ਰੇਲਵੇ ਬੋਰਡ ਦੇ ਵਧੀਕ ਮੈਂਬਰ ਨੇ ਆਰਸੀਐੱਫ ਦਾ ਕੀਤਾ ਦੌਰਾ
ਸੀਤਾਰਾਮ ਸਿੰਕੂ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟ) ਰੇਲਵੇ ਬੋਰਡ ਨਵੀਂ ਦਿੱਲੀ ਨੇ ਰੇਲ ਕੋਚ ਫੈਕਟਰੀ ਦਾ ਕੀਤਾ ਦੌਰਾ
Publish Date: Thu, 14 May 2026 10:22 PM (IST)
Updated Date: Thu, 14 May 2026 10:24 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਸ਼੍ਰੀ ਸੀਤਾਰਾਮ ਸਿੰਕੂ ਐਡੀਸ਼ਨਲ ਮੈਂਬਰ (ਉਤਪਾਦਨ ਇਕਾਈਆਂ) ਰੇਲਵੇ ਬੋਰਡ ਨੇ ਅੱਜ ਕਪੂਰਥਲਾ ਸਥਿਤ ਰੇਲ ਕੋਚ ਫੈਕਟਰੀ ਦਾ ਦੌਰਾ ਕੀਤਾ। ਆਰਸੀਐੱਫ ਪਹੁੰਚਣ ਤੇ ਸ਼੍ਰੀ ਸਿੰਕੂ ਨੇ ਵਰਕਸ਼ਾਪ ਵਿਚ ਕੋਚ ਨਿਰਮਾਣ ਪ੍ਰਕਿਰਿਆਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਸ਼ੈੱਲ ਅਸੈਂਬਲੀ ਸ਼ਾਪ ਵਿਚ ਕੋਚ ਸ਼ੈੱਲਾਂ ਦਾ ਨਿਰੀਖਣ ਕਰਨ ਤੋਂ ਇਲਾਵਾ ਆਰਸੀਐੱਫ ਦੁਆਰਾ ਬਣਾਏ ਜਾ ਰਹੇ ਵੱਖ-ਵੱਖ ਕਿਸਮਾਂ ਦੇ ਕੋਚਾਂ ਖਾਸ ਕਰਕੇ ਵੰਦੇ ਭਾਰਤ, ਅੰਮ੍ਰਿਤ ਭਾਰਤ ਤੇ ਬੰਗਲਾਦੇਸ਼ ਰੇਲਵੇ ਆਦਿ ਲਈ ਬਣਾਏ ਗਏ ਕੋਚਾਂ ਦੇ ਨਿਰਮਾਣ ਦੀ ਜਾਂਚ ਕੀਤੀ। ਉਨ੍ਹਾਂ ਨੇ ਸੀਐੱਨਸੀ ਮਸ਼ੀਨਾਂ, ਪ੍ਰੈੱਸ ਤੇ ਹੋਰ ਮਸ਼ੀਨਾਂ ਵਿਚ ਸ਼ੈੱਲ ਹਿੱਸਿਆਂ ਦੇ ਨਿਰਮਾਣ ਦੀ ਵੀ ਜਾਂਚ ਕੀਤੀ। ਉਨ੍ਹਾਂ ਨੇ ਕੋਚਾਂ ਦੇ ਤੇਜ਼ੀ ਨਾਲ ਨਿਰਮਾਣ ਲਈ ਆਰਸੀਐੱਫ ਬੁਨਿਆਦੀ ਢਾਂਚੇ ਦੀ ਪ੍ਰਸ਼ੰਸਾ ਕੀਤੀ ਤੇ ਪ੍ਰਕਿਰਿਆ ਵਿਚ ਕੀਮਤੀ ਸੁਝਾਅ ਵੀ ਦਿੱਤੇ। ਉਨ੍ਹਾਂ ਦੇ ਸਾਹਮਣੇ ਆਰਸੀਐੱਫ ਤੇ ਇਕ ਪੇਸ਼ਕਾਰੀ ਕੀਤੀ ਗਈ ਜਿਸ ਵਿਚ ਮੌਜੂਦਾ ਵਿੱਤੀ ਸਾਲ ਵਿਚ ਆਰਸੀਐੱਫ ਵਿਚ ਨਵੇਂ ਕਿਸਮਾਂ ਦੇ ਕੋਚਾਂ ਦੇ ਉਤਪਾਦਨ ਤੇ ਨਿਰਮਾਣ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਸ਼੍ਰੀ ਸਿੰਕੂ ਨੇ ਅਜੈ ਨੰਦਨ ਜਨਰਲ ਮੈਨੇਜਰ ਤੇ ਸੀਨੀਅਰ ਅਧਿਕਾਰੀਆਂ ਨਾਲ ਮੁੱਖ ਮੁੱਦਿਆਂ ਤੇ ਇਕ ਵਿਸਤ੍ਰਿਤ ਮੀਟਿੰਗ ਕੀਤੀ ਤੇ ਉਨ੍ਹਾਂ ਨੇ ਰੇਲਵੇ ਬੋਰਡ ਵੱਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਮੀਟਿੰਗ ਵਿਚ ਉਨ੍ਹਾਂ ਨੇ ਆਰਸੀਐੱਫ ਨੂੰ ਯਾਤਰੀਆਂ ਦੀ ਅੰਤਮ ਸੰਤੁਸ਼ਟੀ ਲਈ ਕੋਚਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਸਭ ਤੋਂ ਵਧੀਆ ਅਭਿਆਸਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਨੇ ਵਿੱਤੀ ਸਾਲ 2025-26 ਵਿਚ ਕੋਚਾਂ ਦੇ ਰਿਕਾਰਡ ਉਤਪਾਦਨ ਲਈ ਆਰਸੀਐੱਫ ਦੀ ਸ਼ਲਾਘਾ ਕੀਤੀ। ਸ਼੍ਰੀ ਸੀਤਾਰਾਮ ਸਿੰਕੂ ਨੇ ਆਰਸੀਐੱਫ ਦੀਆਂ ਮਾਨਤਾ ਪ੍ਰਾਪਤ ਯੂਨੀਅਨਾਂ/ਐਸੋਸੀਏਸ਼ਨਾਂ ਨਾਲ ਵੀ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਨੇ ਯੂਨੀਅਨਾਂ ਤੇ ਪ੍ਰਸ਼ਾਸਨ ਵਿਚਕਾਰ ਸੁਹਿਰਦ ਸਬੰਧਾਂ ਦੀ ਮਹੱਤਤਾ ਤੇ ਜ਼ੋਰ ਦਿੱਤਾ ਤੇ ਨਾਲ ਹੀ ਕੋਚਾਂ ਦੇ ਉਤਪਾਦਨ ਨੂੰ ਵਧਾਉਣ ਵਿਚ ਸਹਿਯੋਗ ਕਰਨ ਲਈ ਉਨ੍ਹਾਂ ਤੱਕ ਪਹੁੰਚ ਕੀਤੀ।