ਸੰਤ ਸੀਚੇਵਾਲ ਨੇ ਆਪਣੀ ਤਨਖਾਹ ਵਿੱਚੋਂ ਕਿਸਾਨਾਂ ਨੂੰ ਲੈ ਕੇ ਦਿੱਤੇ 100 ਬੋਰੇ ਖਾਦ ਦੇ

--ਮੰਡ ਇਲਾਕੇ ’ਚ 50 ਏਕੜ ਨਵੇਂ ਪੱਧਰੇ ਖੇਤਾਂ ’ਚ ਮੱਕੀ ਦੀ ਬਿਜਾਈ ਸ਼ੁਰੂ
--ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੇ ਬਣੇ ਸੰਤ ਸੀਚੇਵਾਲ
ਕੁਲਬੀਰ ਸਿੰਘ ਮਿੰਟੂ, ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਮੰਡ ਇਲਾਕੇ ਦੇ ਕਿਸਾਨਾਂ ਦੀ ਸਹਾਇਤਾ ਲਈ ਆਪਣੀ ਰਾਜ ਸਭਾ ਦੀ ਤਨਖਾਹ ਵਿਚੋਂ 100 ਬੋਰੇ ਖਾਦ ਦੇ ਮੁਹੱਈਆ ਕਰਵਾਏ ਗਏ ਹਨ। ਇਲਾਕੇ ਵਿਚ ਪਿਛਲੇ ਸੱਤ ਮਹੀਨਿਆਂ ਤੋਂ ਛੋਟੇ ਕਿਸਾਨਾਂ ਦੇ ਖੇਤ ਪੱਧਰੇ ਕਰਨ ਦੀ ਕਾਰਸੇਵਾ ਲਗਾਤਾਰ ਜਾਰੀ ਹੈ। ਹੜ੍ਹ ਪ੍ਰਭਾਵਿਤ ਮੰਡ ਇਲਾਕੇ ਦੀ ਜ਼ਿੰਦਗੀ ਮੁੜ ਪਟੜੀ ‘ਤੇ ਆ ਰਹੀ ਹੈ। ਅੱਜ ਮੰਡ ਇਲਾਕੇ ਵਿਚ ਲਗਭਗ 50 ਏਕੜ ਨਵੇਂ ਪੱਧਰੇ ਕੀਤੇ ਖੇਤਾਂ ਵਿਚ ਮੱਕੀ ਦੀ ਬਿਜਾਈ ਦੀ ਸ਼ੁਰੂਆਤ ਵੀ ਕਰਵਾਈ ਗਈ। ਇਸ ਤੋਂ ਪਹਿਲਾਂ ਪਿੰਡ ਬਾਊਪੁਰ ਵਿਖੇ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਦੌਰਾਨ ਇਲਾਕੇ ਭਰ ਦੇ ਲੋਕ ਵੱਡੀ ਗਿਣਤੀ ਵਿਚ ਹਾਜ਼ਰ ਰਹੇ। ਇਸ ਮੌਕੇ ਸੰਤ ਸੀਚੇਵਾਲ ਨੇ ਕਿਹਾ ਕਿ ਇਲਾਕੇ ਵਿਚ ਕਾਰਸੇਵਾ ਦੇ ਕਾਰਜ ਸੰਗਤ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੇ ਨਵੰਬਰ ਮਹੀਨੇ ਤੱਕ ਕਰੀਬ 200 ਤੋਂ 250 ਖੇਤ ਪੱਧਰੇ ਕਰਕੇ ਕਣਕ ਦੀ ਬਿਜਾਈ ਕੀਤੀ ਗਈ ਸੀ। ਜਿਹੜੇ ਕਿਸਾਨਾਂ ਦੇ ਖੇਤ ਉਸ ਸਮੇਂ ਪੱਧਰੇ ਹੋਣ ਤੋਂ ਰਹਿ ਗਏ ਸਨ, ਉਨ੍ਹਾਂ ਦੇ ਖੇਤ ਤਿਆਰ ਕਰਕੇ ਹੁਣ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿੰਡ ਬਾਊਪੁਰ ਦੇ ਸਰਪੰਚ ਗੁਰਮੀਤ ਸਿੰਘ ਨੇ ਇਲਾਕੇ ਦੇ ਵਾਸੀਆਂ ਵੱਲੋਂ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੜ੍ਹਾਂ ਦੌਰਾਨ ਵਗਦੇ ਪਾਣੀਆਂ ਵਿਚ ਤੇ ਹੁਣ ਪਾਣੀ ਉਤਰ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਇਲਾਕੇ ਦੇ ਨਾਲ ਡਟੇ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹਾਂ ਨੇ ਕਿਸਾਨਾਂ ਦੀਆਂ ਉਮੀਦਾਂ ਨੂੰ ਤੋੜ ਦਿੱਤਾ ਸੀ, ਪਰ ਸੰਤ ਸੀਚੇਵਾਲ ਦੀ ਅਗਵਾਈ ਹੇਠ ਚੱਲ ਰਹੀ ਕਾਰਸੇਵਾ ਨੇ ਕਿਸਾਨਾਂ ਵਿਚ ਨਵੀਂ ਆਸ ਜਗਾਈ ਹੈ। ਇਸੇ ਤਰ੍ਹਾਂ ਕਿਸਾਨ ਸਤਵਿੰਦਰ ਸਿੰਘ ਬੱਗਾ ਨੇ ਕਿਹਾ ਕਿ ਸੰਤ ਸੀਚੇਵਾਲ ਜ਼ਮੀਨ ਤੋਂ ਲੈ ਕੇ ਸੰਸਦ ਤੱਕ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿਚ ਜਦੋਂ ਇਲਾਕੇ ਨੂੰ ਵੱਡੀ ਸਹਾਇਤਾ ਦੀ ਲੋੜ ਹੈ, ਤਾਂ ਸੰਤ ਸੀਚੇਵਾਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੇ।
-ਵਿਸ਼ਵ ਮਾਂ ਬੋਲੀ ਦਿਵਸ ਮੌਕੇ ਪਾਰਲੀਮੈਂਟ ’ਚ ਪੰਜਾਬੀ ਨੂੰ ਮਾਨਤਾ ਦਿਵਾਉਣ ‘ਤੇ ਵਧਾਈਆਂ :
ਵਿਸ਼ਵ ਮਾਂ ਬੋਲੀ ਦਿਵਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਦੇਸ਼-ਵਿਦੇਸ਼ ਤੋਂ ਫੋਨ ਰਾਹੀਂ ਵਧਾਈਆਂ ਪ੍ਰਾਪਤ ਹੋਈਆਂ। ਉਨ੍ਹਾਂ ਵੱਲੋਂ ਰਾਜ ਸਭਾ ਮੈਂਬਰ ਬਣਨ ਉਪਰੰਤ ਪਾਰਲੀਮੈਂਟ ਵਿਚ ਉਠਾਇਆ ਗਿਆ ਪਹਿਲਾ ਮੁੱਦਾ ਮਾਂ ਬੋਲੀ ਨੂੰ ਮਾਨਤਾ ਦਿਵਾਉਣ ਸਬੰਧੀ ਸੀ। ਉਸ ਵੇਲੇ ਦੇ ਰਾਜ ਸਭਾ ਦੇ ਚੇਅਰਮੈਨ ਐੱਮ ਵੈਂਕੱਇਆ ਨਾਇਡੂ ਦੇ ਸਮਰਥਨ ਨਾਲ ਪੰਜਾਬੀ ਸਮੇਤ 22 ਖੇਤਰੀ ਭਾਸ਼ਾਵਾਂ ਨੂੰ ਸਦਨ ਵਿਚ ਮਾਨਤਾ ਪ੍ਰਾਪਤ ਹੋਈ। ਇਹ ਕਦਮ ਨਾ ਸਿਰਫ਼ ਪੰਜਾਬੀ ਭਾਸ਼ਾ ਲਈ, ਸਗੋਂ ਦੇਸ਼ ਦੀ ਵਿਭਿੰਨ ਭਾਸ਼ਾਈ ਵਿਰਾਸਤ ਦੇ ਸਤਿਕਾਰ ਲਈ ਵੀ ਇਕ ਇਤਿਹਾਸਕ ਪ੍ਰਾਪਤੀ ਹੈ।