ਸੰਤਾਂ ਨੇ ਹੋਲੀ ਤੇ ਹੋਲੇ ਮਹੱਲੇ ਦੀ ਸੰਗਤਾਂ ਨੂੰ ਦਿੱਤੀ ਵਧਾਈ
ਸੰਤਾਂ ਮਹਾਂਪੁਰਸ਼ਾਂ ਨੇ ਹੋਲੀ ਤੇ ਹੌਲੇ ਮੱਹਲੇ ਦੀ ਸੰਗਤਾਂ ਨੂੰ ਦਿਤੀ ਵਧਾਈ
Publish Date: Tue, 03 Mar 2026 07:03 PM (IST)
Updated Date: Tue, 03 Mar 2026 07:05 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹੋਲੀ ਸਿਰਫ ਰੰਗਾਂ ਦਾ ਤਿਉਹਾਰ ਨਹੀਂ, ਸਗੋਂ ਅੰਦਰਲੇ ਮਨ ਨੂੰ ਪਵਿੱਤਰ ਕਰਨ ਦਾ ਸੰਦੇਸ਼ ਵੀ ਹੈ। ਸੰਤਾਂ-ਮਹਾਂਪੁਰਸ਼ਾਂ ਨੇ ਹਮੇਸ਼ਾ ਇਸ ਤਿਉਹਾਰ ਦੇ ਆਤਮਿਕ ਅਰਥ ‘ਤੇ ਚਾਨਣਾ ਪਾਇਆ ਹੈ। ਹੋਲੀ ਤੇ ਹੋਲੇ ਮਹੱਲੇ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਤਪ ਅਸਥਾਨ ਨਿਰਮਲ ਕੁਟੀਆ ਛੰਭਵਾਲੀ ਪਿੰਡ ਪੰਡਵਾ ਦੇ ਮੁਖ ਸੰਚਾਲਕ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਦਸਿਆ ਕਿ ਕਥਾਵਾਂ ਅਨੁਸਾਰ ਭਗਤ ਪ੍ਰਹਲਾਦ ਦੀ ਅਟੱਲ ਭਗਤੀ ਤੇ ਹੋਲਿਕਾ ਦੇ ਹੰਕਾਰ ਦੀ ਹਾਰ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚ ਤੇ ਭਗਤੀ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸੇ ਕਾਰਨ ਹੋਲੀ ਦੀ ਅੱਗ ਨੂੰ ਬੁਰਾਈ ਦੇ ਨਾਸ ਤੇ ਨੇਕੀ ਦੀ ਫਤਿਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਹਨ ਕਿ ਜਿਵੇਂ ਅਸੀਂ ਬਾਹਰਲੇ ਰੰਗਾਂ ਨਾਲ ਖੇਡਦੇ ਹਾਂ, ਤਿਵੇਂ ਆਪਣੇ ਮਨ ਨੂੰ ਵੀ ਪਿਆਰ, ਮਾਫ਼ੀ ਤੇ ਸਾਂਝ ਦੇ ਰੰਗਾਂ ਨਾਲ ਰੰਗਣਾ ਚਾਹੀਦਾ ਹੈ। ਕ੍ਰਿਸ਼ਨ ਦੇ ਬ੍ਰਜ ਵਿਚ ਰੰਗਾਂ ਵਾਲੀ ਹੋਲੀ ਪ੍ਰੇਮ ਤੇ ਮਿਲਾਪ ਦਾ ਸੰਦੇਸ਼ ਦਿੰਦੀ ਹੈ। ਭਗਤੀ ਪਰੰਪਰਾ ਵਿਚ ਕਬੀਰ ਦਾਸ ਤੇ ਗੁਰੂ ਨਾਨਕ ਦੇਵ ਜੀ ਵਰਗੀਆਂ ਮਹਾਨ ਆਤਮਾਵਾਂ ਨੇ ਵੀ ਅੰਦਰਲੇ ਵਿਕਾਰਾਂ ਨੂੰ ਸਾੜ ਕੇ ਪ੍ਰੇਮ ਅਤੇ ਸੱਚਾਈ ਨਾਲ ਜੀਵਨ ਜੀਊਣ ਦੀ ਪ੍ਰੇਰਣਾ ਦਿੱਤੀ। ਉਹ ਸਿਖਾਉਂਦੇ ਹਨ ਕਿ ਅਸਲੀ ਹੋਲੀ ਉਹ ਹੈ ਜਦੋਂ ਮਨ ਵਿਚੋਂ ਰੰਜਿਸ਼ਾਂ ਦੂਰ ਹੋਣ ਤੇ ਭਾਈਚਾਰਾ ਵਧੇ। ਉਨ੍ਹਾਂ ਕਿਹਾ ਕਿ ਇਸ ਪਵਿੱਤਰ ਤਿਉਹਾਰ ਮੌਕੇ ਆਓ, ਇਸ ਹੋਲੀ ‘ਤੇ ਨਫ਼ਰਤ ਨੂੰ ਸਾੜ ਕੇ ਪਿਆਰ ਦੇ ਰੰਗਾਂ ਨਾਲ ਸੰਸਾਰ ਨੂੰ ਸੁਹਾਵਣਾ ਬਣਾਈਏ। ਹੋਲੇ ਮੱਹਲੇ ਸੰਬਧੀ ਜਾਣਕਾਰੀ ਦਿੰਦਿਆਂ ਸੰਤਾਂ ਮਹਾਂਪੁਰਖਾਂ ਨੇ ਦਸਿਆ ਕਿ ਪੰਜਾਬ ਦੀ ਪਵਿੱਤਰ ਧਰਤੀ ‘ਤੇ ਮਨਾਇਆ ਜਾਣ ਵਾਲਾ ਹੋਲਾ ਮਹੱਲਾ ਸਿਰਫ ਇਕ ਮੇਲਾ ਨਹੀਂ, ਸਗੋਂ ਸ਼ਕਤੀ, ਸੇਵਾ ਤੇ ਸਿਮਰਨ ਦਾ ਤਿਉਹਾਰ ਹੈ। ਇਹ ਤਿਉਹਾਰ ਹੋਲੀ ਦੇ ਅਗਲੇ ਦਿਨ ਮਨਾਇਆ ਜਾਂਦਾ ਹੈ ਤੇ ਇਸਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ 1701 ਵਿਚ ਕੀਤੀ ਸੀ। ਕਹਾਣੀ ਹੈ ਕਿ ਜਦੋਂ ਹੋਲੀ ਦੇ ਰੰਗਾਂ ਦੀ ਰੌਣਕ ਚੱਲਦੀ ਸੀ, ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਇਕ ਨਵਾਂ ਰੰਗ ਦਿੱਤਾ, ਬਹਾਦਰੀ ਤੇ ਅਨੁਸ਼ਾਸਨ ਦਾ ਰੰਗ। ਉਨ੍ਹਾਂ ਨੇ ਸਿੱਖਾਂ ਨੂੰ ਸਿਰਫ ਭਗਤੀ ਹੀ ਨਹੀਂ, ਸਗੋਂ ਤਿਆਰੀ, ਤਾਕਤ ਤੇ ਧਰਮ ਦੀ ਰੱਖਿਆ ਲਈ ਤਿਆਰ ਰਹਿਣ ਦਾ ਸੰਦੇਸ਼ ਦਿੱਤਾ। ਇਸ ਤਰ੍ਹਾਂ ਸੰਤਾਂ-ਮਹਾਂਪੁਰਸ਼ਾਂ ਨੇ ਹੋਲਾ ਮਹੱਲਾ ਮਨਾਉਣ ਸਬੰਧੀ ਸਾਨੂੰ ਜੋ ਸਿੱਖਿਆ ਦਿੱਤੀ, ਉਹ ਅੱਜ ਵੀ ਸਾਨੂੰ ਧਰਮ, ਸੇਵਾ ਤੇ ਬਹਾਦਰੀ ਦੇ ਰਸਤੇ ‘ਤੇ ਚੱਲਣ ਲਈ ਪ੍ਰੇਰਿਤ ਕਰਦੀ ਹੈ। ਆਖਿਰ ਵਿਚ ਸ੍ਰੀਮਾਨ ਸੰਤ ਗੁਰਚਰਨ ਸਿੰਘ ਜੀ ਮਹਾਰਾਜ ਨੇ ਸਮੂਹ ਸੰਗਤਾਂ ਨੂੰ ਹੋਲੀ ਤੇ ਹੋਲੇ ਮਹੱਲੇ ਦੀਆਂ ਮੁਬਾਰਕਾਂ ਦਿੱਤੀਆਂ।