ਨੈਸ਼ਨਲ ਹਾਈਵੇ ਅਥਾਰਟੀ ਨੇ ਕਿਸਾਨਾਂ ਨਾਲ ਕੀਤਾ ਵਿਸ਼ਵਾਸਘਾਤ
ਐਕਸਪ੍ਰੈਸ ਵੇਅ ਨਾਲ਼ ਸੰਬੰਧਿਤ ਮੰਗਾਂ ਸੰਬੰਧੀ ਰੋਡ ਸੰਘਰਸ਼ ਕਮੇਟੀ ਦੀ ਡੀ ਆਰ ਓ ਨਾਲ਼ ਹੋਈ ਮੀਟਿੰਗ
Publish Date: Wed, 11 Mar 2026 08:58 PM (IST)
Updated Date: Wed, 11 Mar 2026 09:00 PM (IST)

ਮੰਗਾਂ ਦਾ ਤਰੁੰਤ ਨਿਪਟਾਰਾ ਨਾ ਕੀਤਾ ਤਾਂ ਮੁੜ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ ਐਕਸਪ੍ਰੈੱਸ ਵੇਅ ਨਾਲ ਸਬੰਧਤ ਮੰਗਾਂ ਸਬੰਧੀ ਰੋਡ ਸੰਘਰਸ਼ ਕਮੇਟੀ ਦੀ ਡੀਆਰਓ ਨਾਲ ਹੋਈ ਮੀਟਿੰਗ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਸੁਲਤਾਨਪੁਰ ਲੋਧੀ ਹਲਕੇ ਅੰਦਰ ਕਿਸਾਨਾਂ ਦੀਆਂ ਬੇਸ਼ਕੀਮਤੀ ਜ਼ਮੀਨਾਂ ਨੂੰ ਐਕਵਾਇਰ ਕਰਕੇ ਉਸਾਰੇ ਜਾ ਰਹੇ ਦਿੱਲੀ ਕਟੜਾ ਤੇ ਜਾਮਨਗਰ ਬਠਿੰਡਾ ਐਕਸਪ੍ਰੈੱਸ ਨਾਲ ਸਬੰਧਤ ਵੱਖ-ਵੱਖ ਮੰਗਾਂ ਸਬੰਧੀ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਦੇ ਯਤਨਾਂ ਨਾਲ ਰੋਡ ਸੰਘਰਸ਼ ਕਮੇਟੀ ਤੇ ਡੀਆਰਓ ਕਪੂਰਥਲਾ ਮਨਦੀਪ ਸਿੰਘ ਮਾਨ ਵਿਚਕਾਰ ਹੰਗਾਮੀ ਮੀਟਿੰਗ ਹੋਈ, ਜਿਸ ਵਿਚ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ੇ ਸਬੰਧੀ ਆ ਰਹੀ ਮੁਸ਼ਕਿਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰਭਾਵਿਤ ਕਿਸਾਨਾਂ ਨੂੰ ਰੁੱਖਾਂ, ਟਿਊਬਵੈਲਾਂ, ਅੰਡਰ ਗਰਾਊਂਡ ਪਾਇਪਾਂ ਤੇ ਬਕਾਇਆ ਜ਼ਮੀਨਾਂ ਦਾ ਮੁਆਵਜ਼ਾ ਦੇਣ ਲਈ ਚਰਚਾ ਕੀਤੀ ਗਈ। ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਪ੍ਰਭਦਿਆਲ ਸਿੰਘ ਜੋਸਨ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਤੇ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਸਬੰਧੀ ਦੇਰੀ ਕੀਤੀ ਜਾ ਰਹੀ ਹੈ। ਮਾਣਯੋਗ ਅਦਾਲਤ ਵਿਚ ਮੁਆਵਜ਼ੇ ਸਬੰਧੀ ਚੱਲ ਰਹੇ ਕੇਸ ਵਿਚ ਵੀ ਨੈਸ਼ਨਲ ਹਾਈਵੇ ਅਥਾਰਟੀ ਆਪਣਾ ਪੱਖ ਰੱਖਣ ਵਿਚ ਦੇਰੀ ਕਰ ਰਹੀ ਹੈ। ਉਨ੍ਹਾਂ ਕਿਹਾ ਨੈਸ਼ਨਲ ਹਾਈਵੇ ਅਥਾਰਟੀ ਨੇ ਕਿਸਾਨਾਂ ਨਾਲ ਵਿਸ਼ਵਾਸਘਾਤ ਕੀਤਾ ਹੈ। ਕਮਿਸ਼ਨਰ ਵੱਲੋਂ ਮੁਆਵਜ਼ੇ ਸਬੰਧੀ ਕੀਤੇ ਗਏ ਫੈਸਲੇ ਨੂੰ ਨੈਸ਼ਨਲ ਹਾਈਵੇ ਨੇ ਸੈਸ਼ਨ ਕੋਰਟ ਵਿਚ ਚੁਣੌਤੀ ਦਿੱਤੀ ਹੈ ਤੇ ਪ੍ਰਸ਼ਾਸਨ ਉਸ ਵਿਚ ਕੈਲਕੁਲੇਸ਼ਨ ਸੀਟਾਂ ਪੇਸ਼ ਨਹੀਂ ਕਰ ਰਿਹਾ। ਉਨ੍ਹਾਂ ਨੇ ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਮੁਆਵਜ਼ੇ ਸਬੰਧੀ ਜਲਦ ਕੋਈ ਹੱਲ ਨਾ ਕੀਤਾ ਗਿਆ ਤਾਂ ਦੋਵੇਂ ਐਕਸਪ੍ਰੈੱਸ ਵੇਅ ’ਤੇ ਹੋ ਰਹੇ ਨਿਰਮਾਣ ਕਾਰਜ ਪੂਰੀ ਤਰ੍ਹਾਂ ਰੋਕ ਕੇ ਅਣਮਿੱਥੇ ਸਮੇਂ ਦਾ ਧਰਨਾ ਦਿੱਤਾ ਜਾਵੇਗਾ। ਇਸ ਮੌਕੇ ਡੀਆਰਓ ਕਪੂਰਥਲਾ ਮਨਦੀਪ ਸਿੰਘ ਮਾਨ ਨੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਟੀਮ ਵੱਲੋਂ ਨੈਸ਼ਨਲ ਹਾਈਵੇ ਅਥਾਰਟੀ ਦੇ ਸਹਿਯੋਗ ਨਾਲ ਮੁਆਵਜ਼ੇ ਤੇ ਹੋਰ ਮੰਗਾਂ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਨਾਇਬ ਤਹਿਸੀਲਦਾਰ ਸਰਵਨ ਸਿੰਘ, ਕਾਨੂੰਗੋ ਬਖਸ਼ੀਸ਼ ਸਿੰਘ, ਤਰਸੇਮ ਸਿੰਘ, ਰਣਜੀਤ ਸਿੰਘ ਰਾਣਾ, ਜਗਦੀਪ ਸਿੰਘ ਗਾਂਧਾ ਸਿੰਘ ਵਾਲਾ, ਪਰਮਜੀਤ ਸਿੰਘ, ਜਗਮੋਹਣ ਸਿੰਘ ਜਾਂਗਲਾ, ਸਰਬਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਜਸਵਿੰਦਰ ਸਿੰਘ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।