ਪੰਜਾਬ ਦੇ ਏਡਿਡ ਕਾਲਜਾਂ ਨੂੰ ਸਾਲ 2026 ’ਚ ਨਹੀਂ ਮਿਲੀ ਤਨਖ਼ਾਹ : ਰੰਧਾਵਾ
ਸਾਲ 2026 ਪੰਜਾਬ ਦੇ ਏਡਿਡ ਕਾਲਜਾਂ ਲਈ ਤਨਖ਼ਾਹ ਤੋਂ ਸੱਖ਼ਣਾ
Publish Date: Mon, 11 May 2026 06:49 PM (IST)
Updated Date: Mon, 11 May 2026 06:51 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਭਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਾਸਤੇ ਵਰ੍ਹਾ 2026 ਅੱਜ ਤੱਕ ਤਨਖ਼ਾਹ ਤੋਂ ਸੱਖ਼ਣਾ ਹੈ। ਇਸ ਦੀ ਜਾਣਕਾਰੀ ਪ੍ਰਿੰਸੀਪਲ ਐਸੋਸੀਏਸ਼ਨ ਆਫ਼ ਗਵਰਨਮੈਂਟ ਏਡਿਡ ਕਾਲਜਿਜ਼ ਪੰਜਾਬ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਰੰਧਾਵਾ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਭਰ ਦੇ ਸਮੂਹ ਏਡਿਡ ਕਾਲਜਾਂ ਨੂੰ ਕੇਵਲ ਦਸੰਬਰ 2025 ਤੱਕ ਹੀ ਤਨਖ਼ਾਹ ਗ੍ਰਾਂਟ ਪ੍ਰਾਪਤ ਹੋਈ ਹੈ ਤੇ ਇਹ ਗ੍ਰਾਂਟ ਵੀ ਮਾਲੀ ਵਰ੍ਹਾ 2024-25 ਦਾ ਕੇਵਲ 90% ਹੈ ਜਦਕਿ ਲਗਭਗ ਸਾਰੇ ਕਾਲਜਾਂ ਵੱਲੋਂ 2025-26 ਦਾ ਕਲੇਮ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਕੋਲ ਜਮ੍ਹਾਂ ਹੋ ਚੁੱਕਾ ਹੈ। ਇਨ੍ਹਾਂ ਕਾਲਜਾਂ ਦੇ ਸਮੂਹ ਟੀਚਿੰਗ ਤੇ ਨਾਨ-ਟੀਚਿੰਗ ਕਰਮਚਾਰੀ ਡੂੰਘੇ ਮਾਲੀ ਸੰਕਟ ਵਿਚੋਂ ਸਰਕਾਰ ਦੇ ਇਸ ਗ਼ੈਰ-ਜ਼ਿੰਮੇਵਾਰਨਾ ਰਵੱਈਏ ਕਰਕੇ ਲੰਘ ਰਹੇ ਹਨ। ਪ੍ਰਿੰਸੀਪਲ ਰੰਧਾਵਾ ਨੇ ਇਸ ਰਵੱਈਏ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ, ਪਰ ਹਕੀਕਤ ਵਿਚ ਇਨ੍ਹਾਂ ਉੱਚ-ਸਿੱਖਿਆ ਦੇ ਮੰਦਿਰਾਂ ਨੂੰ ਵਾਰ-ਵਾਰ ਸਬੰਧਤ ਸਰਕਾਰੀ ਵਿਭਾਗ ਜਾਗਰੂਕ ਕਰਵਾਉਣ ਦੇ ਬਾਵਜੂਦ ਵੀ ਬੁਰੀ ਤਰ੍ਹਾਂ ਅਣਗੋਲ਼ਿਆ ਕਰ ਰਹੇ ਹਨ। ਇਨ੍ਹਾਂ ਕਾਲਜਾਂ ਦੇ ਕਰਮਚਾਰੀਆਂ ਦੇ ਗਰੇਡ ਰਵੀਜ਼ਨ ਦੀ ਅਦਾਇਗੀ ਵੀ ਕਲੇਮ ਜਮ੍ਹਾਂ ਕਰਵਾਏ ਜਾਣ ਦੇ ਬਾਵਜੂਦ ਅਜੇ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੱਲ ਤੁਰੰਤ ਲੁੜੀਂਦੀ ਕਾਰਵਾਈ ਕਰਕੇ ਹੁਣ ਤੱਕ ਦੀ ਤਨਖ਼ਾਹ ਤੇ ਗਰੇਡ ਰਵੀਜ਼ਨ ਦੇ ਬਕਾਏ ਦਿੱਤੇ ਜਾਣ। ਜੇਕਰ ਤਨਖ਼ਾਹ ਨਹੀਂ ਜਾਰੀ ਕੀਤੀ ਗਈ ਤਾਂ ਇਨ੍ਹਾਂ ਕਾਲਜਾਂ ਨਾਲ ਸਬੰਧਤ ਸਮੂਹ ਮੁਲਾਜ਼ਮ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਤੇ ਇਸਦੀ ਨਿਰੋਲ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।