ਐੱਸ.ਐੱਚ.ਓ. ਅਮਨਪ੍ਰੀਤ ਕੌਰ ‘ਡੀਜੀਪੀ ਡਿਸਕ’ ਨਾਲ ਸਨਮਾਨਿਤ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਜ਼ਿਲ੍ਹਾ ਕਪੂਰਥਲਾ ਦੇ ਫਗਵਾੜਾ ਸਬ-ਡਿਵੀਜ਼ਨ ਅੰਦਰ ਥਾਣਾ ਸਿਟੀ ਦੀ ਐੱਸਐੱਚਓ ਇੰਸਪੈਕਟਰ ਅਮਨਪ੍ਰੀਤ ਕੌਰ ਵੱਲੋਂ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਐੱਸਐੱਚਓ ਅਮਨਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਸੀ। ਪੁਲਿਸ ਟੀਮ ਵੱਲੋਂ ਇਕ ਵਿਸ਼ੇਸ਼ ਆਪ੍ਰੇਸ਼ਨ ਦੌਰਾਨ 16 ਕਿੱਲੋ 209 ਗ੍ਰਾਮ ਹੈਰੋਇਨ ਬਰਾਮਦ ਕਰਦੇ ਹੋਏ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਫਗਵਾੜਾ ਪੁਲਿਸ ਦੀ ਇਸ ਵਿਸ਼ੇਸ਼ ਤੇ ਸ਼ਾਨਦਾਰ ਸਫਲਤਾ ਨੂੰ ਦੇਖਦਿਆਂ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀਜੀਪੀ) ਗੌਰਵ ਯਾਦਵ ਵੱਲੋਂ ਥਾਣਾ ਸਿਟੀ ਦੀ ਐੱਸਐੱਚਓ ਅਮਨਪ੍ਰੀਤ ਕੌਰ ਸਮੇਤ ਫਗਵਾੜਾ ਸਬ-ਡਿਵੀਜ਼ਨ ਦੇ ਪੁਲਿਸ ਅਧਿਕਾਰੀਆਂ ਨੂੰ ‘ਡੀਜੀਪੀ ਡਿਸਕ’ ਨਾਲ ਸਨਮਾਨਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ‘ਡੀਜੀਪੀ ਡਿਸਕ’ ਪੰਜਾਬ ਪੁਲਿਸ ਦਾ ਸਭ ਤੋਂ ਉੱਚਾ ਸਨਮਾਨ ਹੈ, ਜੋ ਉਨ੍ਹਾਂ ਪੁਲਿਸ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਅਸਾਧਾਰਣ ਸੇਵਾਵਾਂ, ਅਪਰਾਧਾਂ ਖ਼ਿਲਾਫ਼ ਸਖ਼ਤ ਕਾਰਵਾਈ, ਉੱਚ ਪੇਸ਼ੇਵਰ ਯੋਗਤਾ ਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ ਹੋਵੇ। ਇਸ ਵਾਰ ਇਹ ਸਨਮਾਨ ਫਗਵਾੜਾ ਸਬ-ਡਿਵੀਜ਼ਨ ਦੀ ਟੀਮ ਨੂੰ ਦਿੱਤਾ ਗਿਆ ਹੈ। ਇਹ ਸਨਮਾਨ ਥਾਣਾ ਸਿਟੀ ਦੀ ਐੱਸਐੱਚਓ ਇੰਸਪੈਕਟਰ ਅਮਨਪ੍ਰੀਤ ਕੌਰ ਤੇ ਟ੍ਰੈਫਿਕ ਪੁਲਿਸ ਇੰਚਾਰਜ ਇੰਸਪੈਕਟਰ ਅਮਨ ਦੇਵੇਸ਼ਵਰ ਸਮੇਤ ਏਐੱਸਆਈ ਸੁਰਿੰਦਰ ਪਾਲ (ਰੀਡਰ ਡੀਐੱਸਪੀ ਫਗਵਾੜਾ), ਏਐੱਸਆਈ ਹਰਮੇਸ਼ ਲਾਲ, ਏਐੱਸਆਈ ਬਲਵਿੰਦਰ ਸਿੰਘ ਤੇ ਸੀਨੀਅਰ ਸਿਪਾਹੀ ਅਰੁਣ ਦੁੱਗਲ ਨੂੰ ਵੀ ਦਿੱਤਾ ਗਿਆ।
ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਐੱਸਐੱਚਓ ਇੰਸਪੈਕਟਰ ਅਮਨਪ੍ਰੀਤ ਕੌਰ ਸਮੇਤ ਸਾਰੇ ਪੁਲਿਸ ਅਧਿਕਾਰੀਆਂ ਨੂੰ ‘ਡੀਜੀਪੀ ਡਿਸਕ’ ਲਗਾ ਕੇ ਸਨਮਾਨਿਤ ਕੀਤਾ। ਐੱਸਐੱਸਪੀ ਨੇ ਪੁਲਿਸ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫਗਵਾੜਾ ਸਮੇਤ ਜ਼ਿਲ੍ਹਾ ਕਪੂਰਥਲਾ ਵਿਚ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਚਲਾਏ ਜਾ ਰਹੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਤਹਿਤ ਵਿਆਪਕ ਯੋਜਨਾ ਅਨੁਸਾਰ ਸ਼ਾਨਦਾਰ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਪੁਲਿਸ ਨਸ਼ਿਆਂ ਖ਼ਿਲਾਫ਼ ਸਖ਼ਤੀ ਤੇ ਸਰਗਰਮੀ ਨਾਲ ਕੰਮ ਕਰ ਰਹੀ ਹੈ, ਜਿਸ ਵਿਚ ਪੁਲਿਸ ਨੂੰ ਲਗਾਤਾਰ ਸਫਲਤਾ ਵੀ ਮਿਲ ਰਹੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਜ਼ਿਲ੍ਹੇ ਵਿਚ ਨਸ਼ਾ ਤਸਕਰੀ ਖ਼ਿਲਾਫ਼ ਆਪਣੀ ਮੁਹਿੰਮ ਹੋਰ ਤੇਜ਼ ਕਰੇਗੀ ਤੇ ਸਮਾਜ ਵਿਚੋਂ ਨਸ਼ੇ ਦੇ ਖ਼ਾਤਮੇ ਲਈ ਸਖ਼ਤ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਐੱਸਐੱਸਪੀ ਸਾਹਿਬ ਤੋਂ ਮਿਲਦੀ ਹੈ ਪ੍ਰੇਰਣਾ, ਨਸ਼ਾ ਖ਼ਤਮ ਕਰਨਾ ਹੀ ਮਕਸਦ : ਅਮਨਪ੍ਰੀਤ ਕੌਰ
ਫਗਵਾੜਾ ਵਿਚ ਹੈਰੋਇਨ ਵਰਗੇ ਨਸ਼ੇ ਦੀ ਵੱਡੀ ਬਰਾਮਦਗੀ ’ਤੇ ‘ਡੀਜੀਪੀ ਡਿਸਕ’ ਦੇ ਰੂਪ ਵਿਚ ਸਨਮਾਨ ਮਿਲਣ ਤੋਂ ਬਾਅਦ ਥਾਣਾ ਸਿਟੀ ਦੀ ਐੱਸਐੱਚਓ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਤੇ ਜ਼ਿਲ੍ਹਾ ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੋਵੇਂ ਸੀਨੀਅਰ ਅਧਿਕਾਰੀ ਉਨ੍ਹਾਂ ਲਈ ਪ੍ਰੇਰਣਾ ਸਰੋਤ ਹਨ। ਉਨ੍ਹਾਂ ਕਿਹਾ ਕਿ ਐੱਸਐੱਸਪੀ ਗੌਰਵ ਤੂਰਾ ਦੀ ਪ੍ਰੇਰਣਾਦਾਇਕ ਅਗਵਾਈ ਹੇਠ ਉਹ ਫਗਵਾੜਾ ਸਬ-ਡਿਵੀਜ਼ਨ ਦੇ ਥਾਣਾ ਸਿਟੀ ਅਧੀਨ ਆਉਂਦੇ ਸਾਰੇ ਇਲਾਕਿਆਂ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸਖ਼ਤੀ ਨਾਲ ਮੁਹਿੰਮ ਚਲਾਈ ਜਾ ਰਹੀ ਹੈ ਤੇ ਹੁਣ ਤੱਕ ਵੱਡੀ ਗਿਣਤੀ ਵਿਚ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਭੇਜਿਆ ਜਾ ਚੁੱਕਾ ਹੈ।
ਇਲਾਕਾ ਛੱਡ ਕੇ ਭੱਜ ਰਹੇ ਨਸ਼ਾ ਤਸਕਰ
ਥਾਣਾ ਸਿਟੀ ਦੀ ਐੱਸਐੱਚਓ ਇੰਸਪੈਕਟਰ ਅਮਨਪ੍ਰੀਤ ਕੌਰ ਦਾ ਅਪਰਾਧੀਆਂ ਵਿਚ ਭਾਰੀ ਖੌਫ਼ ਹੈ। ਜਦੋਂ ਤੋਂ ਇੰਸਪੈਕਟਰ ਅਮਨਪ੍ਰੀਤ ਕੌਰ ਨੇ ਥਾਣਾ ਸਿਟੀ ਦਾ ਚਾਰਜ ਸੰਭਾਲਿਆ ਹੈ, ਉਸ ਤੋਂ ਬਾਅਦ ਥਾਣਾ ਸਿਟੀ ਅਧੀਨ ਆਉਂਦੇ ਖੇਤਰਾਂ ਵਿਚ ਅਪਰਾਧਿਕ ਘਟਨਾਵਾਂ ਵਿਚ ਵੱਡੀ ਕਮੀ ਆਈ ਹੈ। ਚੋਰੀ, ਲੁੱਟ-ਖੋਹ ਤੇ ਗੁੰਡਾਗਰਦੀ ਦੀਆਂ ਘਟਨਾਵਾਂ ਵਿਚ ਕਮੀ ਆਉਣ ਦੇ ਨਾਲ-ਨਾਲ ਨਸ਼ਾ ਤਸਕਰਾਂ ਵਿਚ ਵੀ ਇੰਸਪੈਕਟਰ ਅਮਨਪ੍ਰੀਤ ਕੌਰ ਦਾ ਭਾਰੀ ਡਰ ਵੇਖਣ ਨੂੰ ਮਿਲ ਰਿਹਾ ਹੈ। ਆਪਣੇ ਥਾਣਾ ਖੇਤਰ ਵਿਚ ਹਮੇਸ਼ਾ ਸਰਗਰਮ ਤੇ ਮੁਸਤੈਦ ਰਹਿਣ ਵਾਲੀ ਐੱਸਐੱਚਓ ਇੰਸਪੈਕਟਰ ਅਮਨਪ੍ਰੀਤ ਕੌਰ ਦੀ ਫਗਵਾੜਾ ਵਿਚ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਕੰਮਾਂ ਦੀ ਖੂਬ ਪ੍ਰਸ਼ੰਸਾ ਹੋ ਰਹੀ ਹੈ।