ਸਰਬ ਨੌਜਵਾਨ ਸਭਾ ਨੇ ਸਿਵਲ ਹਸਪਤਾਲ ‘ਚ ਮਨਾਇਆ ਅੰਤਰਰਾਸ਼ਟਰੀ ਨਰਸ ਦਿਵਸ

ਪੰਜਾਬੀ ਜਾਗਰਣ ਪ੍ਰਤੀਨਿਧ
ਫਗਵਾੜਾ : ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਤੇ ਸਰਬ ਨੌਜਵਾਨ ਵੈੱਲਫੇਅਰ ਸੁਸਾਇਟੀ ਰਜਿ. ਫਗਵਾੜਾ ਵੱਲੋਂ ਅੰਤਰਰਾਸ਼ਟਰੀ ਨਰਸ ਦਿਵਸ ਸਿਵਲ ਹਸਪਤਾਲ ਫਗਵਾੜਾ ਵਿਖੇ ਬੜੀ ਸ਼ਰਧਾ, ਸਤਿਕਾਰ ਤੇ ਭਾਵੁਕ ਮਾਹੌਲ ਵਿਚ ਮਨਾਇਆ ਗਿਆ। ਸਮਾਗਮ ਦੀ ਅਗਵਾਈ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਐੱਸਡੀਐੱਮ ਫਗਵਾੜਾ ਰਣਦੀਪ ਸਿੰਘ ਸਨ, ਜਦਕਿ ਵਿਸ਼ੇਸ਼ ਮਹਿਮਾਨਾਂ ਵਜੋਂ ਐੱਸਐੱਮਓ ਡਾ. ਸਿਮਰਦੀਪ ਕੌਰ, ਪ੍ਰਿੰਸੀਪਲ ਗੁਰਮੀਤ ਪਲਾਹੀ ਤੇ ਸੰਤੋਸ਼ ਕੁਮਾਰ ਗੋਗੀ ਜ਼ਿਲ੍ਹਾ ਸਕੱਤਰ ਆਮ ਆਦਮੀ ਪਾਰਟੀ ਨੇ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਰਣਦੀਪ ਸਿੰਘ ਨੇ ਆਪਣੇ ਸੰਬੋਧਨ ਵਿਚ ਨਰਸਾਂ ਦੀ ਨਿਰਸੁਆਰਥ ਸੇਵਾ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਨਰਸਾਂ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ, ਜੋ ਆਪਣੀ ਮਮਤਾ, ਸੇਵਾ ਭਾਵਨਾ ਤੇ ਮਨੁੱਖਤਾ ਨਾਲ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੰਦੀਆਂ ਹਨ। ਵਿਸ਼ੇਸ਼ ਮਹਿਮਾਨ ਡਾ. ਸਿਮਰਦੀਪ ਕੌਰ ਨੇ ਕਿਹਾ ਕਿ ਨਰਸਿੰਗ ਸਿਰਫ਼ ਇਕ ਨੌਕਰੀ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਸਭ ਤੋਂ ਵੱਡਾ ਧਰਮ ਹੈ। ਉਨ੍ਹਾਂ ਸਰਬ ਨੌਜਵਾਨ ਸਭਾ ਵੱਲੋਂ ਨਰਸਾਂ ਦੇ ਸਨਮਾਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਗੁਰਮੀਤ ਪਲਾਹੀ ਨੇ ਲੇਡੀ ਵਿਦ ਦਿ ਲੈਂਪ ਫਲੋਰੈਂਸ ਨਾਈਟਿੰਗੇਲ ਦੀ ਮਨੁੱਖਤਾ ਲਈ ਕੀਤੀ ਸੇਵਾ ਨੂੰ ਯਾਦ ਕਰਦਿਆਂ ਕਿਹਾ ਕਿ ਸੇਵਾ ਭਾਵਨਾ ਸਮਾਜ ਨੂੰ ਅੱਗੇ ਵਧਾਉਣ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਨਰਸਾਂ ਇਸ ਦੀ ਜੀਵੰਤ ਮਿਸਾਲ ਹਨ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਨਰਸਾਂ ਮਰੀਜ਼ਾਂ ਨੂੰ ਸਿਰਫ਼ ਦਵਾਈ ਹੀ ਨਹੀਂ ਦਿੰਦੀਆਂ, ਸਗੋਂ ਉਨ੍ਹਾਂ ਵਿਚ ਹੌਸਲਾ ਤੇ ਜੀਉਣ ਦੀ ਉਮੀਦ ਵੀ ਭਰਦੀਆਂ ਹਨ। ਮੰਚ ਸੰਚਾਲਨ ਲੈਕਚਰਾਰ ਹਰਜਿੰਦਰ ਗੋਗਨਾ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਸਨਮਾਨਿਤ ਨਰਸਾਂ ਵਿਚ ਸਟਾਫ ਨਰਸ ਰੀਟਾ (ਨਰਸਿੰਗ ਹੈੱਡ), ਗੁਰਪ੍ਰੀਤ ਕੌਰ (ਆਪ੍ਰੇਸ਼ਨ ਥੀਏਟਰ), ਗੁਰਵਿੰਦਰ ਕੌਰ (ਐਮਰਜੈਂਸੀ), ਸੁਮਨ ਬਾਲਾ (ਲੇਬਰ ਰੂਮ), ਰਿਤੂ (ਲੇਬਰ ਰੂਮ), ਜਸਪ੍ਰੀਤ ਕੌਰ (ਬਲੱਡ ਬੈਂਕ) ਤੇ ਰਜਨੀ (ਐੱਮਸੀਐੱਚ) ਸ਼ਾਮਲ ਸਨ। ਸਨਮਾਨ ਪ੍ਰਾਪਤ ਕਰਦਿਆਂ ਕਈ ਨਰਸਾਂ ਭਾਵੁਕ ਨਜ਼ਰ ਆਈਆਂ ਤੇ ਉਨ੍ਹਾਂ ਕਿਹਾ ਕਿ ਸਮਾਜ ਵੱਲੋਂ ਮਿਲਿਆ ਇਹ ਸਤਿਕਾਰ ਉਨ੍ਹਾਂ ਨੂੰ ਹੋਰ ਵੀ ਤਨਦੇਹੀ ਦੇ ਨਾਲ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ। ਅਖੀਰ ‘ਚ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਨ ਵਾਲੇ ਲੋਕ ਸਮਾਜ ਦੇ ਅਸਲ ਹੀਰੋ ਹੁੰਦੇ ਹਨ ਤੇ ਨਰਸਾਂ ਤੋਂ ਬਗੈਰ ਸਿਹਤ ਸੇਵਾਵਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਵਿਜੇ ਕੁਮਾਰ, ਉਪ ਪ੍ਰਧਾਨ ਰਵਿੰਦਰ ਸਿੰਘ ਰਾਏ, ਨਰਿੰਦਰ ਸੈਣੀ, ਮਦਨ ਲਾਲ ਕੋਰੋਟਾਨੀਆ, ਰਣਜੀਤ ਬੇਦੀ, ਰਮਨ ਨੇਹਰਾ, ਸੁਸ਼ੀਲ ਸ਼ਰਮਾ, ਗੁਲਸ਼ਨ ਕਪੂਰ, ਪਰਮਜੀਤ ਰਾਏ, ਮੈਨੇਜਰ ਜਗਜੀਤ ਸੇਠ, ਅਨੂਪ ਦੁੱਗਲ, ਮੈਡਮ ਗੁਰਜੀਤ ਕੌਰ, ਮੈਡਮ ਖੁਸ਼ੀ ਰਾਣਾ, ਅਨਾਮਿਕਾ, ਆਸ਼ਾ, ਅਰਾਧਨਾ, ਪ੍ਰਿਆ, ਮਨਪ੍ਰੀਤ, ਗੁਰਲੀਨ, ਲਵਦੀਪ, ਜਸਦੀਪ, ਮੁਸਕਾਨ, ਭਾਰਤੀ, ਰਿਤਿਕਾ, ਕਮਲ, ਲਾਲੀ ਸਮੇਤ ਹੋਰ ਪਤਵੰਤੇ ਹਾਜ਼ਰ ਸਨ।