ਬਾਸਕਿਟਬਾਲ ਅਕੈਡਮੀ ਲਈ ਚੋਣ ਟਰਾਇਲ 9, 10 ਨੂੰ
ਬਾਸਕਟਬਾਲ ਅਕੈਡਮੀ ਲਈ ਚੋਣ ਟਰਾਇਲ 9 ਅਤੇ 10 ਮਈ ਨੂੰ
Publish Date: Sat, 02 May 2026 08:07 PM (IST)
Updated Date: Sat, 02 May 2026 08:08 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਖੇਡ ਅਫ਼ਸਰ ਕਪੂਰਥਲਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ, ਚੰਡੀਗੜ੍ਹ ਵੱਲੋਂ ਸਾਲ 2026-27 ਦੇ ਸੈਸ਼ਨ ਲਈ ਬਾਸਕਿਟਬਾਲ (ਲੜਕੇ) ਦੇ ਹੋਣਹਾਰ ਖਿਡਾਰੀਆਂ ਦੀ ਚੋਣ ਕਰਨ ਲਈ ਟਰਾਇਲ ਕਰਵਾਏ ਜਾ ਰਹੇ ਹਨ। ਇਹ ਟਰਾਇਲ ਰਿਹਾਇਸ਼ੀ (ਰੈਜ਼ੀਡੈਂਸ਼ੀਅਲ) ਜ਼ਿਲ੍ਹਾ/ਸਬ-ਸੈਂਟਰ ਆਫ ਐਕਸੀਲੈਂਸ, ਪਿੰਡ ਦਬੂਲੀਆਂ ਲਈ ਲਏ ਜਾਣਗੇ। ਇਹ ਚੋਣ ਟਰਾਇਲ ਗੁਰੂ ਨਾਨਕ ਸਟੇਡੀਅਮ, ਕਪੂਰਥਲਾ ਵਿਖੇ ਮਿਤੀ 9 ਮਈ ਤੋਂ 10 ਮਈ 2026 ਤੱਕ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿਚ ਭਾਗ ਲੈਣ ਲਈ ਖਿਡਾਰੀਆਂ ਦੀ ਉਮਰ ਸੀਮਾ ਨਿਰਧਾਰਿਤ ਕੀਤੀ ਗਈ ਹੈ। ਅੰਡਰ-14 ਲਈ ਖਿਡਾਰੀ ਦਾ ਜਨਮ 01-01-2013, ਅੰਡਰ-17 ਲਈ 01-01-2010 ਤੇ ਅੰਡਰ-19 ਲਈ 01-01-2008 ਜਾਂ ਇਸ ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਖਿਡਾਰੀ ਦਾ ਸਰੀਰਕ ਤੇ ਮੈਡੀਕਲ ਤੌਰ 'ਤੇ ਫਿੱਟ ਹੋਣਾ ਲਾਜ਼ਮੀ ਹੈ। ਯੋਗਤਾ ਵਜੋਂ ਖਿਡਾਰੀ ਨੇ ਜ਼ਿਲ੍ਹਾ ਪੱਧਰ 'ਤੇ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋਂ ਕੋਈ ਇਕ ਪ੍ਰਾਪਤ ਕੀਤੀ ਹੋਵੇ ਜਾਂ ਸਟੇਟ ਪੱਧਰ ਦੇ ਮੁਕਾਬਲਿਆਂ ਵਿਚ ਹਿੱਸਾ ਲਿਆ ਹੋਵੇ, ਹਾਲਾਂਕਿ ਨਵੇਂ ਖਿਡਾਰੀਆਂ ਦੇ ਹੁਨਰ ਨੂੰ ਵੀ ਵਿਚਾਰਿਆ ਜਾਵੇਗਾ। ਚੁਣੇ ਗਏ ਰੈਜ਼ੀਡੈਂਸ਼ੀਅਲ ਖਿਡਾਰੀਆਂ ਨੂੰ ਮੁਫ਼ਤ ਕੋਚਿੰਗ ਦੇ ਨਾਲ-ਨਾਲ 350/- ਰੁਪਏ ਪ੍ਰਤੀ ਦਿਨ ਦੀ ਦਰ ਨਾਲ ਖੁਰਾਕ (ਡਾਈਟ) ਮੁਹੱਈਆ ਕਰਵਾਈ ਜਾਵੇਗੀ। ਇਛੁੱਕ ਖਿਡਾਰੀ ਨਿਰਧਾਰਿਤ ਮਿਤੀਆਂ ਨੂੰ ਸਵੇਰੇ 8:00 ਵਜੇ ਰਜਿਸਟ੍ਰੇਸ਼ਨ ਲਈ ਟਰਾਇਲ ਸਥਾਨ 'ਤੇ ਰਿਪੋਰਟ ਕਰਨ। ਦਾਖਲਾ ਫਾਰਮ ਜ਼ਿਲ੍ਹਾ ਖੇਡ ਅਫ਼ਸਰ ਦੇ ਦਫਤਰ ਜਾਂ ਟਰਾਇਲ ਵਾਲੇ ਦਿਨ ਮੌਕੇ 'ਤੇ ਪ੍ਰਾਪਤ ਕੀਤੇ ਜਾ ਸਕਦੇ ਹਨ। ਖਿਡਾਰੀ ਪੰਜਾਬ ਦਾ ਵਸਨੀਕ ਹੋਣਾ ਚਾਹੀਦਾ ਹੈ ਤੇ ਟਰਾਇਲ ਸਮੇਂ ਆਪਣੇ ਜਨਮ ਸਰਟੀਫਿਕੇਟ, ਆਧਾਰ ਕਾਰਡ, ਖੇਡ ਪ੍ਰਾਪਤੀਆਂ ਦੇ ਅਸਲ ਦਸਤਾਵੇਜ਼, ਫੋਟੋ ਕਾਪੀਆਂ ਤੇ 2 ਪਾਸਪੋਰਟ ਸਾਈਜ਼ ਫੋਟੋਆਂ ਨਾਲ ਲੈ ਕੇ ਆਉਣ। ਵਿਭਾਗ ਵੱਲੋਂ ਕੋਈ ਟੀਏ/ਡੀਏ ਨਹੀਂ ਦਿੱਤਾ ਜਾਵੇਗਾ।