ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਥਾਣੇ ਅੱਗੇ ਦਿਨ-ਰਾਤ ਦਾ ਧਰਨਾ ਜਾਰੀ
ਮਜ਼ਦੂਰ ਯੂਨੀਅਨ ਵਲੋਂ ਥਾਣੇ ਅੱਗੇ ਦਿਨ ਰਾਤ ਦਾ ਧਰਨਾ ਜਾਰੀ
Publish Date: Sat, 14 Mar 2026 09:30 PM (IST)
Updated Date: Sat, 14 Mar 2026 09:33 PM (IST)

ਦਲਿਤ ਨੌਜਵਾਨ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਪੂਰਥਲਾ : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਪਿੰਡ ਜੱਗਾ ਦੇ ਦਲਿਤ ਨੌਜਵਾਨ ਰਵੀ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਤੇ ਪੀੜਤ ਪਰਿਵਾਰ ਨੂੰ ਕਾਨੂੰਨ ਮੁਤਾਬਕ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ 13 ਮਾਰਚ ਤੋਂ ਥਾਣਾ ਸੁਭਾਨਪੁਰ ਅੱਗੇ ਸ਼ੁਰੂ ਕੀਤਾ ਗਿਆ ਦਿਨ-ਰਾਤ ਦਾ ਮੋਰਚਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਧਰਨਾ ਸਥਾਨ ਉੱਤੇ ਹੀ ਲੰਗਰ-ਪਾਣੀ ਤਿਆਰ ਕੀਤਾ ਗਿਆ ਤੇ ਉੱਥੇ ਹੀ ਛਕਿਆ ਗਿਆ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਤੇ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਕਿਹਾ ਕਿ ਮੰਗਾਂ ਦੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਨਿੱਤ ਦਿਨ ਦਲਿਤਾਂ ਉੱਤੇ ਜ਼ਬਰ ਜ਼ੁਲਮ ਦੀਆਂ ਘਟਨਾਵਾਂ ਵਧ ਰਹੀਆਂ ਹਨ ਤੇ ਸਰਕਾਰ ਇਨ੍ਹਾਂ ਘਟਨਾਵਾਂ ਉੱਪਰ ਸਖ਼ਤੀ ਨਾਲ ਰੋਕ ਲਾਉਣ ਵਿਚ ਅਸਫ਼ਲ ਸਾਬਿਤ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਸਰਕਾਰ ਦੇ ਨਕਸ਼ ਕਦਮਾਂ ਉੱਪਰ ਚੱਲਦੀ ਹੋਈ ਮਨੂੰਵਾਦ ਨੂੰ ਲਾਗੂ ਕਰ ਰਹੀ ਹੈ ਤੇ ਦਲਿਤ ਮਜ਼ਦੂਰਾਂ ਨੂੰ ਦੂਜੇ ਦਰਜੇ ਦਾ ਸ਼ਹਿਰੀ ਸਮਝ ਰਹੀ ਹੈ। ਉਨ੍ਹਾਂ ਕਿਹਾ ਕਿ ਲੂਣ, ਤੇਲ ਦੇਣ ਦੇ ਐਲਾਨ ਤਾਂ ਭਗਵੰਤ ਮਾਨ ਸਰਕਾਰ ਕਰ ਰਹੀ ਹੈ ਪ੍ਰੰਤੂ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਕੇ ਸਾਡੇ 17 ਏਕੜ ਤੋਂ ਵਾਧੂ ਜ਼ਮੀਨਾਂ ਦਲਿਤ ਮਜ਼ਦੂਰਾਂ ਨੂੰ ਵੰਡਣ, ਕਾਨੂੰਨ ਅਨੁਸਾਰ ਪੰਚਾਇਤੀ ਜ਼ਮੀਨਾਂ ਚੋਂ ਰਾਖਵੇਂ ਤੀਸਰੇ ਹਿੱਸੇ ਦਾ ਹੱਕ, ਨਜ਼ੂਲ ਲੈਂਡ, ਪ੍ਰੋਵੈਸ਼ਨਲ ਗੌਰਮਿੰਟ ਦੀਆਂ ਅਲਾਟ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਖ਼ਤਮ ਕਰਕੇ ਦਲਿਤਾਂ ਨੂੰ ਮਾਲਕੀ ਹੱਕ ਦੇਣ, ਪੱਕਾ ਰੁਜ਼ਗਾਰ ਤੇ ਦਿਹਾੜੀ ਵਿਚ ਵਾਧਾ ਕਰਕੇ ਹਜ਼ਾਰ ਰੁਪਏ ਕਰਨ ਲਈ ਤਿਆਰ ਨਹੀਂ। ਜ਼ਮੀਨ ਦੀ ਕਾਣੀ ਵੰਡ ਕਾਰਨ ਹੀ ਜਗੀਰਦਾਰੀ ਸੋਚ ਦੇ ਧਾਰਨੀ ਪੇਂਡੂ ਧਨਾਢ ਦਲਿਤ ਸਮਾਜ ਨੂੰ ਆਪਣੀ ਦਲਿਤ ਵਿਰੋਧੀ ਇਸ ਸੋਚ ਕਾਰਨ ਹੀ ਜੁਲਮ ਦਾ ਸ਼ਿਕਾਰ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਆਪਣੇ ਹੱਕ ਲੈਣ ਲਈ ਜਥੇਬੰਦ ਸੰਘਰਸ਼ਾਂ ਉੱਪਰ ਟੇਕ ਰੱਖਣੀ ਹੋਵੇਗੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਯੂਨੀਅਨ ਦੇ ਤਹਿਸੀਲ ਪ੍ਰਧਾਨ ਅਮਰੀਕ ਸਿੰਘ ਬੂਲੇਵਾਲ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ ਤੋਂ ਇਲਾਵਾ ਯੂਨੀਅਨ ਦੇ ਤਹਿਸੀਲ ਆਗੂ ਗੁਰਪ੍ਰੀਤ ਸਿੰਘ, ਪੀੜਤ ਪਰਿਵਾਰਕ ਮੈਂਬਰ ਲਾਡੀ ਜੱਗਾ ਆਦਿ ਨੇ ਸੰਬੋਧਨ ਕੀਤਾ।