ਗੈਰ-ਵਿੱਦਿਅਕ ਡਿਊਟੀਆਂ ਕਾਰਨ ਸਕੂਲ ਖਾਲ੍ਹੀ : ਡੀਟੀਐੱਫ
ਗੈਰ ਵਿੱਦਿਅਕ ਡਿਊਟੀਆਂ ਕਾਰਨ ਸਕੂਲ ਖਾਲੀ,ਗਰੀਬਾਂ ਦੀ ਸਿੱਖਿਆ ਦਾ ਕੋਈ ਨਹੀਂ ਵਾਲੀ - ਡੀ ਟੀ ਐਫ
Publish Date: Tue, 19 May 2026 06:56 PM (IST)
Updated Date: Tue, 19 May 2026 06:57 PM (IST)

ਗਰੀਬਾਂ ਦੀ ਸਿੱਖਿਆ ਦਾ ਕੋਈ ਨਹੀਂ ਵਾਲੀ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ (ਡੀਟੀਐੱਫ) ਦੀ ਫਗਵਾੜਾ ਇਕਾਈ ਦੀ ਸੰਖੇਪ ਮੀਟਿੰਗ ਉਪਰੰਤ ਆਗੂਆਂ ਨੇ ਪ੍ਰੈੱਸ ਬਿਆਨ ਚ ਦੱਸਿਆ ਕਿ ਅੱਜਕੱਲ ਪੰਜਾਬ ਦੇ ਮੁਲਾਜ਼ਮ ਜਿਨ੍ਹਾਂ ਵਿਚੋਂ ਜ਼ਿਆਦਾਤਰ ਅਧਿਆਪਕ ਹੀ ਹਨ, ਗੈਰ-ਵਿੱਦਿਅਕ ਡਿਊਟੀਆਂ ਵਿਚ ਉਲਝਾ ਦਿੱਤੇ ਗਏ ਹਨ। ਇਕ ਪਾਸੇ ਜਨਗਣਨਾ ਦੀ ਡਿਊਟੀ ਸ਼ੁਰੂ ਹੋ ਗਈ ਹੈ, ਦੂਜੇ ਪਾਸੇ ਪੰਜਾਬ ਸਰਕਾਰ ਦਾ ਡਰੱਗ ਸੈਂਸਜ਼ ਵੀ ਬਰਾਬਰ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਚੋਣ ਵਿਭਾਗ ਦੀ ਭਾਰੀ ਭਰਕਮ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਸ਼ੀ੍ਰ ਨੇ ਅਧਿਆਪਕਾਂ ਦੀ ਬਹੁਤ ਵੱਡੀ ਗਿਣਤੀ ਨੂੰ ਸਕੂਲਾਂ ’ਚੋਂ ਬਾਹਰ ਧੱਕਿਆ ਹੋਇਆ ਹੈ। ਇਥੇ ਹੀ ਬੱਸ ਨਹੀਂ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਵੀ ਐਲਾਨ ਹੋ ਗਿਆ ਹੈ ਤੇ ਅਧਿਆਪਕ ਸਕੂਲ ਛੱਡ ਕੇ ਚੋਣ ਰਿਹਰਸਲ ਤੇ ਭੇਜ ਦਿੱਤੇ ਗਏ ਹਨ। ਇਨ੍ਹਾਂ ਸਾਰੇ ਕੰਮਾਂ ਨੇ ਸਕੂਲਾਂ ਵਿਚ ਪੜ੍ਹਾਈ ਦਾ ਇੰਨਾ ਨੁਕਸਾਨ ਕਰ ਦਿੱਤਾ ਹੈ, ਜਿਸਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ। ਡੀਟੀਐੱਫ ਦੇ ਸਥਾਨਕ ਆਗੂਆਂ ਗੁਰਮੁਖ ਲੋਕਪ੍ਰੇਮੀ, ਜਤਿੰਦਰ ਕੁਮਾਰ, ਹਰਜਿੰਦਰ ਨਿਆਣਾ, ਸਤਨਾਮ ਪਰਮਾਰ, ਮਲਕੀਤ ਸਿੰਘ ਤੇ ਵਿਸ਼ੇਸ਼ ਤੌਰ ’ਤੇ ਸ਼ਾਮਲ ਜ਼ਿਲ੍ਹਾ ਆਗੂ ਹਰਵਿੰਦਰ ਅੱਲੂਵਾਲ ਤੇ ਤਜਿੰਦਰ ਸਿੰਘ ਨੇ ਸਰਕਾਰ ਵੱਲੋਂ ਪ੍ਰਚਾਰੀ ਜਾਂਦੀ ਸਿੱਖਿਆ ਕ੍ਰਾਂਤੀ ਨੂੰ ਕਟਿਹਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਗਰੀਬ ਤੇ ਨਿਮਨ ਮੱਧਵਰਗੀ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ, ਜਿਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਜੇ ਕਿਸੇ ਮੰਤਰੀਆਂ ਜਾਂ ਅਫ਼ਸਰਾਂ ਦੇ ਬੱਚੇ ਸਰਕਾਰੀ ਸਕੂਲ ਵਿਚ ਪੜ੍ਹਦੇ ਹੋਣ ਤਾਂ ਉਹ ਸ਼ਾਇਦ ਇਨ੍ਹਾਂ ਵਿਦਿਆਰਥੀਆਂ ਦਾ ਦਰਦ ਸਮਝ ਸਕਦੇ। ਨਵੇਂ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਅਧਿਆਪਕਾਂ ਨੂੰ ਡੱਕੇ ਜੋਗਾ ਵੀ ਆਪਣਾ ਅਸਲ ਕੰਮ ਨਹੀਂ ਕਰਨ ਦਿੱਤਾ ਗਿਆ। ਇਵੇਂ ਹੀ ਸਿੱਖਿਆ ਵਿਭਾਗ ਦੀ ਵੀ ਵੱਡੀ ਅਣਗਿਹਲੀ ਸਾਹਮਣੇ ਆਈ ਹੈ, ਉਸਨੇ ਆਪਣੇ ਲਗਭਗ 80 ਪ੍ਰਤੀਸ਼ਤ ਸਟਾਫ ਨੂੰ ਇਨ੍ਹਾਂ ਡਿਊਟੀਆਂ ਵਾਸਤੇ ਭੇਜ ਦਿੱਤਾ ਹੈ। ਜਿਥੇ ਇਨ੍ਹਾਂ ਸਾਰੀਆਂ ਡਿਊਟੀਆਂ ਨੂੰ ਪੜਾਅਵਾਰ ਭੁਗਤਾਇਆ ਜਾ ਸਕਦਾ ਸੀ, ਉਥੇ ਹਰੇਕ ਵਿਭਾਗ ਵਿਚੋਂ ਅਨੁਪਾਤ ਅਨੁਸਾਰ ਅਮਲਾ ਲਿਆ ਜਾ ਸਕਦਾ ਸੀ। ਪੰਜਾਬੀ ਵਿਚ ਇਕ ਕਹਾਵਤ ਹੈ ਕਿ ‘ਮਰਿਆ ਨਹੀਂ ਆਕੜਿਆ ਆ’ ਬਿਲਕੁਲ ਉਵੇਂ ਸਿੱਖਿਆ ਵਿਭਾਗ ਦੇ ਅਧਿਕਾਰੀ ਸਾਰੇ ਸਟਾਫ ਨੂੰ ਡਿਊਟੀ ਤੇ ਭੇਜ ਕੇ ਫਿਰ ਵੀ ਸਕੂਲ ਖੁੱਲ੍ਹਾ ਰੱਖਣ ਦੀ ਹਦਾਇਤ ਦੇ ਰਹੇ ਹਨ। ਕੀ ਇਨ੍ਹਾਂ ਸਕੂਲਾਂ ਨੂੰ ਖੁੱਲ੍ਹਾ ਕਿਹਾ ਜਾ ਸਕਦਾ ਹੈ? ਕੀ ਸਕੂਲ ਸਿਰਫ ਖੁੱਲਣ ਲਈ ਹੁੰਦੇ ਹਨ? ਅਧਿਆਪਕਾਂ ਤੋਂ ਬਗੈਰ ਖੁੱਲ੍ਹੇ ਸਕੂਲ ਬੰਦ ਵਰਗੇ ਹੀ ਹੁੰਦੇ ਹਨ। ਅਜਿਹੀਆਂ ਸਥਿਤੀਆਂ ਵਿਚ ਲੋਕਾਂ ਦਾ ਸਰਕਾਰੀ ਸਿੱਖਿਆ ਅਦਾਰਿਆਂ ਤੋਂ ਰਹਿੰਦਾ-ਖੂੰਹਦਾ ਵਿਸ਼ਵਾਸ ਵੀ ਉੱਠਣਾ ਯਕੀਨੀ ਹੈ ਤੇ ਇਹੀ ਕਾਰਪੋਰੇਟੀ ਸਰਕਾਰਾਂ ਚਾਹੁੰਦੀਆਂ ਹਨ। ਆਗੂਆਂ ਨੇ ਮੰਗ ਰੱਖੀ ਕਿ ਇਨ੍ਹਾਂ ਸਾਰੇ ਕੰਮਾਂ ਵਾਸਤੇ ਦਰ-ਦਰ ਠੋਕਰਾਂ ਖਾਂਦੇ ਬੇਰੁਜ਼ਗਾਰਾਂ ਨੂੰ ਲਗਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਰੁਜ਼ਗਾਰ ਵੀ ਮੁਹੱਈਆ ਹੋਵੇ ਤੇ ਸਰਕਾਰੀ ਅਦਾਰੇ ਵੀ ਪ੍ਰਭਾਵਿਤ ਨਾ ਹੋਣ। ਇਸ ਮੌਕੇ ਸੁਰਿੰਦਰ ਰਾਮ, ਸੁਖਜਿੰਦਰ ਸਿੰਘ, ਸਤਿੰਦਰ ਕੁਮਾਰ ਤੇ ਕੁਲਦੀਪਕ ਕਾਲੀਆ ਤੇ ਸ਼ਸ਼ੀ ਕੁਮਾਰ ਸਿੰਘ ਆਦਿ ਵੀ ਹਾਜ਼ਰ ਸਨ।