ਢਿੱਲੋਂ ਦੀ ਭਾਜਪਾ ਪ੍ਰਧਾਨ ਵਜੋਂ ਨਿਯੁਕਤੀ ਸਵਾਗਤਯੋਗ : ਅਰੁਣ ਖੋਸਲਾ
ਸ. ਕੇਵਲ ਸਿੰਘ ਢਿੱਲੋਂ ਦੀ ਪੰਜਾਬ ਭਾਜਪਾ ਪ੍ਰਧਾਨ ਵਜੋਂ ਨਿਯੁਕਤੀ ਸਵਾਗਤ ਯੋਗ - ਅਰੁਣ ਖੋਸਲਾ
Publish Date: Thu, 28 May 2026 07:26 PM (IST)
Updated Date: Thu, 28 May 2026 07:28 PM (IST)

ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਭਾਰਤੀ ਜਨਤਾ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਕੇਵਲ ਸਿੰਘ ਢਿੱਲੋਂ ਦੀ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਨਿਯੁਕਤੀ ਦਾ ਸੀਨੀਅਰ ਭਾਜਪਾ ਆਗੂ ਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਤਹਿ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹਿੰਦੂ-ਸਿੱਖ ਏਕਤਾ ਦੀ ਮਿਸਾਲ ਹੈ, ਜੋ ਹਮੇਸ਼ਾ ਹੀ ਮਿਹਨਤੀ, ਇਮਾਨਦਾਰ ਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਬਿਨਾਂ ਕਿਸੇ ਫਰਕ ਤੋਂ ਵੱਡੀਆਂ ਤੇ ਅਹਿਮ ਜ਼ਿੰਮੇਵਾਰੀਆਂ ਨਾਲ ਨਵਾਜਦੀ ਹੈ ਤੇ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਵੀ ਇਸ ਗੱਲ ਦਾ ਸਪੱਸ਼ਟ ਸਬੂਤ ਹੈ। ਸਾਬਕਾ ਮੇਅਰ ਅਰੁਣ ਖੋਸਲਾ ਨੇ ਕਿਹਾ ਕਿ ਫਗਵਾੜਾ ਵਾਸੀਆਂ ਲਈ ਇਹ ਵਿਸ਼ੇਸ਼ ਖੁਸ਼ੀ ਦੀ ਗੱਲ ਹੈ ਕਿ ਕੇਵਲ ਸਿੰਘ ਢਿੱਲੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਬਹੁਤ ਨੇੜੇ ਰਹੇ ਹਨ, ਜਿਸਦਾ ਲਾਭ ਆਉਣ ਵਾਲੇ ਸਮੇਂ ਵਿਚ ਇਥੋਂ ਦੇ ਲੋਕਾਂ ਨੂੰ ਜ਼ਰੂਰ ਮਿਲੇਗਾ। ਇਸ ਦੌਰਾਨ ਖੋਸਲਾ ਦੇ ਨਾਲ ਮੌਜੂਦ ਰਹੇ ਨੌਜਵਾਨ ਭਾਜਪਾ ਆਗੂ ਨਿਤਿਨ ਚੱਢਾ ਨੇ ਵੀ ਢਿੱਲੋਂ ਨੂੰ ਪੰਜਾਬ ਪ੍ਰਧਾਨ ਬਣਨ ‘ਤੇ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਢਿੱਲੋਂ ਪੰਜਾਬ ਦੇ ਹਰੇਕ ਵਰਗ ਨਾਲ ਗਹਿਰਾ ਜੁੜਾਅ ਰੱਖਦੇ ਹਨ। ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੰਜਾਬ ਭਾਜਪਾ ਨੂੰ ਨਵੀਂ ਮਜ਼ਬੂਤੀ ਮਿਲੇਗੀ ਤੇ ਪਾਰਟੀ ਦਾ ਆਧਾਰ ਪਿੰਡ ਪੱਧਰ ਤੱਕ ਹੋਰ ਮਜ਼ਬੂਤ ਹੋਵੇਗਾ। ਖੋਸਲਾ ਤੇ ਚੱਢਾ ਨੇ ਕਿਹਾ ਕਿ ਭਾਜਪਾ ਦੀ ਵਿਚਾਰਧਾਰਾ ‘ਸਭ ਦਾ ਸਾਥ, ਸਭ ਦਾ ਵਿਕਾਸ ਤੇ ਸਭ ਦਾ ਵਿਸ਼ਵਾਸ’ ‘ਤੇ ਅਧਾਰਿਤ ਹੈ ਤੇ ਪਾਰਟੀ ਸਿਆਸੀ ਨਫੇ ਲਈ ਦੇਸ਼ ਹਿਤ ਤੇ ਲੋਕ ਹਿਤ ਨਾਲ ਕਦੇ ਸਮਝੌਤਾ ਨਹੀਂ ਕਰਦੀ। ਦੂਜੇ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ। ਪੰਜਾਬ ਵਿਚ ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ, ਨੌਜਵਾਨ ਬੇਰੁਜ਼ਗਾਰੀ ਤੇ ਨਸ਼ਿਆਂ ਦੀ ਸਮੱਸਿਆ ਨਾਲ ਜੂਝ ਰਹੇ ਹਨ, ਜਦਕਿ ਕਿਸਾਨ ਤੇ ਵਪਾਰੀ ਵਰਗ ਵੀ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ। ਉਨ੍ਹਾਂ ਉਮੀਦ ਜਤਾਈ ਕਿ ਪੰਜਾਬ ਵਿਧਾਨ ਸਭਾ ਚੋਣਾਂ 2027 ‘ਚ ਭਾਜਪਾ ਇਕ ਮਜ਼ਬੂਤ ਬਦਲ ਵਜੋਂ ਉਭਰੇਗੀ ਤੇ ਪੰਜਾਬ ਦੇ ਲੋਕ ਬਦਲਾਅ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਦੇ ਗਠਨ ‘ਚ ਸਹਿਯੋਗ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਵਿਧਾਨ ਸਭਾ ਚੋਣਾਂ ਲਈ ਬਿਲਕੁਲ ਤਿਆਰ ਹੈ। ਪਾਰਟੀ ਦਾ ਹਰੇਕ ਵਰਕਰ ਪੂਰੀ ਤਨਦੇਹੀ ਨਾਲ ਲੋਕਾਂ ਵਿਚ ਜਾ ਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਏਗਾ।