ਸਮਾਜਿਕ, ਧਾਰਮਿਕ ਤੇ ਵਪਾਰਕ ਜਥੇਬੰਦੀਆਂ ਨਿਗਮ ਮੁਲਾਜ਼ਮਾਂ ਨੂੰ ਦਿੱਤਾ ਸਮਰਥਨ
ਸ਼ਹਿਰ ਦੀਆਂ ਸਮਾਜਿਕ,ਧਾਰਮਿਕ ਤੇ ਵਪਾਰਿਕ ਜਥੇਬੰਦੀਆਂ ਨੇ ਦਿੱਤਾ ਮੁਲਾਜ਼ਮਾਂ ਦੇ ਧਰਨੇ ਨੂੰ ਸਮਰਥਨ
Publish Date: Sat, 16 May 2026 09:25 PM (IST)
Updated Date: Sat, 16 May 2026 09:27 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਬੀਤੀ 11 ਮਈ ਤੋਂ ਨਗਰ ਨਿਗਮ ਫਗਵਾੜਾ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਨਗਰ ਨਿਗਮ ਵਿਖੇ ਧਰਨਾ ਦਿੱਤਾ ਹੋਇਆ ਹੈ, ਜਿਸ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਪਹਿਲਾਂ ਹੀ ਸਮਰਥਨ ਦਿੱਤਾ ਜਾ ਚੁੱਕਾ ਹੈ। ਹੁਣ ਸ਼ਹਿਰ ਦੀਆਂ ਵੱਖ-ਵੱਖ ਐਸੋਸੀਏਸ਼ਨਾਂ, ਸਮਾਜਿਕ, ਧਾਰਮਿਕ ਤੇ ਵਪਾਰਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੀ ਸਮਰਥਨ ਕੀਤਾ ਗਿਆ। ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ, ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ, ਬੰਗਾ ਰੋਡ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਿੰਪੀ ਕਿੰਨੜਾ, ਗੁਰਦੁਆਰਾ ਸਿੰਘ ਸਭਾ ਨਿਮਾ ਵਾਲਾ ਚੌਂਕ ਦੇ ਪ੍ਰਧਾਨ ਮੋਹਨ ਸਿੰਘ ਗਾਂਧੀ, ਪ੍ਰਧਾਨ ਇੰਦਰਜੀਤ ਕਾਲੜਾ ਵੱਲੋਂ ਵੀ ਸਮਰਥਨ ਦਿੱਤਾ ਗਿਆ। ਇਸ ਮੌਕੇ ਧਰਨੇ ਵਿਚ ਸ਼ਾਮਲ ਹੋ ਕੇ ਵੱਖ-ਵੱਖ ਐਸੋਸੀਏਸ਼ਨਾਂ ਦੇ ਆਗੂਆਂ ਨੇ ਸੂਬਾ ਸਰਕਾਰ ਤੋਂ ਜਲਦ ਤੋਂ ਜਲਦ ਇਨ੍ਹਾਂ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਅਪੀਲ਼ ਕੀਤੀ ਤਾਂ ਜੋ ਸ਼ਹਿਰ ਦੇ ਹਾਲਾਤ ਸੁਧਾਰੇ ਜਾ ਸਕਣ। ਪੂਰਾ ਸ਼ਹਿਰ ਕੂੜੇ ਦਾ ਢੇਰ ਬਣ ਚੁੱਕਾ ਹੈ ਅਜਿਹੇ ਵਿਚ ਬਾਜ਼ਾਰਾਂ ਦਾ ਹਾਲ ਵੀ ਬਹੁਤ ਬੁਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਤਾਂ ਜੋ ਸ਼ਹਿਰ ਨੂੰ ਕਿਸੇ ਵੱਡੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਕਲਾਥ ਮਰਚੈਂਟ ਐਸੋਸੀਏਸ਼ਨ ਫਗਵਾੜਾ ਦੇ ਪ੍ਰਧਾਨ ਅਸ਼ੋਕ ਕੁਲਥਮ, ਸਵਰਨਕਾਰ ਸੰਘ ਫਗਵਾੜਾ ਦੇ ਪ੍ਰਧਾਨ ਜਗਜੀਤ ਸਿੰਘ ਜੌੜਾ, ਮੋਹਣ ਸਿੰਘ ਗਾਂਧੀ, ਜਤਿੰਦਰ ਬੋਬੀ ਵਰਮਾ, ਰਿੰਪੀ ਕਿੰਨੜਾ, ਇੰਦਰਜੀਤ ਕਰਵਲ, ਇੰਦਰਜੀਤ ਕਾਲੜਾ, ਉਦੇ ਗਾਂਧੀ, ਧਰਮਵੀਰ ਸੇਠੀ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਐਸੋਸੀਏਸ਼ਨਾਂ ਦੇ ਆਗੂ ਮੌਜੂਦ ਸਨ।