ਸਕੂਲ ਨੂੰ ਈ-ਲਰਨਿੰਗ ਸਟੇਸ਼ਨ ਕੀਤਾ ਭੇਟ
ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਨੇ ਸਕੂਲ ਨੂੰ ਈ-ਲਰਨਿੰਗ ਸਟੇਸ਼ਨ ਭੇਂਟ ਕੀਤਾ
Publish Date: Mon, 23 Feb 2026 07:15 PM (IST)
Updated Date: Mon, 23 Feb 2026 07:19 PM (IST)

ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਂਜਲੀ ਕਪੂਰਥਲਾ ਵਿਖੇ ਈ-ਲਰਨਿੰਗ ਸਟੇਸ਼ਨ ਭੇਟ ਕੀਤਾ ਗਿਆ। ਕਲੱਬ ਦੇ ਪ੍ਰਧਾਨ ਯੋਗੇਸ਼ ਤਲਵਾੜ ਨੇ ਦੱਸਿਆ ਕਿ ਹਰ ਸਾਲ 23 ਫਰਵਰੀ ਨੂੰ ਰੋਟਰੀ ਇੰਟਰਨੈਸ਼ਨਲ ਡੇ ਮਨਾਇਆ ਜਾਂਦਾ ਹੈ। ਇਸ ਸਾਲ ਰੋਟਰੀ ਦੀ 121ਵੀਂ ਸਾਲਗਿਰ੍ਹਾ ਮਨਾਈ ਜਾ ਰਹੀ ਹੈ। ਕਲੱਬ ਵੱਲੋਂ ਇਸ ਦਿਨ ਨੂੰ ਹੋਰ ਯਾਦਗਾਰ ਬਣਾਉਣ ਹਿੱਤ ਤੇ ਸਕੂਲੀ ਬੱਚਿਆਂ ਦੀ ਜ਼ਰੂਰਤ ਨੂੰ ਸਮਝਦਿਆਂ ਹੋਇਆਂ ਸਕੂਲ ਵਿਚ ਈ-ਲਰਨਿੰਗ ਸਟੇਸ਼ਨ ਭੇਟ ਕੀਤਾ ਗਿਆ, ਜਿਸ ਵਿਚ ਕੰਪਿਊਟਰ, ਪ੍ਰੋਜੈਕਟਰ, ਸਕਰੀਨ, ਸਪੀਕਰ ਆਦਿ ਸ਼ਾਮਲ ਹਨ। ਇਸ ਤੋਂ ਪਹਿਲਾਂ ਕਲੱਬ ਵੱਲੋਂ ਵੱਖ-ਵੱਖ ਸਕੂਲਾਂ ਵਿਚ ਸਕੂਲੀ ਬੱਚਿਆਂ ਲਈ ਹੈਂਡ ਵਾਸ਼ਿੰਗ ਸਟੇਸ਼ਨ ਵੀ ਭੇਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਹ ਬੱਚੇ ਦੇਸ਼ ਦਾ ਭਵਿੱਖ ਹਨ। ਇਸ ਲਈ ਉਨ੍ਹਾਂ ਨੂੰ ਪੜ੍ਹਾਈ ਤੇ ਸਿਹਤ ਦੀਆਂ ਬੁਨਿਆਦੀ ਸਹੂਲਤਾਂ ਦੇਣ ਲਈ ਰੋਟਰੀ ਕਲੱਬ ਆਫ਼ ਕਪੂਰਥਲਾ ਡਾਊਨਟਾਊਨ ਹਮੇਸ਼ਾਂ ਹੀ ਵਧ-ਚੜ੍ਹ ਕੇ ਯੋਗਦਾਨ ਦਿੰਦਾ ਰਿਹਾ ਹੈ। ਇਸ ਸਮੇਂ ਸੰਸਾਰ ਭਰ ਵਿਚ 200 ਤੋਂ ਵੀ ਜ਼ਿਆਦਾ ਦੇਸ਼ਾਂ ਵਿਚ ਰੋਟਰੀ ਇੰਟਰਨੈਸ਼ਨਲ ਦੇ ਤਹਿਤ 36,00 ਤੋਂ ਵੀ ਜ਼ਿਆਦਾ ਕਲੱਬ ਚੱਲ ਰਹੇ ਹਨ। ਰੋਟਰੀ ਕਲੱਬ ਦਾ ਮੁੱਖ ਮਕਸਦ ਮਾਨਵਤਾ ਦੀ ਸੇਵਾ ਕਰਨਾ ਹੈ। ਸਕੂਲ ਦੇ ਪ੍ਰਿੰਸੀਪਲ ਮਨਜੀਤ ਸਿੰਘ ਨੇ ਰੋਟਰੀ ਕਲੱਬ ਵੱਲੋਂ ਈ-ਲਰਨਿੰਗ ਸਟੇਸ਼ਨ ਭੇਟ ਕੀਤੇ ਜਾਣ ਦੀ ਪ੍ਰਸ਼ੰਸਾ ਕਰਦਿਆਂ ਰੋਟਰੀ ਕਲੱਬ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਉਨ੍ਹਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕਲੱਬ ਦੇ ਸੈਕਟਰੀ ਗਗਨਦੀਪ ਮਹਿਰਾ, ਸਾਬਕਾ ਅਸਿਸਟੈਂਟ ਗਵਰਨਰ ਅਵਿਨਾਸ਼ ਸ਼ਰਮਾ, ਸਾਬਕਾ ਪ੍ਰਧਾਨ ਓਂਕਾਰ ਕਾਲੀਆ, ਐਡਵੋਕੇਟ ਪੀਕੇ ਤੁਲੀ, ਜ਼ੋਨ ਕੋਆਰਡੀਨੇਟਰ ਸੁਕੇਸ਼ ਜੋਸ਼ੀ ਤੋਂ ਇਲਾਵਾ ਸਕੂਲ ਦੇ ਅਧਿਆਪਕ ਹਾਜ਼ਰ ਸਨ।