ਮਾਤਾ ਭੱਦਰਕਾਲੀ ਮੇਲੇ ’ਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ : ਕੁਲਦੀਪ ਸਿੰਘ
ਮਾਤਾ ਭੱਦਰਕਾਲੀ ਮੇਲੇ ਤੇ ਸੁਰੱਖਿਆ,ਸਫ਼ਾਈ, ਬਿਜਲੀ ਅਤੇ ਪਾਣੀ ਦੇ ਪ੍ਰਬੰਧ ਕੀਤੇ ਜਾਣ : ਕੁਲਦੀਪ ਸਿੰਘ
Publish Date: Fri, 01 May 2026 08:11 PM (IST)
Updated Date: Fri, 01 May 2026 08:14 PM (IST)

ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਵਿਰਾਸਤੀ ਸ਼ਹਿਰ ਦੇ ਸ਼ੇਖੂਪੁਰ ਵਿੱਚ 12 ਅਤੇ 13 ਮਈ ਨੂੰ ਹੋਣ ਵਾਲੇ 79ਵੇਂ ਇਤਿਹਾਸਕ ਮਾਤਾ ਭੱਦਰਕਾਲੀ ਮੇਲੇ ਲਈ ਸੁਰੱਖਿਆ, ਸਫ਼ਾਈ, ਬਿਜਲੀ ਅਤੇ ਪਾਣੀ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਇਹ ਮੰਗ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਕੁਲਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ, ਐੱਸਐੱਸਪੀ ਗੌਰਵ ਤੂਰਾ ਅਤੇ ਪੰਜਾਬ ਪਾਵਰ ਕਾਰਪੋਰੇਸ਼ਨ ਦੇ ਡਿਪਟੀ ਚੀਫ ਇੰਜੀਨੀਅਰ ਤੋਂ ਕੀਤੀ। ਉਨ੍ਹਾਂ ਕਿਹਾ ਕਿ ਇਹ ਮੇਲਾ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭਦਰਕਾਲੀ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਸੋਤਮ ਪਾਸੀ ਸਮੇਤ ਸਮੁੱਚੀ ਮੰਦਰ ਕਮੇਟੀ ਦੀ ਅਨੁਸ਼ਾਸਿਤ ਨਿਗਰਾਨੀ ਹੇਠ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਮੇਤ ਦੂਰ-ਦੁਰਾਡੇ ਤੋਂ ਹਜ਼ਾਰਾਂ ਸ਼ਰਧਾਲੂ ਸ਼ੋਭਾ ਯਾਤਰਾ ਵਿੱਚ ਮੱਥਾ ਟੇਕਣ ਅਤੇ ਮਾਤਾ ਭੱਦਰਕਾਲੀ ਦਾ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ 13 ਮਈ ਨੂੰ ਮੇਲੇ ਵਾਲੇ ਦਿਨ ਅਤੇ ਇੱਕ ਦਿਨ ਪਹਿਲਾਂ 12 ਮਈ ਨੂੰ ਸ਼ਾਲੀਮਾਰ ਬਾਗ ਦੇ ਪ੍ਰਾਚੀਨ ਸ਼੍ਰੀ ਬ੍ਰਹਮਕੁੰਡ ਮੰਦਰ ਤੋਂ ਮਾਤਾ ਭੱਦਰਕਾਲੀ ਦੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ। ਇਹ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਹੁੰਦੇ ਹੋਏ ਸ਼ੇਖੂਪੁਰ ਦੇ ਮਾਤਾ ਭੱਦਰਕਾਲੀ ਮੰਦਰ ਵਿੱਚ ਸਮਾਪਤ ਹੋਵੇਗੀ। ਇਸ ਸ਼ੋਭਾ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਵੱਖ-ਵੱਖ ਸੰਸਥਾ ਵੱਲੋਂ 100 ਤੋਂ ਵੱਧ ਵੱਖ-ਵੱਖ ਕਿਸਮਾਂ ਦੇ ਲੰਗਰ ਅਤੇ ਠੰਢੇ-ਮਿੱਠੇ ਪਾਣੀ ਦੇ ਸਟਾਲ ਲਗਾਏ ਜਾ ਰਹੇ ਹਨ, ਜਿਸ ਦੀ ਤਿਆਰੀ ਲਈ 24 ਘੰਟੇ ਬਿਜਲੀ ਅਤੇ ਪਾਣੀ ਦੀ ਨਿਰੰਤਰ ਸਪਲਾਈ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜਲੂਸ ਅਤੇ ਮੇਲੇ ਦੀ ਸੁਰੱਖਿਅਤ, ਮਾਣਮੱਤੇ, ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਫਲਤਾ ਲਈ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਤੱਤਾਂ, ਖਾਸ ਕਰ ਕੇ ਜੇਬਕਤਰਿਆਂ ਨੂੰ ਰੋਕਣ ਲਈ ਸਖ਼ਤ ਸੁਰੱਖਿਆ ਅਤੇ ਟ੍ਰੈਫਿਕ ਪ੍ਰਣਾਲੀ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁਲਦੀਪ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼ੋਭਾ ਯਾਤਰਾ ਅਤੇ ਮੇਲੇ ਦੀ ਸਫਲਤਾ ਅਤੇ ਸ਼ਾਨ ਨੂੰ ਵਧਾਉਣ ਅਤੇ ਇਸ ਨੂੰ ਯਾਦਗਾਰੀ ਬਣਾਉਣ ਲਈ ਸ਼੍ਰੀ ਦੁਰਗਾ ਮੰਡਲ ਮੰਦਰ ਮਾਤਾ ਭੱਦਰਕਾਲੀ ਵੈੱਲਫੇਅਰ ਸੁਸਾਇਟੀ ਅਤੇ ਜ਼ਿਲ੍ਹਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।