2027 ’ਚ ਬਣੇਗੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ : ਗੁਰਸਿਮਰ ਸਿੰਘ
2027 ਚ ਬਣੇਗੀ ਸ੍ਰੌਮਣੀ ਅਕਾਲੀ ਦਲ ਦੀ ਸਰਕਾਰ,ਗੁਰਸਿਮਰ ਸਿੰਘ
Publish Date: Sun, 19 Apr 2026 06:42 PM (IST)
Updated Date: Sun, 19 Apr 2026 06:45 PM (IST)

ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੀ ਗਰੰਟੀ ਲੈ ਕੇ ਆਈ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਹਿਲਾਂ ਨਸ਼ਾ ਮੁਕਤੀ ਮੁਹਿੰਮ ਦੀ ਪਹਿਲੀ ਲੜੀ ਚਲਾਉਣ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ ਜਿਨ੍ਹਾਂ ਪੁਲਿਸ ਥਾਣਿਆਂ ਦੀ ਹਦੂਦ ਅੰਦਰ ਚਿੱਟਾ ਵੇਚਣ ਖਾਣ ਵਾਲੇ ਫੜੇ ਜਾਣਗੇ ਉਨ੍ਹਾਂ ਥਾਣਿਆਂ ਦੇ ਐੱਸਐੱਚਓ ’ਤੇ ਵੀ ਕਾਰਵਾਈ ਹੋਵੇਗੀ ਪਰ ਨਸ਼ਾ ਮੁਕਤੀ ਮੁਹਿੰਮ ਦੀ ਦੂਜੀ ਲੜੀ ਵੀ ਸ਼ੁਰੂ ਹੋ ਗਈ ਹੈ ਤੇ ਮੁੱਖ ਮੰਤਰੀ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿੰਨੇ ਕੁ ਐੱਸਐੱਚਓ ’ਤੇ ਹੁਣ ਤੱਕ ਕਾਰਵਾਈ ਹੋਈ ਹੈ। ਇਸਦੇ ਬਾਵਜੂਦ ਵੀ ਪੰਜਾਬ ਅੰਦਰੋਂ ਨਸ਼ਾ ਖਤਮ ਨਹੀਂ ਹੋਇਆ ਤੇ ਆਏ ਦਿਨ ਨੌਜਵਾਨਾਂ ਦੀ ਮੌਤ ਦੀਆਂ ਖਬਰਾਂ ਸੁਣਾਈ ਦਿੰਦੀਆਂ ਹੀ ਰਹਿੰਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਥ ਪ੍ਰਧਾਨ ਗੁਰਸਿਮਰ ਸਿੰਘ ਅਤੇ ਐੱਸਓਆਈ ਦੇ ਫਗਵਾੜਾ ਪ੍ਰਧਾਨ ਪ੍ਰਦੀਪ ਸਿੰਘ ਨੇ ਕਿਹਾ ਕਿ ਦੂਜੀਆਂ ਸਿਆਸੀ ਪਾਰਟੀਆਂ ’ਤੇ ਦੋਸ਼ ਲਾ ਕੇ ਲੋਕਾਂ ਨਾਲ ਝੂਠ ਬੋਲ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਨੇ ਜੋ ਵਾਅਦੇ ਵੀ ਲੋਕਾਂ ਨਾਲ ਕੀਤੇ ਸਨ, ਉਨ੍ਹਾਂ ’ਚੋਂ ਕੋਈ ਵੀ ਪੂਰਾ ਨਹੀਂ ਹੋ ਸਕਿਆ ਅਤੇ ਹੁਣ ਆਖਰੀ ਸਾਲ ਵਿੱਚ ਲੋਕਾਂ ਨੂੰ ਦਿਖਾਇਆ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਾਰੇ ਵਾਅਦੇ ਪੂਰੇ ਕਰ ਲਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਅਨੇਕਾਂ ਦੇਸ਼ ਆਮ ਆਦਮੀ ਪਾਰਟੀ ਆਗੂਆਂ ਵੱਲੋਂ ਲਾਏ ਗਏ ਕਿ ਉਹ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇ ਫਿਰ ਚਾਰ ਸਾਲਾਂ ਵਿੱਚ ਉਨ੍ਹਾਂ ਨੂੰ ਕੈਦ ਕਰ ਕੇ ਜਾਂਚ ਕਿਉਂ ਨਹੀਂ ਕੀਤੀ ਗਈ। ਸਿਰਫ ਲੋਕਾਂ ਨੂੰ ਗੁਮਰਾਹ ਕਰਨ ਲਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਅਕਸ ਖਰਾਬ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਸਾਰਾ ਢਕਵੰਜ ਰਚਿਆ ਗਿਆ ਸੀ, ਜੋ ਕਿ ਲੋਕਾਂ ਸਾਹਮਣੇ ਸਾਫ ਜਾਹਿਰ ਹੋ ਚੁੱਕਾ ਹੈ ਜੋ ਕਿ ਸਰਾਸਰ ਝੂਠ ਦਾ ਪੁਲੰਦਾ ਹੈ। ਗੁਰਸਿਮਰ ਸਿੰਘ ਅਤੇ ਪ੍ਰਦੀਪ ਸਿੰਘ ਨੇ ਕਿਹਾ ਕਿ ਜੋ ਕੰਮ ਵੀ ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਸਮੇਂ ਪੰਜਾਬ ਅੰਦਰ ਹੋਏ ਸਨ, ਭਾਵੇਂ ਸੂਬੇ ਨੂੰ ਬਿਜਲੀ ਸਰਪਲਸ ਬਣਾਉਣਾ, ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਸਟੇਡੀਅਮ ਅਤੇ ਖੇਡਾਂ ਕਰਵਾਉਣੀਆਂ, ਬੇਰੁਜ਼ਗਾਰਾਂ ਲਈ ਉਦਯੋਗ ਸਥਾਪਿਤ ਕਰਵਾਉਣਾ ਆਦਿ ਅਨੇਕਾਂ ਕਾਰਜ ਸ਼੍ਰੋਮਣੀ ਅਕਾਲੀ ਦਲ ਸਮੇਂ ਹੀ ਹੋਏ ਸਨ ਪਰ ਹੁਣ ਪਿਛਲੇ ਚਾਰ ਸਾਲਾਂ ਵਿੱਚ ਨਾ ਤੇ ਪਿੰਡਾਂ ਦੇ ਵਿਕਾਸ ਕਾਰਜਾਂ ਅਤੇ ਨਾ ਹੀ ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਸੂਬਾ ਸਰਕਾਰ ਨੇ ਕੋਈ ਵੀ ਪੈਸਾ ਨਹੀਂ ਖਰਚਿਆ, ਜਿਸ ਕਾਰਨ ਪਿੰਡਾਂ ਅਤੇ ਸ਼ਹਿਰਾਂ ਦੇ ਹਾਲਾਤ ਬਦ ਤੋਂ ਬਤਰ ਹੋ ਚੁੱਕੇ ਹਨ। ਇਸ ਦੇ ਬਾਵਜੂਦ ਵੀ ਰੈਲੀਆਂ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੂਬੇ ਅੰਦਰ ਬਹੁਤ ਸਾਰੇ ਵਿਕਾਸ ਕਾਰਜ ਜਾਰੀ ਹਨ। ਜਦਕਿ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਲੋਕਾਂ ਨਾਲ ਝੂਠੇ ਵਾਅਦਿਆਂ ਦੀ ਰਾਜਨੀਤੀ ਕੀਤੀ ਹੈ ਇਸਦਾ ਜਵਾਬ 2027 ਵਿਧਾਨ ਸਭਾ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਗੇ ਅਤੇ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਮਜ਼ਬੂਤ ਕਰ ਕੇ ਸੱਤਾ ਵਿੱਚ ਲਿਆਉਣਗੇ ਤਾਂ ਜੋ ਮੁੜ ਤੋਂ ਪੰਜਾਬ ਨੂੰ ਲੀਹਾਂ ’ਤੇ ਲਿਆਂਦਾ ਜਾ ਸਕੇ।