ਬਾਜ਼ਾਰਾਂ ’ਚ ਪੈਦਲ ਚੱਲਣਾ

ਬਾਜ਼ਾਰਾਂ ’ਚ ਪੈਦਲ ਚੱਲਣਾ ਵੀ ਮੁਸ਼ਕਲ
ਜਾਸੰ, ਪੰਜਾਬੀ ਜਾਗਰਣ
ਕਪੂਰਥਲਾ : ਵਿਰਾਸਤੀ ਸ਼ਹਿਰ ਕਪੂਰਥਲਾ ’ਚ ਦੁਕਾਨਦਾਰਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹੁਣ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਲਈ ਵੱਡੀ ਸਮੱਸਿਆ ਬਣ ਗਏ ਹਨ। ਨਗਰ ਨਿਗਮ ਵੱਲੋਂ ਬਾਜ਼ਾਰਾਂ ’ਚ ਸੜਕ ਦੀ ਹੱਦ ਤੈਅ ਕਰਨ ਲਈ ਬਣਾਈ ਗਈ ਪੀਲੀ ਲਕੀਰ ਹੁਣ ਸਿਰਫ ਮਜ਼ਾਕ ਬਣ ਕੇ ਰਹਿ ਗਈ ਹੈ। ਸ਼ਹਿਰ ਦੇ ਕਈ ਮੁੱਖ ਬਾਜ਼ਾਰਾਂ ਤੇ ਸੜਕਾਂ ’ਤੇ ਦੁਕਾਨਦਾਰ ਆਪਣਾ ਸਾਮਾਨ ਪੀਲੀ ਲਕੀਰ ਤੋਂ ਬਾਹਰ ਤੱਕ ਸਜਾ ਦਿੰਦੇ ਹਨ, ਜਿਸ ਕਾਰਨ ਸੜਕਾਂ ਲਗਾਤਾਰ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ। ਹਾਲਾਤ ਇਹ ਹਨ ਕਿ ਕਈ ਸਥਾਨਾਂ ’ਤੇ ਦੋਪਹਿਆ ਵਾਹਨ ਤਾਂ ਦੂਰ ਪੈਦਲ ਚੱਲਣਾ ਵੀ ਮੁਸ਼ਕਲ ਹੋ ਚੁੱਕਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਸਦਰ ਬਾਜ਼ਾਰ, ਸਬਜ਼ੀ ਮੰਡੀ, ਸੱਤਿਆਨਾਰਾਇਣ ਬਾਜ਼ਾਰ, ਸ਼ਾਲੀਮਾਰ ਬਾਗ ਰੋਡ, ਭਗਤ ਸਿੰਘ ਚੌਕ, ਪੁਰਾਣੀ ਕਚਹਿਰੀ ਰੋਡ ਤੇ ਹੋਰ ਇਲਾਕਿਆਂ ’ਚ ਦੁਕਾਨਦਾਰਾਂ ਵੱਲੋਂ ਸੜਕ ਤੱਕ ਸਾਮਾਨ ਰੱਖਣਾ ਆਮ ਗੱਲ ਬਣ ਚੁੱਕੀ ਹੈ। ਕਿਤੇ ਕੱਪੜਿਆਂ ਦੇ ਸਟੈਂਡ ਸੜਕ ’ਤੇ ਰੱਖੇ ਹਨ ਤੇ ਕਿਤੇ ਫਲ-ਸਬਜ਼ੀਆਂ, ਘਰੇਲੂ ਸਾਮਾਨ ਤੇ ਹੋਰ ਵਸਤੂਆਂ ਦੁਕਾਨਾਂ ਤੋਂ ਬਾਹਰ ਤੱਕ ਫੈਲੀਆਂ ਰਹਿੰਦੀਆਂ ਹਨ। ਸੰਜੀਵ ਸਿੰਘ, ਮੋਨਿਕਾ ਰਾਨੀ, ਸਚਦੇਵਾ, ਸਿਮਰਨ ਸਿੰਘ ਆਦਿ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਬਾਜ਼ਾਰਾਂ ’ਚ ਹਰ ਸਮੇਂ ਜਾਮ ਵਰਗੇ ਹਾਲਾਤ ਬਣੇ ਰਹਿੰਦੇ ਹਨ। ਖ਼ਾਸ ਤੌਰ ’ਤੇ ਸ਼ਾਮ ਦੇ ਸਮੇਂ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਜਗ੍ਹਾ ਲੋਕਾਂ ਨੂੰ ਸੜਕ ਦੇ ਵਿਚਕਾਰੋਂ ਲੰਘਣਾ ਪੈਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ।
ਨਗਰ ਨਿਗਮ ਕਈ ਵਾਰ ਦੇ ਚੁੱਕਾ ਚੇਤਾਵਨੀ, ਨਹੀਂ ਸੁਧਰ ਰਹੇ ਦੁਕਾਨਦਾਰ
ਨਗਰ ਨਿਗਮ ਵੱਲੋਂ ਸਮੇਂ-ਸਮੇਂ ’ਤੇ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਉਹ ਆਪਣਾ ਸਾਮਾਨ ਪੀਲੀ ਲਕੀਰ ਦੇ ਅੰਦਰ ਰੱਖਣ ਪਰ ਇਸ ਦਾ ਅਸਰ ਕੁਝ ਸਮੇਂ ਤੱਕ ਹੀ ਦਿਖਾਈ ਦਿੰਦਾ ਹੈ। ਨਿਗਮ ਟੀਮ ਜਦ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਚਲਾਉਂਦੀ ਹੈ ਤਾਂ ਦੁਕਾਨਦਾਰ ਤੁਰੰਤ ਆਪਣਾ ਸਾਮਾਨ ਅੰਦਰ ਕਰ ਲੈਂਦੇ ਹਨ ਪਰ ਟੀਮ ਦੇ ਜਾਂਦੇ ਹੀ ਮੁੜ ਸਾਮਾਨ ਬਾਹਰ ਨਿਕਲ ਆਉਂਦਾ ਹੈ। ਸੂਤਰਾਂ ਅਨੁਸਾਰ ਕਈ ਵਾਰ ਨਿਗਮ ਕਰਮਚਾਰੀਆਂ ਤੇ ਦੁਕਾਨਦਾਰਾਂ ਵਿਚਾਲੇ ਬਹਿਸ ਵੀ ਹੋ ਜਾਂਦੀ ਹੈ। ਕਈ ਵਾਰ ਮਾਹੌਲ ਤਣਾਅਪੂਰਨ ਹੋ ਜਾਂਦਾ ਹੈ। ਸ਼ਹਿਰਵਾਸੀਆਂ ਦਾ ਕਹਿਣਾ ਹੈ ਕਿ ਜੇ ਪ੍ਰਸ਼ਾਸਨ ਸਥਾਈ ਤੌਰ ’ਤੇ ਇਸ ਸਮੱਸਿਆ ਦਾ ਹੱਲ ਨਹੀਂ ਕਰਦਾ ਤਾਂ ਆਉਣ ਵਾਲੇ ਸਮੇਂ ’ਚ ਹਾਲਾਤ ਹੋਰ ਖ਼ਰਾਬ ਹੋ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਵਾਰ-ਵਾਰ ਨਿਯਮ ਤੋੜਨ ਵਾਲਿਆਂ ’ਤੇ ਜੁਰਮਾਨਾ ਲਗਾਇਆ ਜਾਵੇ।
ਟ੍ਰੈਫਿਕ ’ਚ ਰੁਕਾਵਟ ਪਾਉਣ ਵਾਲਿਆਂ ’ਤੇ ਹੋਵੇਗੀ ਕਾਰਵਾਈ : ਰੇਸ਼ਮ ਸਿੰਘ
ਉੱਧਰ ਟ੍ਰੈਫਿਕ ਇੰਚਾਰਜ ਰੇਸ਼ਮ ਸਿੰਘ ਦਾ ਕਹਿਣਾ ਹੈ ਕਿ ਸੜਕ ’ਤੇ ਨਾਜਾਇਜ਼ ਕਬਜ਼ਾ ਤੇ ਟ੍ਰੈਫਿਕ ’ਚ ਰੁਕਾਵਟ ਪਾਉਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਦੁਕਾਨਦਾਰ ਪੀਲੀ ਲਕੀਰ ਤੋਂ ਬਾਹਰ ਸਾਮਾਨ ਰੱਖ ਕੇ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਕਰ ਰਹੇ ਹਨ, ਉਨ੍ਹਾਂ ਦੇ ਚਲਾਨ ਕੀਤੇ ਜਾਣਗੇ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਤੇ ਸੜਕ ’ਤੇ ਕਬਜ਼ਾ ਨਾ ਕਰਨ।