ਸਟੇਟ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਕੀਰਤਨ ਦਰਬਾਰ ਕੱਲ : ਵਾਲੀਆ
ਵਿਸ਼ੇਸ਼ ਕੀਰਤਨ ਦਰਬਾਰ 8 ਮਾਰਚ ਨੂੰ ਸਟੇਟ ਗੁਰਦੁਆਰਾ ਸਾਹਿਬ ਵਿਖੇ ਕਰਵਾਇਆ ਜਾਵੇਗਾ : ਐਚ.ਐਸ ਵਾਲੀਆ
Publish Date: Fri, 06 Mar 2026 07:25 PM (IST)
Updated Date: Fri, 06 Mar 2026 07:27 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ਨੂੰ ਆਪਸੀ ਭਾਈਚਾਰੇ ਤੇ ਸਮੇਂ-ਸਮੇਂ ’ਤੇ ਕਰਵਾਏ ਜਾਂਦੇ ਧਾਰਮਿਕ ਆਯੋਜਨਾਂ ਦੇ ਕਰਕੇ ਪੂਰੇ ਪੰਜਾਬ ਵਿਚ ਧਾਰਮਿਕ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ, ਜਿਥੇ ਵੱਖ-ਵੱਖ ਧਰਮਾਂ ਦੇ ਲੋਕਾਂ ਵੱਲੋਂ ਹਰ ਧਾਰਮਿਕ ਆਯੋਜਨ ਮਿਲਜੁਲ ਕੇ ਆਯੋਜਿਤ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਵੱਲੋਂ ਸ਼ਹਿਰ ਦੇ ਸਟੇਟ ਗੁਰਦੁਆਰਾ ਸਾਹਿਬ ਵਿਖੇ ਸਰਬੱਤ ਦੇ ਭਲੇ ਲਈ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿਸ਼ੇਸ਼ ਕੀਰਤਨ ਦਰਬਾਰ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐੱਚਐੱਸ ਵਾਲੀਆ ਨੇ ਦੱਸਿਆ ਕਿ ਵਿਸ਼ੇਸ਼ ਕੀਰਤਨ ਦਰਬਾਰ ਦੇ ਪ੍ਰਬੰਧਾਂ, ਰੂਪ-ਰੇਖਾ ਤੇ ਸਮਾਗਮ ਦੀ ਸਫਲਤਾ ਲਈ ਰਣਨੀਤੀਆਂ ਉਲੀਕੀਆਂ ਗਈਆਂ ਹਨ। ਵਾਲੀਆ ਨੇ ਦੱਸਿਆ ਕਿ ਵਿਰਾਸਤੀ ਸ਼ਹਿਰ ਦੇ ਸਟੇਟ ਗੁਰਦੁਆਰਾ ਸਾਹਿਬ ਵਿਖੇ 8 ਮਾਰਚ ਦਿਨ ਐਤਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਵਿਸ਼ੇਸ਼ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਜਾਵੇਗਾ। ਇਸ ਦੌਰਾਨ ਇਸ ਵਿਸ਼ੇਸ਼ ਕੀਰਤਨ ਦਰਬਾਰ ਵਿਚ ਢਾਡੀ ਜਥਾ ਗਿਆਨੀ ਤਰਸੇਮ ਸਿੰਘ ਮੋਰਾਂਵਾਲੀ, ਸ੍ਰੀ ਮਹਾਤਮਾ ਮੁਨੀ ਜੀ, ਬਾਬਾ ਲੀਡਰ ਸਿੰਘ ਜੀ, ਬਾਬਾ ਅਮਰੀਕ ਸਿੰਘ ਜੀ, ਭਾਈ ਰਵਿੰਦਰ ਸਿੰਘ ਜੀ, ਭਾਈ ਕਰਮ ਸਿੰਘ ਜੀ ਨੂਰਪੁਰੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਵਿਸ਼ੇਸ਼ ਕੀਰਤਨ ਦਰਬਾਰ ਵਿਚ ਪਰਿਵਾਰ ਸਮੇਤ ਸ਼ਿਰਕਤ ਕਰਕੇ ਗੁਰੂ ਬਾਣੀ ਦਾ ਆਨੰਦ ਲੈਣ।