱਲ ਰਹੀ ਕਾਰਵਾਈ ਨੇ ਲੋਕਾਂ ਵਿਚ ਨਵਾਂ ਭਰੋਸਾ ਪੈਦਾ ਕੀਤਾ ਹੈ। ਉਨ੍ਹਾਂ ਕਿਹਾ ਕਿ ਐੱਸਐੱਸਪੀ ਤੇ ਐੱਸਐੱਚਓ ਸਿਟੀ ਨੇ ਆਪਣੇ ਫਰਜ਼ ਪ੍ਰਤੀ ਵਚਨਬੱਧਤਾ ਦਿਖਾਉਂਦਿਆਂ ਨਸ਼ਾ ਸਮੱਗਲਰਾਂ ਖਿਲਾਫ ਵੱਡੇ ਪੱਧਰ ’ਤੇ ਕਾਰਵਾਈ ਕਰ ਕੇ ਇਲਾਕੇ ਵਿਚ ਕਾਬੂ ਪਾਉਣ ਲਈ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਲਈ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ ਤੇ ਇਸ ਸਮੱਸਿਆ ਨਾਲ ਨਜਿੱਠਣ ਲਈ ਸਖਤ ਤੇ ਇਮਾਨਦਾਰ ਪੁਲਸ ਪ੍ਰਸ਼ਾਸਨ ਦੀ ਬਹੁਤ ਲੋੜ ਹੁੰਦੀ ਹੈ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਨਸ਼ਾ ਸਮਾਜ ਦੇ ਰਹਿਣ ਸਹਿਣ, ਸ਼ਾਂਤੀ ਤੇ ਸੁਰੱਖਿਆ ਵਿਚ ਖ਼ਤਰਾ ਬਣ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਨੌਜਵਾਨ ਪੀੜ੍ਹੀ ਲਈ ਸਭ ਤੋਂ ਵੱਡਾ ਖਤਰਾ ਹੈ ਤੇ ਇਸ ਤੋਂ ਬਚਾਅ ਲਈ ਸਿਰਫ਼ ਜਾਗਰੂਕਤਾ ਹੀ ਸੱਚਾ ਹੱਲ ਹੈ। ਉਨ੍ਹਾਂ ਕਿਹਾ ਕਿ ਐੱਸਐੱਸਪੀ ਗੌਰਵ ਤੁਰਾ ਨੇ ਆਪਣੀ ਟੀਮ ਨਾਲ ਮਿਲ ਕੇ ਨਸ਼ਾ ਵੇਚਣ ਵਾਲੇ ਤੱਤਾਂ ਖਿਲਾਫ ਜੋ ਮੁਹਿੰਮ ਚਲਾਈ ਹੈ ਉਸ ਨਾਲ ਕਈ ਪਰਿਵਾਰਾਂ ਨੂੰ ਸੁਕੂਨ ਮਿਲਿਆ ਹੈ। ਉਨ੍ਹਾਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਦੇ ਲੋਕ ਵੀ ਮਹਿਸੂਸ ਕਰ ਰਹੇ ਹਨ ਕਿ ਪੁਲਸ ਪ੍ਰਸ਼ਾਸਨ ਹੁਣ ਨਸ਼ਿਆਂ ਦੇ ਮਾਮਲੇ ’ਚ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ। ਮੁਕੇਸ਼ ਕਸ਼ਯਪ ਨੇ ਕਿਹਾ ਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਿਰਫ ਸਰਕਾਰ ਜਾਂ ਪੁਲਸ ਹੀ ਨਹੀਂ ਸਗੋਂ ਸਮੂਹ ਸਮਾਜ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਵੇਗੀ ਪਰ ਜਦੋਂ ਇਮਾਨਦਾਰ ਅਧਿਕਾਰੀ ਆਪਣਾ ਫਰਜ਼ ਨਿਭਾਉਂਦੇ ਹਨ ਤਾਂ ਲੋਕਾਂ ਦਾ ਮਨੋਬਲ ਹੋਰ ਵੱਧਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਨਸ਼ਾ ਸਮੱਗਲਰਾਂ ਖਿਲਾਫ ਇਸੇ ਤਰ੍ਹਾਂ ਦੀ ਸਖ਼ਤੀ ਜਾਰੀ ਰਹਿਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ ਲੋਕਾਂ ਦੀ ਭਾਗੀਦਾਰੀ ਨਾਲ ਹੀ ਜਿੱਤ ਯਕੀਨੀ ਹੋ ਸਕਦੀ ਹੈ। ਸ਼ਿਵ ਸੈਨਾ ਆਗੂਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖ਼ਲ ਕਰਵਾਇਆ ਜਾਵੇ ਤੇ ਸੰਕਲਪ ਲਿਆ ਜਾਵੇ ਕਿ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ਼ਿਵ ਸੈਨਾ ਆਗੂਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਤੇ ਲੋਕ ਇਕੱਠੇ ਹੋ ਕੇ ਕੰਮ ਕਰਨ ਤਾਂ ਨਸ਼ਿਆਂ ਵਰਗੀ ਭਿਆਨਕ ਬੁਰਾਈ ਨੂੰ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ ਹੈ। ਉਨ੍ਹਾਂ ਆਸ ਜਤਾਈ ਕਿ ਪੁਲਿਸ ਦੀ ਟੀਮ ਆਉਣ ਵਾਲੇ ਸਮੇਂ ’ਚ ਵੀ ਇਸੇ ਤਰ੍ਹਾਂ ਜਨਹਿੱਤ ਵਿਚ ਕੰਮ ਕਰਦੀ ਰਹੇਗੀ।