ਪੰਚਾਇਤ ਟਰੇਨਿੰਗ ਕੈਂਪਾਂ ਦੀ ਲੜੀ ਹੋਈ ਖਤਮ
ਬੀ.ਡੀ.ਪੀ.ਓ. ਦਫ਼ਤਰ ਫਗਵਾੜਾ ਵਿਖੇ ਪੰਚਾਇਤ ਟਰੇਨਿੰਗ ਕੈਂਪਾਂ ਦੀ ਲੜੀ ਦਾ ਹੋਇਆ ਸਮਾਪਨ
Publish Date: Thu, 12 Mar 2026 08:16 PM (IST)
Updated Date: Thu, 12 Mar 2026 08:18 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪ੍ਰਦੇਸ਼ਕ ਦਿਹਾਤੀ ਵਿਕਾਸ ਤੇ ਪੰਚਾਇਤੀ ਰਾਜ ਸੰਸਥਾ ਵੱਲੋਂ ਨਵੀਂ ਬਣੀਆਂ ਪੰਚਾਇਤਾਂ ਤੇ ਬਲਾਕ ਸੰਮਤੀ ਮੈਂਬਰਾਂ ਨੂੰ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਤੇ ਪੰਚਾਇਤਾਂ ਦੇ ਅਧਿਕਾਰਾਂ ਬਾਰੇ ਜਾਣੂ ਕਰਵਾਉਣ, ਪਿੰਡਾਂ ਦੇ ਸਰਬ ਪੱਖੀ ਵਿਕਾਸ ਤੇ ਪੰਚਾਇਤੀ ਰਾਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਦੀ ਤਿਆਰੀ ‘ਸਾਡੀ ਯੋਜਨਾ, ਸਾਡਾ ਵਿਕਾਸ’ ਤਹਿਤ ਕੈਂਪਾਂ ਦੀ ਲੜੀ ਬੀਡੀਪੀਓ ਦਫਤਰ ਫਗਵਾੜਾ ਵਿਖੇ 9 ਮਾਰਚ ਤੋਂ 12 ਮਾਰਚ ਤੱਕ ਲਗਾਈ ਗਈ। ਅੱਜ ਆਖਰੀ ਦਿਨ ਕੈਂਪ ਵਿਚ ਬਲਾਕ ਫਗਵਾੜਾ ਦੇ ਵੱਖ-ਵੱਖ ਪਿੰਡਾਂ ਤੋਂ ਆਏ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ, ਆਸ਼ਾ ਵਰਕਰਾਂ, ਆਂਗਨਵਾੜੀ ਵਰਕਰਾਂ ਤੇ ਅਧਿਆਪਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਪਹਿਲੀ ਵਾਰ ਬਣੇ ਸਰਪੰਚਾਂ, ਪੰਚਾਂ ਤੇ ਬਲਾਕ ਸੰਮਤੀ ਮੈਂਬਰਾਂ ਵਿਚ ਕੈਂਪ ਨੂੰ ਲੈ ਕੇ ਖਾਸ ਉਤਸ਼ਾਹ ਸੀ। ਕੈਂਪ ਦੌਰਾਨ ਬਲਵਿੰਦਰ ਪਾਲ ਸਿੰਘ ਐੱਮਆਰਪੀ ਤੇ ਸੁਭਾਸ਼ ਸਿੰਘ ਰਿਸੋਰਸ ਪਰਸਨ ਨੇ ਦੱਸਿਆ ਕਿ ਪੰਚਾਇਤਾਂ ਪਿੰਡਾਂ ਦੇ ਵਿਕਾਸ ਦੀ ਨੀਂਹ ਹੁੰਦੀਆਂ ਹਨ ਤੇ ਉਨ੍ਹਾਂ ਦੀ ਸਹੀ ਟਰੇਨਿੰਗ ਨਾਲ ਹੀ ਸਰਕਾਰੀ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲਤਾਪੂਰਵਕ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਆਂਗਨਵਾੜੀ ਵਰਕਰ ਜਨਤਾ ਤੇ ਸਰਕਾਰ ਦਰਮਿਆਨ ਪੁਲ ਦੀ ਤਰ੍ਹਾਂ ਕੰਮ ਕਰਦੇ ਹਨ। ਇਨ੍ਹਾਂ ਦਾ ਜਾਗਰੂਕ ਤੇ ਜ਼ਿੰਮੇਵਾਰ ਹੋਣਾ ਬਹੁਤ ਲਾਜ਼ਮੀ ਹੈ। ਉਨ੍ਹਾਂ ਪੰਚਾਇਤੀ ਰਾਜ ਐਕਟ, ਗ੍ਰਾਮ ਸਭਾ ਦੀ ਭੂਮਿਕਾ, ਵਿਕਾਸ ਕਾਰਜਾਂ ਦੀ ਯੋਜਨਾ ਬਣਾਉਣ ਦੀ ਪ੍ਰਕਿਰਿਆ, ਵਿੱਤੀ ਪ੍ਰਬੰਧਨ, ਸਰਕਾਰੀ ਫੰਡਾਂ ਦੀ ਸਹੀ ਵਰਤੋਂ ਤੇ ਰਿਕਾਰਡ ਸੰਭਾਲਣ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਫ਼ਾਈ, ਪੀਣ ਵਾਲੇ ਪਾਣੀ ਦੀ ਉਪਲਬਧਤਾ, ਗਲੀਆਂ-ਨਾਲੀਆਂ, ਸਟਰੀਟ ਲਾਈਟਾਂ, ਠੋਸ ਕੂੜਾ ਪ੍ਰਬੰਧਨ, ਸਿਹਤ ਤੇ ਸਿੱਖਿਆ ਨਾਲ ਜੁੜੇ ਮਸਲਿਆਂ ਬਾਰੇ ਵੀ ਵਢਮੁੱਲੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਲਾਗੂ ਕਰਨ ਤੇ ਉਨ੍ਹਾਂ ਦਾ ਲਾਭ ਹਰ ਯੋਗ ਵਿਅਕਤੀ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਇਆ ਜਾਵੇ। ਕੈਂਪ ਦੌਰਾਨ ਲੋਕ ਯੋਜਨਾ ਮੁਹਿਮ 2026-27 ਬਾਰੇ ਮੁਢਲੀ ਜਾਣਕਾਰੀ, ਗ੍ਰਾਮ ਪੰਚਾਇਤ ਯੋਜਨਾ ਫੈਸਿਲੀਟੇਸ਼ਨ ਟੀਮ ਦਾ ਗਠਨ, ਮੈਂਬਰ, ਕੰਮ ਤੇ ਜਿੰਮੇਵਾਰੀਆਂ, ਰਾਸ਼ਟਰੀ ਪੰਚਾਇਤ ਐਵਾਰਡ ਸਬੰਧੀ ਜਾਣਕਾਰੀ ਤੇ ਨਾਮਜ਼ਦਗੀਆਂ ਲਈ ਪੰਚਾਇਤਾਂ ਨੂੰ ਉਤਸ਼ਾਹਤ ਕਰਨ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ। ਟਰੇਨਿੰਗ ਵਿਚ ਹਿੱਸਾ ਲੈਣ ਵਾਲੇ ਸਮੂਹ ਸਰਪੰਚਾਂ, ਪੰਚਾਂ ਨੇ ਇਸ ਟਰੇਨਿੰਗ ਪ੍ਰੋਗਰਾਮ ਨੂੰ ਬਹੁਤ ਹੀ ਲਾਹੇਵੰਦ ਦੱਸਿਆ ਤੇ ਭਰੋਸਾ ਜਤਾਇਆ ਕਿ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ। ਕੈਂਪਾਂ ਦੀ ਲੜੀ ਦੀ ਸਮਾਪਤੀ ਕਰਦੇ ਹੋਏ ਮਾਸਟਰ ਰਿਸੋਰਸ ਪਰਸਨ ਬਲਵਿੰਦਰ ਪਾਲ ਸਿੰਘ ਤੇ ਸੁਭਾਸ਼ ਸਿੰਘ ਆਰਪੀ ਨੇ ਦੱਸਿਆ ਕਿ ਇਹ ਕੈਂਪ ਖਾਸ ਤੌਰ ’ਤੇ ਉਨ੍ਹਾਂ ਪੰਚਾਇਤੀ ਨੁਮਾਇੰਦਿਆਂ ਲਈ ਲਗਾਏ ਗਏ ਸਨ, ਜੋ ਪਿਛਲੇ ਟਰੇਨਿੰਗ ਕੈਂਪਾਂ ਦੌਰਾਨ ਕਿਸੇ ਕਾਰਨ ਟਰੇਨਿੰਗ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਗਏ ਸਨ। ਇਸ ਮੌਕੇ ਰਾਮਪਾਲ ਈਟੀਟੀ ਟੀਚਰ, ਬਲਵਿੰਦਰ ਪਾਲ ਸਿੰਘ ਈਟੀਟੀ ਟੀਚਰ, ਸੁਰਿੰਦਰ ਕੌਰ ਆਸ਼ਾ ਵਰਕਰ, ਸਤੀਸ਼ ਕੌਰ ਆਸ਼ਾ ਵਰਕਰ, ਸਰਪੰਚ ਰਾਜਕਮਲ ਨਰੂੜ, ਹਰਵਿੰਦਰ ਸਿੰਘ ਸਰਪੰਚ ਨਾਰੰਗਸ਼ਾਹਪੁਰ, ਪੰਚਾਇਤ ਮੈਂਬਰ ਦਲਜੀਤ ਕੌਰ, ਹਰਜਿੰਦਰ ਕੌਰ, ਸਰਬਜੀਤ ਕੌਰ, ਬਲਵਿੰਦਰ ਸਿੰਘ, ਹਰਵਿੰਦਰ ਕੌਰ ਆਸ਼ਾ ਵਰਕਰ, ਜਯੋਤੀ ਸੂਦ ਅਧਿਆਪਿਕਾ, ਕਮਲਾ ਦੇਵੀ ਆਸ਼ਾ ਵਰਕਰ, ਲਖਵਿੰਦਰ ਕੌਰ ਆਸ਼ਾ ਵਰਕਰ, ਅਮਰੀਕ ਸਿੰਘ ਪੰਚ, ਪਰਮਿੰਦਰ ਕੌਰ ਅਧਿਆਪਿਕਾ, ਸੁਨੀਤਾ ਰਾਣੀ, ਵਰਿੰਦਰ ਕੌਰ ਆਦਿ ਹਾਜ਼ਰ ਸਨ।