ਅਰਤਿੰਦਰ ਸੰਧੂ ਨੂੰ ਦਿੱਤਾ ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ
ਸੰਤ ਜਗਦੀਸ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ
Publish Date: Mon, 27 Apr 2026 07:42 PM (IST)
Updated Date: Mon, 27 Apr 2026 07:46 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਲੇਖਕ ਸਭਾ (ਰਜਿ.) ਜਲੰਧਰ ਵੱਲੋਂ ਇਕ ਵਿਸ਼ੇਸ਼ ਸਮਾਗਮ ਕਰਕੇ ਸੰਤ ਜਗਦੀਸ਼ ਸਿੰਘ ਵਰਿਆਮ ਯਾਦਗਾਰੀ ਪੁਰਸਕਾਰ ਪੰਜਾਬੀ ਕਵਿੱਤਰੀ ਤੇ ‘ਏਕਮ’ ਦੀ ਸੰਪਾਦਕ ਅਰਤਿੰਦਰ ਸੰਧੂ ਨੂੰ ਪ੍ਰਦਾਨ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਕਹਾਣੀਕਾਰ ਤੇ ਪੰਜਾਬੀ ਲੇਖਕ ਸਭਾ ਦੇ ਸਰਪ੍ਰਸਤ ਡਾ. ਵਰਿਆਮ ਸਿੰਘ ਸੰਧੂ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਮੰਗਤ ਰਾਮ ਪਾਸਲਾ, ਸਤਨਾਮ ਸਿੰਘ ਮਾਣਕ, ਹਰਬੰਸ ਸਿੰਘ ਚੰਦੀ ਡਾ. ਰਘਬੀਰ ਕੌਰ ਤੇ ਜਗਦੀਸ਼ ਵਰਿਆਮ ਹੋਰਾਂ ਦੀ ਸਪੁੱਤਰੀ ਡਾ. ਰਜਵੰਤ ਕੌਰ ਸੰਪਾਦਕ ‘ਵਰਿਆਮ’ ਸ਼ਾਮਲ ਸਨ। ਸਮਾਗਮ ਦੇ ਕਨਵੀਨਰ ਡਾ. ਲਖਵਿੰਦਰ ਸਿੰਘ ਜੌਹਲ ਨੇ ਸਵਾਗਤੀ ਭਾਸ਼ਣ ਕਰਦਿਆਂ ਸਮਾਗਮ ਦੀ ਪ੍ਰਸੰਗਕਤਾ ਬਾਰੇ ਦੱਸਿਆ। ਅਰਤਿੰਦਰ ਕੌਰ ਸੰਧੂ ਦੀ ਸ਼ਖਸ਼ੀਅਤ ਤੇ ਉਸ ਦੇ ਕਾਰਜਾਂ ਸੰਬੰਧੀ ਖੋਜ ਪੱਤਰ ਡਾ. ਬਲਜੀਤ ਕੌਰ ਰਿਆੜ ਨੇ ਪੇਸ਼ ਕੀਤਾ। ਪ੍ਰੋ ਕੁਲਜੀਤ ਕੌਰ ਨੇ ਅਰਤਿੰਦਰ ਸੰਧੂ ਬਾਰੇ ਸਨਮਾਨ ਪੱਤਰ ਪੜ੍ਹਿਆ। ਸਨਮਾਨ ਵਿਚ ਇਕੀ ਹਜ਼ਾਰ ਰੁਪਏ ਨਕਦ, ਸਨਮਾਨ ਚਿੰਨ੍ਹ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਤੀਕ ਫੁੱਲਕਾਰੀ ਭੇਟ ਕੀਤੀ ਗਈ। ਸਮਾਗਮ ਵਿਚ ਡਾ. ਸੁਖਵਿੰਦਰ ਸਿੰਘ ਸੰਘਾ, ਪ੍ਰੋਫੈਸਰ ਮਨਜੀਤ ਸਿੰਘ, ਸੂਬਾ ਹਰਿਭਜਨ ਸਿੰਘ ਲੁਧਿਆਣਾ, ਸੁਵਰਨ ਸਿੰਘ ਵਿਰਕ, ਰਾਜ ਖੁਸ਼ਵੰਤ ਸਿੰਘ ਸੰਧੂ ਨੇ ਵਿਚਾਰ ਪੇਸ਼ ਕੀਤੇ। ਡਾ. ਵਰਿਆਮ ਸਿੰਘ ਸੰਧੂ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਕਿਹਾ ਕਿ ਜਗਦੀਸ਼ ਵਰਿਆਮ ਦਾ ਕਾਰਜ ਵਡਮੁੱਲਾ ਕਾਰਜ ਸੀ। ਨਾਮਧਾਰੀ ਦਰਬਾਰ ਨੇ ਉਨ੍ਹਾਂ ਨੂੰ ਬਹੁਤ ਸਾਰੀਆਂ ਸਾਹਿਤਕ ਤੇ ਸਮਾਜਿਕ ਜ਼ਿੰਮੇਵਾਰੀਆਂ ਸੌਂਪੀਆਂ ਹੋਈਆਂ ਸਨ। ਉਨ੍ਹਾਂ ਦੀ ਇਸ ਸ਼ਖਸ਼ੀਅਤ ਕਾਰਨ ਹੀ ‘ਵਰਿਆਮ’ ਵਰਗਾ ਮੈਗਜ਼ੀਨ ਲਗਾਤਾਰ ਆਪਣਾ ਮਿਆਰ ਬਰਕਰਾਰ ਰੱਖ ਸਕਿਆ। ਸਮਾਗਮ ਵਿਚ ਜਗਦੀਸ਼ ਵਰਿਆਮ ਦੀ ਸਪੁੱਤਰੀ ਡਾ. ਰਜਵੰਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ, ਆਪਣੇ ਪਿਤਾ ਨਾਲ ਜੁੜੀਆਂ ਨਿੱਜੀ ਯਾਦਾਂ ਨੂੰ ਆਏ ਹੋਏ ਸਰੋਤਿਆਂ ਨਾਲ ਉਨ੍ਹਾ ਨੇ ਸਾਂਝਾ ਕੀਤਾ। ਪਹਿਲਾਂ ਹੋਏ ਕਵੀ ਦਰਬਾਰ ਵਿਚ ਸੰਤ ਸਿੰਘ ਸੰਧੂ, ਸੁਰਿੰਦਰ ਮਕਸੂਦਪੁਰੀ, ਜਸਪਾਲ ਜ਼ੀਰਵੀ, ਨੱਕਾਸ਼ ਜਲੰਧਰੀ, ਸੰਦੀਪ, ਜਗਦੀਸ਼ ਰਾਣਾ ਤੇ ਬਲਜੀਤ ਕੌਰ ਬੱਲ ਸ਼ਾਮਲ ਸਨ। ਸਮਾਗਮ ਦਾ ਸੰਚਾਲਨ ਪੰਜਾਬੀ ਲੇਖਕ ਸਭਾ ਜਲੰਧਰ ਦੇ ਜਨਰਲ ਸਕੱਤਰ ਡਾ. ਉਮਿੰਦਰ ਜੌਹਲ ਨੇ ਕੀਤਾ। ਸਮਾਗਮ ਵਿਚ ਡਾ. ਸੁਖਪਾਲ ਸਿੰਘ ਥਿੰਦ, ਰਾਕੇਸ਼ ਸ਼ਾਂਤੀਦੂਤ, ਕੁਲਵੰਤ ਸਿੰਘ ਮਠਾੜੂ, ਅਮਰਜੀਤ ਸਿੰਘ ਨਿੱਝਰ, ਡਾ. ਕੁਲਵੰਤ ਸਿੰਘ ਸੰਧੂ, ਕੁਲਵਿੰਦਰ ਸਿੰਘ ਫੁੱਲ, ਹਰੀਸ਼ ਅਗਰਵਾਲ, ਇੰਦਰਜੀਤ ਆਰਟਿਸਟ, ਜਸਵੀਰ ਸਿੰਘ ਸੋਢੀ, ਪਾਲ ਸਿੰਘ ਨੌਲੀ, ਚਰਨਜੀਤ ਸਿੰਘ ਜੋਗੀ, ਮਿਹਰਬਾਨ ਸਿੰਘ, ਪਰਮਜੀਤ ਕੌਰ ਜੌਹਲ, ਬਲਦੇਵ ਕਿਸ਼ੋਰ, ਰਾਜਵੰਤ ਕੌਰ ਸੰਧੂ, ਰਾਜੇਸ਼ ਥਾਪਾ ਸਮੇਤ ਵੱਡੀ ਗਿਣਤੀ ਵਿਚ ਸਾਹਿਤਕਾਰ, ਪੱਤਰਕਾਰ ਅਤੇ ਬੁੱਧੀਜੀਵੀ ਸ਼ਾਮਲ ਹੋਏ। ਲੇਖਕ ਸਭਾ ਦੇ ਵਿਤ ਸਕੱਤਰ ਤੇ ਸੰਤ ਜਗਦੀਸ਼ ਸਿੰਘ ਵਰਿਆਮ ਦੇ ਛੋਟੇ ਭਰਾ ਸੰਤ ਨਰੈਣ ਸਿੰਘ ਨੇ ਇਸ ਸਮਾਗਮ ਦੀ ਸਫਲਤਾ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ’ਚ ਡਾ. ਰਘਬੀਰ ਕੌਰ ਨੇ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ।