ਅਕਾਲੀ ਦਲ (ਅ) ਵੱਲੋਂ ਰੰਗਰੇਟੇ ਪਰਿਵਾਰਾਂ ‘ਚ ਵਿਚਰਣ ਦੀ ਮੁਹਿੰਮ 6 ਤੋਂ : ਡਾ. ਜੱਖੂ
ਸ਼੍ਰੋਮਣੀ ਅਕਾਲੀ ਦਲ (ਅ) ਵਲੋਂ ਰੰਗਰੇਟੇ ਪਰਿਵਾਰਾਂ ‘ਚ ਵਿਚਰਣ ਦੀ ਮੁਹਿਮ 6 ਅਪ੍ਰੈਲ ਨੂੰ
Publish Date: Sat, 04 Apr 2026 07:02 PM (IST)
Updated Date: Sat, 04 Apr 2026 07:04 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਿੱਖ ਫਲਸਫੇ ‘ਚ ਗੁਰੂ ਸਾਹਿਬਾਨ ਵੱਲੋਂ ਦਿੱਤਾ ਗਿਆ ‘ਮਾਨਸ ਕੀ ਜਾਤ, ਸਭੈ ਏਕੋ ਪਹਿਚਾਨਬੋ’ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਸ੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਈਮਾਨ ਸਿੰਘ ਮਾਨ 6 ਅਪ੍ਰੈਲ ਤੋਂ ਰੰਗਰੇਟੇ ਪਰਿਵਾਰਾਂ ਵਿਚ ਵਿਚਰਣ ਦੇ ਪ੍ਰੋਗਰਾਮ ਦਾ ਆਗਾਜ਼ ਕਰਨਗੇ। ਪਹਿਲੇ ਪੜਾਅ ਵਿਚ ਸਿਮਰਨਜੀਤ ਸਿੰਘ ਮਾਨ ਤੇ ਈਮਾਨ ਸਿੰਘ ਮਾਨ ਵੱਲੋਂ ਪੰਜਾਹ-ਪੰਜਾਹ ਦਲਿਤ ਪਰਿਵਾਰਾਂ ਦੇ ਘਰ ਜਾਇਆ ਜਾਵੇਗਾ। ਜਾਣਕਾਰੀ ਸਾਂਝੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁੱਖ ਬੁਲਾਰੇ ਡਾ. ਹਰਜਿੰਦਰ ਸਿੰਘ ਜੱਖੂ ਨੇ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ 6 ਅਪ੍ਰੈਲ ਨੂੰ ਦੁਪਿਹਰ 12 ਵਜੇ ਜ਼ਿਲ੍ਹਾ ਜਲੰਧਰ ਦੇ ਪਿੰਡ ਤਲਵਣ ਵਿਖੇ ਪਿੰਡ ਦੇ ਸਾਬਕਾ ਸਰਪੰਚ ਤੇ ਅੰਬੇਡਕਰਵਾਦੀ ਸਮਾਜ ਦੇ ਵੱਡੇ ਆਗੂ ਜਸਵਿੰਦਰ ਪਾਲ ਦੇ ਘਰ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਬੱਤ ਦੇ ਭਲੇ ਦਾ ਹੋਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਾਰੇ ਮਹਾਨ ਰਹਿਬਰਾਂ ਦਾ ਸਾਂਝਾ ਸੰਦੇਸ਼ ਹੈ ਪਰ ਅਜੋਕੇ ਸਮੇਂ ਵਿਚ ਇਸ ਸਾਂਝੇ ਸੰਦੇਸ਼ ਦੇ ਮਹੱਤਵ ਨੂੰ ਨਾ ਸਮਝਦੇ ਹੋਏ ਮਨੂੰ ਸਿਮਰਤੀ ਦੇ ਪ੍ਰਭਾਵ ਹੇਠਾਂ ਆ ਕੇ ਅਸੀਂ ਸਾਰੇ ਆਪੋ-ਆਪਣੀ ਜਾਤ ਦੇ ਨਾਲ ਕਿਸੇ ਨਾ ਕਿਸੇ ਰਹਿਬਰ ਨੂੰ ਜੋੜ ਕੇ ਅੱਡੋ-ਅੱਡ ਰਸਤੇ ਅਪਣਾਈ ਬੈਠੇ ਹਾਂ। ਇਸ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਰਹਿਬਰਾਂ ਦੀ ਬਾਣੀ ਦਰਜ ਹੈ, ਉਨ੍ਹਾਂ ਗੁਰੂ ਸਾਹਿਬਾਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਨੁੱਖਤਾਵਾਦੀ ਤੇ ਬਰਾਬਰਤਾ ਵਾਲੇ ਫਲਸਫੇ ਨੂੰ ਬਹੁਤ ਵੱਡੀ ਢਾਅ ਲੱਗ ਰਹੀ ਹੈ। ਡਾ. ਜੱਖੂ ਨੇ ਦੱਸਿਆ ਕਿ ਖਾਲਸੇ ਦੇ ਵੱਡੇ ਮਿਸ਼ਨ ਨੂੰ ਲੈ ਕੇ ਸਿੱਖ ਸਮਾਜ ਦੀਆਂ ਆਪਸੀ ਪਿਆਰ ਦੀਆਂ ਧਾਰਮਿਕ ਤੇ ਸਮਾਜਿਕ ਸਾਂਝਾ ਮਜਬੂਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਅ) ਨੇ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਬਿਨਾਂ ਕਿਸੇ ਸਿਆਸੀ ਏਜੰਡੇ ਤੋਂ ਸਮੂਹ ਦਲਿਤ ਪਰਿਵਾਰਾਂ ਨਾਲ ਨੇੜਤਾ ਵਧਾਉਣ ਦਾ ਇਕ ਉਪਰਾਲਾ ਹੈ ਤਾਂ ਜੋ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਖਾਲਸਾ ਪੰਥ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।