ਦਿਨ-ਦਿਹਾੜੇ ਲੁਟੇਰਿਆਂ ਨੇ ਦਾਤਰ ਦੀ ਨੋਕ ’ਤੇ ਲੁੱਟੀ ਸਰਕਾਰੀ ਬੱਸ
ਦਿਨ ਦਿਹਾੜੇ ਲੁਟੇਰਿਆਂ ਨੇ ਦਾਤਰ ਦੀ ਨੋਕ ’ਤੇ ਲੁੱਟੀ ਸਰਕਾਰੀ ਬੱਸ
Publish Date: Fri, 03 Apr 2026 08:20 PM (IST)
Updated Date: Fri, 03 Apr 2026 08:22 PM (IST)

ਪੰਜਾਬੀ ਜਾਗਰਣ ਟੀਮ, ਪੰਜਾਬੀ ਜਾਗਰਣ ਕਪੂਰਥਲਾ : ਜਲੰਧਰ-ਸੁਲਤਾਨਪੁਰ ਲੋਧੀ ਰੋਡ ਤੇ ਜਾ ਰਹੀ ਪਨਬੱਸ ਦੀ ਬੱਸ ਨੂੰ ਲੁਟੇਰਿਆਂ ਵੱਲੋਂ ਦਿਨ-ਦਿਹਾੜੇ ਘੇਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਸ ਦੇ ਕੰਡਕਟਰ ਮਲਕੀਤ ਰਾਜ ਨੇ ਦੱਸਿਆ ਕਿ ਜਲੰਧਰ ਡਿਪੂ ਨੰਬਰ ਦੋ ਦੀ ਬੱਸ ਨੰਬਰ ਪੀਬੀ 08 ਡੀਜੀ 5859 ਜੋ ਕਿ ਜਲੰਧਰ ਤੋਂ ਸੁਲਤਾਨਪੁਰ ਲੋਧੀ ਰੂਟ ਤੇ ਚੱਲਦੀ ਹੈ। ਇਹ ਬੱਸ ਕਲਾਰਾਂ ਤੋਂ ਮੋਠਾਂਵਾਲ ਨੂੰ ਆ ਰਹੀ ਸੀ, ਜਿਸ ਨੇ ਸੁਲਤਾਨਪੁਰ ਲੋਧੀ ਜਾਣਾ ਸੀ। ਇਸ ਦੌਰਾਨ ਪਿੱਛੋਂ ਇਕ ਕਾਰ ਆਈ ਤੇ ਕਾਰ ਚਾਲਕਾਂ ਨੇ ਕਾਰ ਨੂੰ ਬੱਸ ਦੇ ਅੱਗੇ ਖੜ੍ਹੀ ਕਰ ਕੇ ਬੱਸ ਰੋਕ ਲਈ ਤੇ ਦਾਤਰ ਕੱਢ ਕੇ ਬੱਸ ਚ ਚੜ੍ਹ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਬੱਸ ਦੇ ਬੋਨਟ ਤੇ ਦਾਤਰ ਮਾਰਨ ਲੱਗੇ ਤੇ ਬੈਗ ਵਿਚੋਂ ਕਰੀਬ 900 ਰੁਪਏ ਕੈਸ਼ ਕੱਢ ਕੇ ਮੌਕੇ ਤੋਂ ਫਰਾਰ ਹੋ ਗਏ। ਮਲਕੀਤ ਰਾਜ ਨੇ ਦੱਸਿਆ ਕਿ ਬੱਸ ਵਿਚ ਕੁਝ ਔਰਤ ਸਵਾਰੀਆਂ ਤੇ ਬੱਚੇ ਵੀ ਮੌਜੂਦ ਸਨ ਪਰ ਲੁਟੇਰਿਆਂ ਨੇ ਉਨ੍ਹਾਂ ਨੂੰ ਕੁਝ ਨਹੀਂ ਕਿਹਾ। ਬੱਸ ਡਰਾਈਵਰ ਪਵਿੱਤਰ ਸਿੰਘ ਨੇ ਦੱਸਿਆ ਕਿ ਹਾਂਡਾ ਸਿਟੀ ਕਾਰ ਸਵਾਰਾਂ ਨੇ ਦਾਤਰ ਦੀ ਨੋਕ ਤੇ ਬੱਸ ਨੂੰ ਰੋਕ ਲਿਆ ਤੇ ਬੱਸ ਦੀ ਡਰਾਈਵਰ ਸਾਈਡ ਵਾਲੀ ਖਿੜਕੀ ਤੇ ਦਾਤਰ ਮਾਰਨ ਲੱਗੇ ਜਦੋਂ ਉਸਨੇ ਖਿੜਕੀ ਨਹੀਂ ਖੋਲ਼੍ਹੀ ਤਾਂ ਉਹ ਦੂਜੀ ਖਿੜਕੀ ਵਾਲੇ ਪਾਸੇ ਦੀ ਬੱਸ ਚ ਦਾਖਲ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੂਚਨਾ ਦੇਣ ਲਈ 100 ਨੰਬਰ ਤੇ ਵੀ ਫੋਨ ਕੀਤਾ ਗਿਆ ਪਰ ਫੋਨ ਨਹੀਂ ਲੱਗਾ। ਉਨ੍ਹਾਂ ਵੱਲੋਂ ਹੁਣ ਥਾਣਾ ਸੁਲਤਾਨਪੁਰ ਲੋਧੀ ਚ ਪੈਂਦੀ ਪੁਲਿਸ ਚੌਕੀ ਮੋਠਾਂਵਾਲ ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਥਾਣਾ ਸੁਲਤਾਨਪੁਰ ਲੋਧੀ ਦੇ ਐੱਸਐੱਚਓ ਹਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰਦੇ ਹੋਏ ਪੁਲਿਸ ਵੱਲੋਂ ਮੁਲਜ਼ਮਾਂ ਤੇ ਗੱਡੀ ਦੀ ਭਾਲ ਕੀਤੀ ਜਾ ਰਹੀ ਹੈ ਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।