ਐੱਸਡੀਐੱਮ ਅਮਨਪਾਲ ਸਿੰਘ ਨੇ ਸੀਐੱਸਸੀ ਸੈਂਟਰ ਦਾ ਕੀਤਾ ਨਿਰੀਖਣ
ਐਸਡੀਐਮ ਅਮਨਪਾਲ ਸਿੰਘ ਨੇ ਸੁਲਤਾਨਪੁਰ ਲੋਧੀ ਵਿੱਚ ਸੀਐਸਸੀ ਸੈਂਟਰ ਦਾ ਨਿਰੀਖਣ ਕੀਤਾ
Publish Date: Sat, 14 Mar 2026 10:13 PM (IST)
Updated Date: Sat, 14 Mar 2026 10:15 PM (IST)

-- ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਜਾਰੀ ਕੀਤੇ ਜਾ ਰਹੇ ਸਿਹਤ ਕਾਰਡ; 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਉਪਲਬਧ : ਐੱਸਡੀਐੱਮ ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਵਿਚ ਐੱਸਡੀਐੱਮ ਅਮਨਪਾਲ ਸਿੰਘ ਨੇ ਸਥਾਨਕ ਸੀਐੱਸਸੀ (ਕਾਮਨ ਸਰਵਿਸ ਸੈਂਟਰ) ਦਾ ਦੌਰਾ ਕੀਤਾ ਤੇ ਉਥੇ ਚੱਲ ਰਹੇ ਕਾਰਜਾਂ ਦਾ ਨਿਰੀਖਣ ਕੀਤਾ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਬਾਰੇ ਪੁੱਛਗਿੱਛ ਕੀਤੀ ਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਕਿ ਜਨਤਾ ਇਸ ਪਹਿਲਕਦਮੀ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰੇ। ਐੱਸਡੀਐੱਮ ਅਮਨਪਾਲ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੀਐੱਸਸੀ ਸੈਂਟਰ ਤੇ ਜਨਤਾ ਨੂੰ ਮੁਫ਼ਤ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜੋ ਲੋੜਵੰਦ ਪਰਿਵਾਰਾਂ ਨੂੰ ਮਹੱਤਵਪੂਰਨ ਰਾਹਤ ਪ੍ਰਦਾਨ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਤਹਿਤ ਹਰੇਕ ਯੋਗ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਉਪਲਬਧ ਕਰਵਾਇਆ ਜਾਵੇਗਾ। ਲੋਕਾਂ ਨੂੰ ਵੱਡੀ ਗਿਣਤੀ ਵਿਚ ਆਪਣੇ ਸਿਹਤ ਕਾਰਡ ਜਾਰੀ ਕਰਵਾਉਣ ਲਈ ਉਤਸ਼ਾਹਿਤ ਕਰਦੇ ਹੋਏ, ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਯੋਜਨਾ ਆਮ ਆਦਮੀ ਲਈ ਬਹੁਤ ਫਾਇਦੇਮੰਦ ਹੈ ਤੇ ਸਾਰੇ ਪਰਿਵਾਰਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੇ ਬੋਝ ਤੋਂ ਰਾਹਤ ਪ੍ਰਦਾਨ ਕਰੇਗੀ। ਐੱਸਡੀਐੱਮ ਨੇ ਦੱਸਿਆ ਕਿ ਜਨਤਾ ਦੀ ਸਹੂਲਤ ਲਈ ਨਗਰ ਕੌਂਸਲ ਦਫ਼ਤਰ ਤੇ ਐੱਸਡੀਐੱਮ ਦਫ਼ਤਰ ਵਿਖੇ ਵਿਸ਼ੇਸ਼ ਕੈਂਪ ਵੀ ਲਗਾਏ ਗਏ ਹਨ, ਜਿਥੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਿਹਤ ਕਾਰਡ ਜਾਰੀ ਕੀਤੇ ਜਾ ਰਹੇ ਹਨ, ਜਿਸ ਨਾਲ ਵੱਧ ਤੋਂ ਵੱਧ ਲੋਕ ਇਸ ਪਹਿਲਕਦਮੀ ਦਾ ਲਾਭ ਉਠਾ ਸਕਣਗੇ। ਇਸ ਮੌਕੇ ਗੁਜਰਾਲ ਸੀਐੱਸਸੀ ਸੈਂਟਰ ਦੇ ਐੱਮਡੀ ਆਸ਼ੂ ਗੁਜਰਾਲ ਨੇ ਐੱਸਡੀਐੱਮ ਅਮਨ ਪਾਲ ਸਿੰਘ ਦਾ ਸਨਮਾਨ ਕੀਤਾ। ਇਸ ਸਮਾਗਮ ਵਿਚ ਨਾਇਬ ਤਹਿਸੀਲਦਾਰ ਗੁਰਵਿੰਦਰ ਸਿੰਘ ਵਿਰਕ, ਸਮਾਜ ਸੇਵਕ ਤੇਜਿੰਦਰ ਸਿੰਘ ਜੋਸਨ, ਆਪ ਆਗੂ ਜਤਿੰਦਰ ਸੇਠੀ, ਸਾਬਕਾ ਕੌਂਸਲਰ ਵਿੱਕੀ ਚੌਹਾਨ, ਕੌਂਸਲਰ ਰਜਿੰਦਰ ਸਿੰਘ, ਦੀਪਕ ਕੁਮਾਰ ਦੀਪੂ, ਸ਼ਿੰਦਰਪਾਲ, ਪ੍ਰਧਾਨ ਸੁਰਿੰਦਰ ਅਰੋੜਾ ਤੇ ਪਟਵਾਰੀ ਲਵਪ੍ਰੀਤ ਸਿੰਘ ਵੀ ਮੌਜੂਦ ਸਨ।