ਜਾਤ-ਪਾਤ ਅਤੇ ਦਬਾਅ ਤੋਂ ਉੱਪਰ ਉੱਠ ਕੇ ਕਰੋ ਵੋਟ,ਚੁਣੋ ਇਮਾਨਦਾਰ ਉਮੀਦਵਾਰ-ਪੰਡਿਤ/ਭੋਲਾ

--ਨੌਜਵਾਨ ਤੇ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਨਿਭਾਉਣ ਜ਼ਿੰਮੇਵਾਰੀ : ਵੀਐੱਚਪੀ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ
ਕਪੂਰਥਲਾ : ਨਗਰ ਨਿਗਮ ਤੇ ਨਗਰ ਕੌਸਲ ਚੋਣਾਂ ਦੀ ਸਰਗਰਮੀ ਜਿਵੇਂ-ਜਿਵੇਂ ਵਧ ਰਹੀ ਹੈ, ਉਵੇਂ-ਉਵੇਂ ਸਮਾਜ ਦੇ ਜਾਗਰੂਕ ਵਰਗ ਵੱਲੋਂ ਵੀ ਆਵਾਜ਼ਾਂ ਉੱਠਣ ਲੱਗੀਆਂ ਹਨ। ਵਿਸ਼ਵ ਹਿੰਦੂ ਪਰਿਸ਼ਦ ਜਲੰਧਰ ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ ਤੇ ਜ਼ਿਲ੍ਹਾ ਮੀਤ ਪ੍ਰਧਾਨ ਚੰਦਰ ਮੋਹਨ ਭੋਲਾ ਨੇ ਸ਼ਹਿਰ ਦੇ ਵੇਟਰਾਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਨਗਰ ਨਿਗਮ ਚੋਣਾਂ ਚ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਲਾਜ਼ਮੀ ਤੌਰ ’ਤੇ ਵੋਟਿੰਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਸਿਰਫ ਕੌਂਸਲਰ ਚੁਣਨ ਦੀ ਪ੍ਰਕਿਰਿਆ ਨਹੀਂ ਹੈ, ਸਗੋਂ ਇਹ ਤੈਅ ਕਰਨ ਦਾ ਮੌਕਾ ਹੈ ਕਿ ਆਉਣ ਵਾਲੇ ਸਾਲਾਂ ’ਚ ਸਾਡੇ ਸ਼ਹਿਰ ਦੀ ਦਿਸ਼ਾ ਤੇ ਦਸ਼ਾ ਕਹੀ ਹੋਵੇਗੀ। ਨਰੇਸ਼ ਪੰਡਿਤ ਨੇ ਕਿਹਾ ਕਿ ਲੋਕਤੰਤਰ ’ਚ ਵੋਟਿੰਗ ਸਭ ਤੋਂ ਪਵਿੱਤਰ ਅਧਿਕਾਰ ਹੈ ਤੇ ਇਸ ਅਧਿਕਾਰ ਦੀ ਵਰਤੋਂ ਨਾ ਕਰਨਾ ਅਸਲ ’ਚ ਆਪਣੇ ਸ਼ਹਿਰ ਦੇ ਭਵਿੱਖ ਪ੍ਰਤੀ ਲਾਪ੍ਰਵਾਹੀ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ’ਚ ਕਿਹਾ ਕਿ ਹਰੇਕ ਨਾਗਰਿਕ ਦੀ ਇਕ-ਇਕ ਵੋਟ ਸ਼ਹਿਰ ਦੇ ਭਵਿੱਖ ਨੂੰ ਮਜ਼ਬੂਤ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਨਰੇਸ਼ ਪੰਡਿਤ ਨੇ ਵੋਟਰਾਂ ਨੂੰ ਇਕ ਮਹੱਤਵਪੂਰਨ ਸੰਦੇਸ਼ ਦਿੰਦਿਆਂ ਕਿਹਾ ਕਿ ਜਾਤ-ਪਾਤ, ਨਿੱਜੀ ਸੁਆਰਥ ਤੇ ਸਿਆਸੀ ਦਬਾਅ ਤੋਂ ਉੱਪਰ ਉੱਠ ਕੇ ਅਜਿਹੇ ਉਮੀਦਵਾਰਾਂ ਨੂੰ ਚੁਣੇ ਜੋ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਕੰਮ ਕਰਨ। ਉਨ੍ਹਾਂ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਵੋਟਰ ਜਾਤ ਦੇ ਅਧਾਰ ’ਤੇ, ਰਿਸ਼ਤੇਦਾਰੀ ਦੇ ਆਧਾਰ ’ਤੇ ਜਾਂ ਫਿਰ ਕਿਸੇ ਦਬਾਅ ਹੇਠ ਆ ਕੇ ਵੋਟ ਪਾਉਂਦੇ ਹਨ ਪਰ ਇਹ ਸੋਚ ਸ਼ਹਿਰ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਉਂਦੀ ਹੈ। ਜਦੋਂ ਅਸੀਂ ਸੋਚ-ਸਮਝ ਕੇ ਤੇ ਸੂਝ-ਬੂਝ ਨਾਲ ਮਤਦਾਨ ਕਰਾਂਗੇ, ਉਦੋਂ ਹੀ ਸ਼ਹਿਰ ਨੂੰ ਇਕ ਯੋਗ ਤੇ ਜ਼ਿੰਮੇਵਾਰ ਪ੍ਰਤੀਨਿਧ ਮਿਲੇਗਾ। ਉਨ੍ਹਾਂ ਕਿਹਾ ਕਿ ਉਮੀਦਵਾਰ ਦੀ ਚੋਣ ਕਰਦੇ ਸਮੇਂ ਇਹ ਦੇਖਣਾ ਜ਼ਰੂਰੀ ਹੈ ਕਿ ਉਹ ਵਿਅਕਤੀ ਕਿੰਨਾ ਇਮਾਨਦਾਰ ਹੈ, ਉਸ ਦਾ ਸ਼ਹਿਰ ਪ੍ਰਤੀ ਕੀ ਨਜ਼ਰੀਆ ਹੈ ਤੇ ਉਹ ਪਾਰਦਰਸ਼ਤਾ ਨਾਲ ਕੰਮ ਕਰਨ ’ਚ ਵਿਸ਼ਵਾਸ ਰੱਖਦਾ ਹੈ ਜਾਂ ਨਹੀਂ। ਚੰਦਰ ਮੋਹਨ ਭੋਲਾ ਨੇ ਨੌਜਵਾਨਾਂ ਤੇ ਪਹਿਲੀ ਵਾਰ ਵੋਟਿੰਗ ਕਰਨ ਵਾਲੇ ਵੋਟਰਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਇਸ ਤਿਉਹਾਰ ’ਚ ਸਰਗਰਮ ਹਿੱਸੇਦਾਰੀ ਨਿਭਾਉਣਾ ਉਨ੍ਹਾਂ ਦੀ ਸਭ ਤੋਂ ਪਹਿਲੀ ਨਾਗਰਿਕ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਹੀ ਇਸ ਸ਼ਹਿਰ ਦਾ ਭਵਿੱਖ ਹੈ ਤੇ ਜਦ ਨੌਜਵਾਨ ਜਾਗਰੂਕ ਹੋ ਕੇ ਮਤਦਾਨ ਕਰਨਗੇ ਤਾਂ ਰਾਜਨੀਤੀ ’ਚ ਵੀ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਕਪੂਰਥਲਾ ਦੇ ਲੋਕ ਸਮਝਦਾਰ ਹਨ ਤੇ ਉਹ ਜ਼ਰੂਰ ਸਹੀ ਉਮੀਦਵਾਰ ਦੀ ਚੋਣ ਕਰਨਗੇ ਜੋ ਸ਼ਹਿਰ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗਾ। ਵਿਹਿਪ ਆਗੂਆਂ ਦਾ ਇਹ ਸੰਦੇਸ਼ ਅਜਿਹੇ ਸਮੇਂ ਆਇਆ ਹੈ ਜਦੋਂ 26 ਮਈ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਆਪਣੇ ਸਿਖਰ ’ਤੇ ਹੈ ਤੇ ਵੋਟਰਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ ਸਖ਼ਤ ਲੋੜ ਹੈ।