ਸਫ਼ਾਈ ਸੇਵਕਾਂ ਦੀ ਹੜਤਾਲ 14ਵੇਂ ਦਿਨ ’ਚ ਦਾਖ਼ਲ
ਸਫ਼ਾਈ ਸੇਵਕਾਂ ਅਤੇ ਮਿਉਂਸਪਲ ਕਾਮਿਆਂ ਦੀ ਹੜਤਾਲ 14ਵੇਂ ਦਿਨ ’ਚ ਦਾਖ਼ਿਲ
Publish Date: Mon, 18 May 2026 09:31 PM (IST)
Updated Date: Mon, 18 May 2026 09:33 PM (IST)

ਸਫ਼ਾਈ ਸੇਵਕਾਂ ਵੱਲੋਂ ਰੋਹ ਭਰਪੂਰ ਮੁਜ਼ਾਹਰਾ, ਸੂਬਾ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਰੇਬਾਜ਼ੀ ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ ਨਡਾਲਾ : ਨਗਰ ਨਿਗਮਾਂ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਅੰਦਰ ਕੰਮ ਕਰਦੇ ਕੱਚੇ ਸਫ਼ਾਈ ਸੇਵਕਾਂ ਤੇ ਮਿਉਂਸਪਲ ਕਾਮਿਆਂ ਨੂੰ ਪੱਕੇ ਕਰਨ, ਤਨਖ਼ਾਹ 40 ਹਜ਼ਾਰ ਰੁਪਏ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਵਰਗੀਆਂ ਮੰਗਾਂ ਨੂੰ ਲੈ ਕੇ ਹੜਤਾਲੀ ਸਫ਼ਾਈ ਸੇਵਕਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਰੋਹ ਭਰਪੂਰ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਉਸ ਵਕਤ ਹੋਰ ਵੀ ਬਲ ਮਿਲਿਆ ਜਦੋਂ ਧਰਨੇ ਵਿਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਪਣੀਆਂ ਮੰਗਾਂ ਦੇ ਠੋਸ ਹੱਲ ਲਈ ਪੰਜਾਬ ਭਰ ’ਚ ਸਫ਼ਾਈ ਸੇਵਕ ਤੇ ਮਿਉਂਸਪਲ ਕਾਮੇ 6 ਮਈ ਤੋਂ ਹੜਤਾਲ ਕਰਕੇ ਸੰਘਰਸ਼ ਕਰ ਰਹੇ ਹਨ ਪ੍ਰੰਤੂ ਭਗਵੰਤ ਮਾਨ ਸਰਕਾਰ ਦੇ ਕੰਨਾਂ ਉੱਤੇ ਅਜੇ ਤੱਕ ਜੂੰਅ ਨਹੀਂ ਸਰਕੀ। ਸਰਕਾਰ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਰਹੀ ਹੈ ਪਰ ਸੂਬਾ ਸਰਕਾਰ ਦੀ ਹੜਤਾਲ ਨੂੰ ਖ਼ਤਮ ਕਰਵਾਉਣ ਦੀ ਕੋਈ ਵੀ ਸਾਜ਼ਿਸ਼ ਕਾਮਯਾਬ ਨਹੀਂ ਹੋਵੇਗੀ। ਮੰਗਾਂ ਦੇ ਹੱਲ ਹੋਣ ਤੱਕ ਇਹ ਹੜਤਾਲ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਫ਼ਾਈ ਸੇਵਕਾਂ ਤੇ ਮਿਉਂਸਪਲ ਕਾਮਿਆਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਵਿਸਾਰਿਆ ਹੋਇਆ ਹੈ, ਜਿਸ ਕਾਰਨ ਹੜਤਾਲੀ ਕਾਮਿਆਂ ਦੇ ਮਨਾਂ ਵਿਚ ਗੁੱਸਾ ਤੇ ਰੋਹ ਹੋਰ ਵਧ ਰਿਹਾ ਹੈ। ਇਸ ਮੌਕੇ ਨਗਰ ਪੰਚਾਇਤ ਸਫ਼ਾਈ ਸੇਵਕ ਯੂਨੀਅਨ ਨਡਾਲਾ ਦੇ ਪ੍ਰਧਾਨ ਧਰਮਵੀਰ, ਵੀਰੂ, ਰਾਧੇ ਸ਼ਾਮ, ਧਰਮਵੀਰ ਗੌਰੀ ਲਾਲ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਆਗੂ ਅਮਰੀਕ ਸਿੰਘ ਬੂਲੇਵਾਲ, ਨਗਰ ਪੰਚਾਇਤ ਢਿੱਲਵਾਂ ਤੋਂ ਪ੍ਰਧਾਨ ਸੋਨੂੰ, ਗੁਰਜੰਟ, ਰਾਕੇਸ਼ ਕੁਮਾਰ, ਨਗਰ ਪੰਚਾਇਤ ਭੁੱਲਥ ਤੋਂ ਪ੍ਰਧਾਨ ਅਸ਼ੋਕ ਕੁਮਾਰ, ਸੂਬਾ ਸਿੰਘ, ਮਹਿੰਦਰ ਸਿੰਘ, ਓਮ ਪ੍ਰਕਾਸ਼ ਤੇ ਨਗਰ ਪੰਚਾਇਤ ਬੇਗੋਵਾਲ ਤੋਂ ਪ੍ਰਧਾਨ ਮੁਕੇਸ਼ ਆਦਿ ਨੇ ਸੰਬੋਧਨ ਕੀਤਾ।