ਸਵੈ-ਗਣਨਾ ਪ੍ਰਕਿਰਿਆ ਅੱਜ ਤੋਂ ਸ਼ੁਰੂ
30 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ ਪ੍ਰਕਿਰਿਆ: ਡਿਪਟੀ ਕਮਿਸ਼ਨਰ
Publish Date: Wed, 29 Apr 2026 08:06 PM (IST)
Updated Date: Thu, 30 Apr 2026 04:14 AM (IST)

--ਜਨਗਣਨਾ-2027 ਤਹਿਤ 15 ਮਈ ਤੋਂ 13 ਜੂਨ ਤੱਕ ਘਰ-ਘਰ ਜਾ ਕੇ ਹੋਵੇਗਾ ਸਰਵੇਖਣ, ਜਾਣਕਾਰੀ ਪੂਰੀ ਤਰ੍ਹਾਂ ਰਹੇਗੀ ਗੁਪਤ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ, ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਜਨਗਣਨਾ-2027 ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ 30 ਅਪ੍ਰੈਲ ਤੋਂ 14 ਮਈ ਤੱਕ ਸਵੈ-ਗਣਨਾ ਦਾ ਪੜਾਅ ਚਲਾਇਆ ਜਾਵੇਗਾ । ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਾਸੀ ਆਨਲਾਈਨ ਪੋਰਟਲ https://se.census.gov.in ’ਤੇ ਜਾ ਕੇ ਆਸਾਨੀ ਨਾਲ ਆਪਣੇ ਪਰਿਵਾਰ ਦੀ ਜਾਣਕਾਰੀ ਦਰਜ ਕਰ ਸਕਦੇ ਹਨ ਅਤੇ ਜੋ ਪਰਿਵਾਰ ਇਹ ਪ੍ਰਕਿਰਿਆ ਖੁਦ ਮੁਕੰਮਲ ਕਰ ਲੈਣਗੇ, ਉਨ੍ਹਾਂ ਨੂੰ ਬਾਅਦ ਵਿੱਚ ਗਿਣਤੀਕਾਰਾਂ ਨੂੰ ਸਿਰਫ਼ ਆਪਣੀ ਸਵੈ-ਗਣਨਾ ਆਈ.ਡੀ. ਹੀ ਦਿਖਾਉਣੀ ਪਵੇਗੀ। ਇਸ ਤੋਂ ਬਾਅਦ 15 ਮਈ ਤੋਂ 13 ਜੂਨ 2026 ਤੱਕ ਨਿਯੁਕਤ ਗਿਣਤੀਕਾਰ ਘਰ-ਘਰ ਜਾ ਕੇ ਵੇਰਵੇ ਇਕੱਠੇ ਕਰਨਗੇ ਅਤੇ ਫਰਵਰੀ 2027 ਵਿੱਚ ਇੱਕ ਵਿਸਥਾਰਤ ਸਰਵੇਖਣ ਕੀਤਾ ਜਾਵੇਗਾ । ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਰਾਸ਼ਟਰੀ ਕਾਰਜ ਵਿੱਚ ਵੱਧ ਤੋਂ ਵੱਧ ਹਿੱਸੇਦਾਰੀ ਯਕੀਨੀ ਬਣਾਉਣ ਅਤੇ ਗਿਣਤੀਕਾਰਾਂ ਨੂੰ ਸਹੀ ਜਾਣਕਾਰੀ ਦੇ ਕੇ ਸਹਿਯੋਗ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਵੱਲੋਂ ਸਾਂਝੀ ਕੀਤੀ ਗਈ ਸਮੁੱਚੀ ਜਾਣਕਾਰੀ ਪੂਰੀ ਤਰ੍ਹਾਂ ਗੁਪਤ ਅਤੇ ਸੁਰੱਖਿਅਤ ਰੱਖੀ ਜਾਵੇਗੀ ਅਤੇ ਪ੍ਰਸ਼ਾਸਨ ਵੱਲੋਂ ਇਸ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਾਰੇ ਇੰਤਜ਼ਾਮ ਮੁਕੰਮਲ ਕਰ ਲਏ ਗਏ ਹਨ।