ਅਕਾਲੀ ਦਲ ਦੀ ਸਰਕਾਰ ਆਉਣ ’ਤੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ : ਟੋਨੀ
ਅਕਾਲੀ ਦਲ ਦੀ ਸਰਕਾਰ ਆਉਣ ਤੇ ਪੰਜਾਬ ਦੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ-ਟੋਨੀ
Publish Date: Sun, 03 May 2026 07:16 PM (IST)
Updated Date: Sun, 03 May 2026 07:17 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਨੇ ਸਾਲ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਪਾਰਟੀ ਨੇ ਲੋਕਾਂ ਤੱਕ ਪਹੁੰਚ ਬਣਾਉਣ ਲਈ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਲੋਕਾਂ ਨਾਲ ਸੰਪਰਕ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿਕਾਸ ਵਿਚ ਅਕਾਲੀ ਦਲ ਵੱਲੋਂ ਨਿਭਾਈ ਭੂਮਿਕਾ ਤੇ ਸਾਲ 2027 ਵਿਚ ਸਰਕਾਰ ਬਣਨ ’ਤੇ ਦੂਰਅੰਦੇਸ਼ੀ ਸੋਚ ਬਾਰੇ ਲੋਕਾਂ ਨੂੰ ਜਾਣੂ ਕਰਵਾਏਗਾ। ਇਹ ਗੱਲ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਸੂਬਾ ਜਰਨਲ ਸਕੱਤਰ ਧਰਮਿੰਦਰ ਕੁਮਾਰ ਟੋਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਨੇ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਪੰਜਾਬ ਦੇ ਉਦਯੋਗਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਪੁਰਾਣੇ ਉਦਯੋਗਾਂ ਨੂੰ ਰਾਹਤ ਦੇਣ ਤੇ ਨਵੇਂ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਵਿਸ਼ੇਸ਼ ਪ੍ਰੋਤਸਾਹਨ ਦੇਣ ਦਾ ਵਾਅਦਾ ਕਰਦਿਆਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਦਾ ਮੁੱਖ ਧਿਆਨ ਸਥਾਨਕ ਉਦਯੋਗ ਨੂੰ ਸਹੂਲਤਾਂ ਦੇਣ ਤੇ ਰੁਜ਼ਗਾਰ ਪੈਦਾ ਕਰਨ ’ਤੇ ਹੈ। ਉਦਯੋਗਿਕ ਵਿਕਾਸ ਲਈ ਸਥਾਨਕ ਰੁਜ਼ਗਾਰ ਨੂੰ ਤਰਜੀਹ ਦੇਣਾ ਅਕਾਲੀ ਦਲ ਦੀ ਪਹਿਲੀ ਕੋਸ਼ਿਸ਼ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਉਦਯੋਗਿਕ ਇਕਾਈਆਂ ਨੂੰ ਸਰਕਾਰੀ ਰਿਆਇਤਾਂ ਲੈਣ ਲਈ 75% ਸਥਾਨਕ ਕਾਮਿਆਂ ਨੂੰ ਰੁਜ਼ਗਾਰ ਦੇਣਾ ਲਾਜ਼ਮੀ ਕੀਤਾ ਜਾਵੇਗਾ। ਉਦਯੋਗਾਂ ਨੂੰ ਚਲਾਉਣ ਲਈ ਬਿਜਲੀ ਦੀਆਂ ਦਰਾਂ ਘਟਾ ਕੇ ₹5 ਰੁਪਏ ਪ੍ਰਤੀ ਯੂਨਿਟ ਕੀਤੀ ਜਾਵੇਗੀ। ਵੱਡੇ ਉਦਯੋਗਾਂ ਤੇ ਫੋਕਲ ਪੁਆਇੰਟ ਐਸੋਸੀਏਸ਼ਨਾਂ ਨੂੰ ਆਪਣੇ ਸੋਲਰ ਪਾਵਰ ਪਲਾਂਟ ਲਗਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਈਜ਼ ਆਫ ਡੂਇੰਗ ਬਿਜ਼ਨਸ ਨੂੰ ਯਕੀਨੀ ਬਣਾਉਣ ਲਈ ਸਵੈ-ਘੋਸ਼ਣਾ ’ਤੇ ਜ਼ੋਰ ਦਿੱਤਾ ਜਾਵੇਗਾ, ਤਾਂ ਜੋ ਕਾਰੋਬਾਰੀਆਂ ਨੂੰ ਸਰਕਾਰੀ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ। ਉਨ੍ਹਾਂ ਕਿਹਾ ਕਿ 25 ਲੱਖ ਤੋਂ ਘੱਟ ਟਰਨਓਵਰ ਵਾਲੇ ਵਪਾਰੀਆਂ ਲਈ ਲੰਪਸਮ ਟੈਕਸ ਪ੍ਰਣਾਲੀ ਤੇ ਖਾਤਾ ਕਿਤਾਬਾਂ ਰੱਖਣ ਦੀ ਜ਼ਰੂਰਤ ਨੂੰ ਘੱਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਛੋਟੇ ਵਪਾਰੀਆਂ ਲਈ ਪੈਨਸ਼ਨ ਤੇ 10 ਲੱਖ ਦਾ ਬੀਮਾ ਕਵਰ ਦਿੱਤਾ ਜਾਵੇਗਾ। ਲੁਧਿਆਣਾ ਵਿਚ 200 ਏਕੜ ਵਿਚ ਇਕ ਸਕਿੱਲ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਉਦਯੋਗਾਂ ਨੂੰ ਮਿਕਸਡ ਲੈਂਡ ਯੂਜ਼ ਵਾਲੇ ਖੇਤਰਾਂ ਤੋਂ ਬਾਹਰ ਭੇਜਣ ਦੀ ਨੀਤੀ ਨੂੰ ਰੋਕਿਆ ਜਾਵੇਗਾ। ਧਰਮਿੰਦਰ ਟੋਨੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਵਿਚ ਸੂਬੇ ਦਾ ਹਰ ਪੱਖ ਤੋਂ ਵਿਕਾਸ ਹੋਇਆ ਹੈ। ਕਾਂਗਰਸ ਤੇ ਮੌਜੂਦਾ ਆਪ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਅਕਾਲੀ ਦਲ ਸੂਬੇ ਵਿਚ ਮੁੜ ਤੋਂ ਵਿਕਾਸ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਤੇ ਬੁਨਿਆਦੀ ਢਾਂਚੇ ਦੀ ਸਿਰਜਣਾ ਨਾਲ ਪੰਜਾਬ ਨੂੰ ਅੱਗੇ ਲਿਜਾਣ ਵਾਸਤੇ ਦ੍ਰਿੜ੍ਹ ਹੈ।