ਸੰਤ ਸੀਚੇਵਾਲ ਨੇ ਕੀਤੀ ਫਿਲੀਪੀਂਸ ਦੇ ਗੁਰੂਘਰਾਂ ’ਚ ਸਰਬੱਤ ਦੇ ਭਲੇ ਦੀ ਅਰਦਾਸ
ਸੰਤ ਸੀਚੇਵਾਲ ਵੱਲੋਂ ਫਿਲੀਪੀਨਜ਼ ਦੇ ਗੁਰੂਘਰਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ
Publish Date: Thu, 05 Mar 2026 10:26 PM (IST)
Updated Date: Thu, 05 Mar 2026 10:29 PM (IST)

ਵਿਸ਼ਵ ’ਚ ਵੱਧ ਰਹੇ ਜੰਗੀ ਤਨਾਅ ਤੇ ਪ੍ਰਗਟਾਈ ਡੂੰਘੀ ਚਿੰਤਾ ਮਨੱਖਤਾ ਦਾ ਘਾਣ ਕਰ ਰਹੀਆਂ ਧਿਰਾਂ ਵਿਰੁੱਧ ਅਵਾਜ਼ ਉਠਾਉਣ ਦੀ ਲੋੜ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਫਿਲੀਪੀਂਸ ਦੌਰੇ ਦੇ ਆਖਰੀ ਦਿਨਾਂ ਦੌਰਾਨ ਪ੍ਰਸਿੱਧ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸੀਬੂ ਸ਼ਹਿਰ ਦੇ ਗੁਰੂਘਰਾਂ ਵਿਚ ਹੋਏ ਧਾਰਮਿਕ ਸਮਾਗਮਾਂ ਦੌਰਾਨ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਤੇ ਦੁਨੀਆ ਵਿਚ ਵਧ ਰਹੇ ਜੰਗੀ ਤਣਾਅ ਦੇ ਖਤਮ ਹੋਣ ਦੀ ਕਾਮਨਾ ਕੀਤੀ ਗਈ। ਉਨ੍ਹਾਂ ਨੇ ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚਕਾਰ ਬਣ ਰਹੀ ਤਨਾਅ ਭਰੀ ਸਥਿਤੀ ਦੇ ਸ਼ਾਂਤੀਪੂਰਨ ਹੱਲ ਲਈ ਅਰਦਾਸ ਕਰਦਿਆਂ ਕਿਹਾ ਕਿ ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦੀ। ਸੰਤ ਸੀਚੇਵਾਲ ਨੇ ਕਿਹਾ ਕਿ ਜਦੋਂ ਤਨਾਅ ਹੱਦੋਂ ਵੱਧ ਜਾਂਦੇ ਹਨ ਤਾਂ ਇਹ ਵਿਸ਼ਵ ਯੁੱਧ ਦਾ ਰੂਪ ਧਾਰ ਸਕਦੇ ਹਨ, ਜਿਸ ਦਾ ਸਭ ਤੋਂ ਵੱਡਾ ਖਮਿਆਜ਼ਾ ਬੇਗੁਨਾਹ ਲੋਕਾਂ, ਖ਼ਾਸ ਕਰਕੇ ਬੱਚਿਆਂ ਤੇ ਔਰਤਾਂ ਨੂੰ ਭੁਗਤਣਾ ਪੈਂਦਾ ਹੈ। ਸੰਤ ਸੀਚੇਵਾਲ ਨੇ ਦੱਸਿਆ ਕਿ ਹਾਲ ਹੀ ਵਿਚ ਇਕ ਸਕੂਲ ਵਿਚ ਮਿਜ਼ਾਈਲ ਹਮਲੇ ਦੌਰਾਨ 161 ਲੜਕੀਆਂ ਦੀ ਦੁਖਦਾਈ ਮੌਤ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਹ ਉਹ ਬੱਚੀਆਂ ਸਨ ਜੋ ਆਪਣੇ ਉਜਲੇ ਭਵਿੱਖ ਲਈ ਸਕੂਲਾਂ ਵਿਚ ਪੜ੍ਹ ਰਹੀਆਂ ਸਨ, ਪਰ ਜੰਗੀ ਤਬਾਹੀ ਨੇ ਉਨ੍ਹਾਂ ਦੇ ਸੁਪਨੇ ਖੋਹ ਲਏ। ਸੰਤ ਸੀਚੇਵਾਲ ਵੱਲੋਂ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਮੋਬੋਲੋ ਤੇ ਗੁਰਦੁਆਰਾ ਸਿੰਘ ਸਭਾ ਸੀਬੂ ਵਿਖੇ ਕਰਵਾਏ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਨੂੰ ਗੁਰਮਤਿ ਅਨੁਸਾਰ ਜੀਵਨ ਬਤੀਤ ਕਰਨ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਿਥੇ ਘਰ ਵਿਚ ਲੜਾਈ ਹੋਵੇ ਉਹ ਘਰ ਤਰੱਕੀ ਨਹੀਂ ਕਰਦਾ ਤੇ ਜਿਥੇ ਦੇਸ਼ਾਂ ਵਿਚ ਜੰਗ ਹੋਵੇ ਉਹ ਦੇਸ਼ ਵੀ ਕਦੇ ਖੁਸ਼ਹਾਲ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਵਿਚ ਯੂਕ੍ਰੇਨ ਤੇ ਰਸ਼ੀਆ ਦੀ ਜੰਗ ਨੇ ਵੀ ਲੱਖਾਂ ਪਰਿਵਾਰਾਂ ਨੂੰ ਉਜਾੜ ਦਿੱਤਾ। ਇਸੇ ਤਰ੍ਹਾਂ ਗਾਜ਼ਾ ਵਿਚ ਹੋਈ ਤਬਾਹੀ ਨੇ ਮਨੁੱਖਤਾ ਨੂੰ ਢਾਹਡਾ ਦੁੱਖ ਦਿੱਤਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਵੱਡੀਆਂ ਤਾਕਤਾਂ ਜੇਕਰ ਆਪਣੀ ਸਰਦਾਰੀ ਕਾਇਮ ਕਰਨ ਲਈ ਛੋਟੇ ਦੇਸ਼ਾਂ ‘ਤੇ ਹਮਲੇ ਕਰਦੀਆਂ ਹਨ ਤਾਂ ਇਸ ਨਾਲ ਸਿਰਫ ਮਨੁੱਖਤਾ ਦਾ ਘਾਣ ਹੁੰਦਾ ਹੈ। ਉਨ੍ਹਾਂ ਨੇ ਸਮੂਹ ਵਿਸ਼ਵ ਭਾਈਚਾਰੇ ਨੂੰ ਅਪੀਲ ਕੀਤੀ ਕਿ ਅਜਿਹੀਆਂ ਸਾਮਰਾਜੀ ਸੋਚਾਂ ਦੇ ਖਿਲਾਫ ਇਕੱਠੇ ਹੋ ਕੇ ਆਵਾਜ਼ ਉਠਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਵਿਚ ਰੋਜ਼ੀ-ਰੋਟੀ ਲਈ ਗਏ ਲੱਖਾਂ ਭਾਰਤੀ ਅੱਜ ਚਿੰਤਾ ਵਿਚ ਹਨ। ਸਰਕਾਰਾਂ ਆਪਣਾ ਕੰਮ ਕਰ ਰਹੀਆਂ ਹਨ ਪਰ ਸਮਾਜ ਨੂੰ ਵੀ ਮਨੁੱਖਤਾ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਲਈ ਦੁਨੀਆ ਦੇ ਨੇਤਾਵਾਂ ਨੂੰ ਜੰਗ ਦੀ ਬਜਾਏ ਸੰਵਾਦ ਤੇ ਸ਼ਾਂਤੀ ਦਾ ਰਾਹ ਅਪਣਾਉਣਾ ਚਾਹੀਦਾ ਹੈ। ਇਸ ਮੌਕੇ ਗੁਰੂਘਰਾਂ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਸੀਚੇਵਾਲ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸਰਾਹਨਾ ਕੀਤੀ ਗਈ। ਖਾਸ ਕਰਕੇ ਅਰਬ ਦੇਸ਼ਾਂ ਵਿਚ ਫਸੀਆਂ ਪੰਜਾਬ ਦੀਆਂ ਧੀਆਂ ਦੀ ਸੁਰੱਖਿਅਤ ਵਾਪਸੀ ਲਈ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ਵਿਚ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਵਿਸ਼ਵ ਵਿਚ ਬਣੇ ਜੰਗੀ ਹਾਲਾਤ ਜਲਦੀ ਖ਼ਤਮ ਹੋਣ ਤੇ ਵਿਸ਼ਵ ਵਿਚ ਭਾਈਚਾਰੇ ਤੇ ਸੁਖ-ਸ਼ਾਂਤੀ ਦਾ ਮਾਹੌਲ ਬਣੇ।