ਸਾਂਝਾ ਅਧਿਆਪਕ ਮੋਰਚਾ ਵੱਲੋਂ ਟੈੱਟ ਨੂੰ ਲੈ ਕੇ ਰੋਸ ਮਾਰਚ
ਸਾਂਝਾ ਅਧਿਆਪਕ ਮੋਰਚਾ ਵੱਲੋਂ ਟੈੱਟ ਨੂੰ ਲੈ ਕੇ ਰੋਸ ਮਾਰਚ ਤੇ ਐੱਸ ਡੀ ਐੱਮ ਦਫਤਰ ਦਾ ਘੇਰਾਉ
Publish Date: Mon, 02 Mar 2026 10:06 PM (IST)
Updated Date: Mon, 02 Mar 2026 10:07 PM (IST)

ਐੱਸਡੀਐੱਮ ਦਫਤਰ ਦਾ ਕੀਤਾ ਘੇਰਾਓ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸਾਂਝਾ ਅਧਿਆਪਕ ਮੋਰਚੇ ਵੱਲੋਂ ਜਬਰੀ ਥੋਪੇ ਜਾ ਰਹੇ ਟੈੱਟ ਦੇ ਟੈਸਟ, 16 ਫ਼ੀਸਦੀ ਡੀਏ ਨਾ ਦੇਣ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਾ ਕਰਨ ਦੇ ਵਿਰੋਧ ਵਿਚ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦਾ ਘੇਰਾਓ ਕਰਨ ਦੇ ਦਿੱਤੇ ਸੱਦੇ ਤਹਿਤ ਅੱਜ ਸੁਲਤਾਨਪੁਰ ਲੋਧੀ ਵਿਖੇ ਵੱਖ-ਵੱਖ ਅਧਿਆਪਕ ਜਥੇਬੰਦੀਆਂ ਵੱਲੋਂ ਵਿਸ਼ਾਲ ਰੋਸ ਮਾਰਚ ਕਰਦਿਆਂ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਮੰਨਵਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਇਸ ਤੋਂ ਪਹਿਲਾਂ ਬਲਾਕ ਸਿੱਖਿਆ ਦਫ਼ਤਰ ਮੂਹਰੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਪ੍ਰਧਾਨ ਸੁਖਚੈਨ ਸਿੰਘ ਬੱਧਣ, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਪ੍ਰਧਾਨ ਹਰਵਿੰਦਰ ਸਿੰਘ ਅੱਲੂਵਾਲ, ਸੀਨੀਅਰ ਆਗੂ ਜੈਮਲ ਸਿੰਘ, ਤੇਜਿੰਦਰ ਸਿੰਘ ਅਲੌਦੀਪੁਲ, ਬਲਬੀਰ ਸਿੰਘ, ਗੁਰਦੀਪ ਸਿੰਘ ਧੰਮ, ਬਲਵਿੰਦਰ ਸਿੰਘ ਭੰਡਾਲ, ਪਵਨ ਕੁਮਾਰ ਜੋਸ਼ੀ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਬਲਜੀਤ ਸਿੰਘ ਟਿੱਬਾ, ਅਧਿਆਪਕ ਦਲ ਦੇ ਆਗੂ ਮਨਜਿੰਦਰ ਸਿੰਘ ਧੰਜੂ, ਅਮਰੀਕ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਐੱਨਸੀਟੀਈਟੀ ਦੇ ਨੋਟੀਫਿਕੇਸ਼ਨ ਦੀ ਅਣਦੇਖੀ ਕਰਦਿਆਂ 01.09.2025 ਦੇ ਫੈਸਲੇ ਕਾਰਨ ਸਭ ਅਧਿਆਪਕਾਂ ਤੇ ਬੇਲੋੜੀ ਟੈੱਟ ਦੀ ਸ਼ਰਤ ਥੋਪ ਦਿੱਤੀ ਗਈ ਹੈ, ਜੋ ਕਿ ਗੈਰ-ਸੰਵਿਧਾਨਿਕ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਮੰਤਰੀ, ਮੁੱਖ ਮੰਤਰੀ ਜਾਂ ਪੰਜਾਬ ਸਰਕਾਰ ਵੱਲੋਂ ਇਸ ਗੈਰ ਸੰਵਿਧਾਨਕ ਫੈਸਲੇ ਵਿਰੁੱਧ ਨਾ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਪਾਈ ਗਈ ਹੈ ਤੇ ਨਾ ਹੀ ਵਿਧਾਨ ਸਭਾ ਵਿਚ ਬਿੱਲ ਪਾਸ ਕਰਕੇ ਅਧਿਆਪਕਾਂ ਨੂੰ ਰਾਹਤ ਦਿੱਤੀ ਗਈ ਹੈ। ਸਗੋਂ ਕੁਝ ਕੈਟਾਗਰੀਆਂ ਨੂੰ 2017 ਦੇ ਇਕ ਪੱਤਰ ਅਨੁਸਾਰ ਤਰੱਕੀਆਂ ਸਮੇਂ ਟੈੱਟ ਤੋਂ ਛੋਟ ਦਿੱਤੀ ਗਈ ਸੀ, ਉਹ ਪੱਤਰ ਵੀ ਸੁਪਰੀਮ ਕੋਰਟ ਦੇ ਫੈਸਲੇ ਉਪਰੰਤ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਵਾਪਸ ਲੈ ਲਿਆ ਗਿਆ ਹੈ ਤੇ ਅਧਿਆਪਕਾਂ ਦੀਆਂ ਤਰੱਕੀਆਂ ’ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਧੱਕੇ ਵਿਰੁੱਧ ਅਧਿਆਪਕ ਜਥੇਬੰਦੀਆਂ ਵੱਲੋਂ 22 ਫਰਵਰੀ ਨੂੰ ਸਿੱਖਿਆ ਮੰਤਰੀ ਦੇ ਹਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਸਰਕਾਰ ਦੀ ਬਦਨੀਤੀ ਕਾਰਨ ਹੀ ਅਧਿਆਪਕਾਂ ਨੂੰ ਲਗਭਗ ਦੋ ਘੰਟੇ ਜੀਟੀ ਰੋਡ ਜਾਮ ਕਰਨਾ ਪਿਆ, ਜਿਸ ਉਪਰੰਤ 27 ਫਰਵਰੀ ਨੂੰ ਸਿੱਖਿਆ ਮੰਤਰੀ ਪੰਜਾਬ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ ਸੀ। ਇਸ ਮਹੱਤਵਪੂਰਨ ਮੀਟਿੰਗ ਨੂੰ ਸਿੱਖਿਆ ਮੰਤਰੀ ਵੱਲੋਂ ਇਕ ਦਿਨ ਪਹਿਲਾਂ ਮੁਲਤਵੀ ਕਰਕੇ ਅੱਗੇ ਪਾ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਨਾ ਹੀ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ 16 ਫੀਸਦੀ ਡੀਏ ਦੀਆਂ ਕਿਸ਼ਤਾਂ ਦਿੱਤੀਆਂ ਜਾ ਰਹੀਆਂ ਤੇ ਨਾ ਹੀ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾ ਰਿਹਾ ਹੈ, ਜੋ ਕਿ ਮੁਲਾਜ਼ਮਾਂ ਨਾਲ ਵੱਡਾ ਧੋਖਾ ਹੈ। ਇਸ ਮੌਕੇ ਇਕੱਤਰ ਹੋਏ ਅਧਿਆਪਕਾਂ ਨੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿਚ ਰੋਸ ਮਾਰਚ ਕਰਦਿਆਂ ਐੱਸਡੀਐੱਮ ਦਫਤਰ ਦਾ ਘੇਰਾਓ ਕੀਤਾ। ਇਸ ਮੌਕੇ ਤਹਿਸੀਲਦਾਰ ਪਰਮਿੰਦਰ ਸਿੰਘ ਨੇ ਅਧਿਆਪਕ ਜਥੇਬੰਦੀਆਂ ਕੋਲੋਂ ਮੰਗ ਪੱਤਰ ਲਿਆ ਤੇ ਵਿਸ਼ਵਾਸ ਦਿਵਾਇਆ ਕਿ ਇਹ ਮੰਗ ਪੱਤਰ ਤੁਰੰਤ ਮੁੱਖ ਮੰਤਰੀ ਦਫ਼ਤਰ ਨੂੰ ਭੇਜ ਦਿੱਤਾ ਜਾਵੇਗਾ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ 8 ਮਾਰਚ ਨੂੰ ਉਕਤ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦਾ ਘੇਰਾਓ ਕੀਤਾ ਜਾਵੇਗਾ। ਇਸ ਮੌਕੇ ਸੁਖਦੇਵ ਸਿੰਘ ਬੂਲਪੁਰ, ਪ੍ਰਦੀਪ ਸਿੰਘ ਘੁਮਾਣ, ਅਸ਼ਵਨੀ ਕੁਮਾਰ, ਗੁਰਦੇਵ ਸਿੰਘ ਡੱਲਾ, ਜਗਦੇਵ ਸਿੰਘ ਕਾਹਲੋਂ, ਦਿਲਬਾਗ ਸਿੰਘ ਖਿੰਡਾ, ਅਮਨਦੀਪ ਸਿੰਘ ਖਿੰਡਾ, ਯਾਦਵਿੰਦਰ ਸਿੰਘ, ਸਿ਼ੰਦਰ ਸਿੰਘ, ਅਮ੍ਰਿੰਤਪਾਲ ਸਿੰਘ, ਨਵਨੀਤ ਜੰਮੂ, ਹਰਵਿੰਦਰ ਕੌਰ, ਪਰਮਜੀਤ ਕੌਰ, ਪਰਮਿੰਦਰ ਕੌਰ, ਮੰਨੂੰ ਗੁਜਰਾਲ, ਪ੍ਰਦੀਪ ਕੌਰ, ਹਰਵਿੰਦਰ ਕੌਰ, ਸਰਬਜੀਤ ਕੌਰ ਟਿੱਬਾ, ਮਨਜੀਤ ਕੌਰ ਕਾਲਰੂ, ਹਰਵਿੰਦਰ ਸਿੰਘ ਵਿਰਦੀ, ਪ੍ਰਭਜੋਤ ਕੌਰ, ਬਲਜੀਤ ਕੌਰ,ਜਸਵੀਰ ਸਿੰਘ ਚੀਮਾ, ਅਵਤਾਰ ਸਿੰਘ ਹੈਬਤਪੁਰ, ਜਗਜੀਤ ਸਿੰਘ, ਕੰਵਲਪ੍ਰੀਤ ਸਿੰਘ, ਸੁਖਨਿੰਦਰ ਸਿੰਘ, ਅਮਨਦੀਪ ਸਿੰਘ ਜੱਬੋਵਾਲ, ਸ਼ਿੰਦਰ ਸਿੰਘ,ਰਾਜ ਕੁਮਾਰ, ਸੰਦੀਪ ਸਿੰਘ ਟਿੱਬਾ, ਸੁਖਪਾਲ ਸਿੰਘ, ਸਰਬਜੀਤ ਸਿੰਘ ਅਮਰਕੋਟ, ਰੁਪਿੰਦਰ ਸਿੰਘ, ਅਜੇ ਗੁਪਤਾ, ਅਜੇ ਗਿੱਲ ਆਦਿ ਹਾਜ਼ਰ ਸਨ।