245 ਕਾਮਰਸ ਲੈਕਚਰਾਰਾਂ ਦੀ ਰਿਵਰਸ਼ਨ ਰੱਦ ਕੀਤੀ ਜਾਵੇ : ਸੰਦੀਪ/ ਧਰਮਜੀਤ

---ਰਿਵਰਟ ਕਰਨ ਦੀ ਥਾਂ ਪ੍ਰਮੋਸ਼ਨਾਂ ਦੇਵੇ ਸਰਕਾਰ
ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਮਾਸਟਰ ਕੈਡਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕੁਮਾਰ ਤੇ ਲੈਕਚਰਾਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਧਰਮਜੀਤ ਸਿੰਘ ਢਿੱਲੋ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਿੱਖਿਆ ਵਿਭਾਗ ਵੱਲੋਂ ਪੰਜਾਬ ਨੇ 245 ਕਾਮਰਸ ਲੈਕਚਰਾਰਾਂ ਦੀ ਪਦਉਨਤੀ ਰੱਦ ਕਰਨ ਦੀ ਤਜਵੀਜ਼ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਤੇ ਸਰਕਾਰ ਵੱਖ-ਵੱਖ ਕੈਡਰਾਂ ਦੀਆਂ ਪ੍ਰਮੋਸ਼ਨਾਂ ਕਰਨ ਦੀ ਬਜਾਏ ਅਧਿਆਪਕਾਂ ਨੂੰ ਰਿਵਰਟ ਕਰਨ ’ਤੇ ਤੁਲੀ ਹੋਈ ਹੈ। ਵਿਭਾਗ ਵੱਲੋਂ ਅਜਿਹਾ ਫ਼ੈਸਲਾ ਅਦਾਲਤੀ ਨਿਰਦੇਸ਼ਾਂ ਦੀ ਆੜ੍ਹ ਵਿੱਚ 2008 ਤੋਂ 2024 ਤੱਕ ਵੱਖ-ਵੱਖ ਵਿਸ਼ਿਆਂ ਦੀ ਸੀਨੀਆਰਤਾ ਰਿਵੀਊ ਕਰਨ ਮਗਰੋਂ ਲਿਆ ਗਿਆ ਹੈ, ਜੋ ਮਾਨਸਿਕ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਵੱਲੋਂ ਜਾਰੀ ਪੱਤਰ ਮੁਤਾਬਕ ਕਾਮਰਸ ਵਿਸ਼ੇ ਦੇ ਰਿਵੀਊ ਉਪਰੰਤ 245 ਕਾਮਰਸ ਲੈਕਚਰਾਰ ਰਿਵਰਸ਼ਨ ਜ਼ੋਨ ਵਿਚ ਦਰਸਾਏ ਗਏ ਹਨ। ਇਨ੍ਹਾਂ ਹੁਕਮਾਂ ਸਨਮੁਖ ਵਿਭਾਗ ਵੱਲੋਂ ਸਬੰਧਤ ਕਾਮਰਸ ਲੈਕਚਰਾਰਾਂ ਦੀ ਪਦਉਨਤੀ ਰੱਦ ਕੀਤੇ ਜਾਣ ਦੀ ਤਜਵੀਜ਼ ਹੈ। ਪਦਉਨਤੀ ਰੱਦ ਹੋਣ ਵਾਲੀ ਲਿਸਟ ਵਿਚ ਸ਼ੁਮਾਰ ਲੈਕਚਰਾਰਾਂ ਤੇ ਅਧਿਆਪਕ ਜਥੇਬੰਦੀਆਂ ਵਿਚ ਸਖ਼ਤ ਰੋਸ ਪਾਇਆ ਜਾ ਰਿਹਾ ਹੈ। ਪਿਛਲੇ ਪੰਜ-ਪੰਜ ਸਾਲਾਂ ਤੋਂ ਗਿਆਰਵੀਂ ਤੇ ਬਾਰ੍ਹਵੀਂ ਨੂੰ ਪੜ੍ਹਾ ਰਹੇ ਲੈਕਚਰਾਰਾਂ ਨੂੰ ਹੁਣ ਮਾਸਟਰ ਕੇਡਰ ਵਿਚ ਵਾਪਸ ਰਿਵਰਟ ਕਰਨਾ ਬੇਇਨਸਾਫ਼ੀ ਹੈ। ਅਧਿਆਪਕ ਜਥੇਬੰਦੀਆਂ ਨੇ ਵੀ ਇਸ ਤਜਵੀਜ਼ ਦਾ ਵਿਰੋਧ ਕਰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚ ਕਾਮਰਸ ਦੀ ਪੜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਕਾਮਰਸ ਲੈਕਚਰਾਰਾਂ ਨੂੰ ਰਿਵਰਸ਼ਨ ਜ਼ੋਨ ਵਿਚੋਂ ਬਾਹਰ ਕੀਤਾ ਜਾਵੇ ਤੇ ਹੋਰ ਲੋੜੀਂਦੇ ਅਧਿਆਪਕਾਂ ਦੀਆਂ ਬਣਦੀਆਂ ਪਦਉਨਤੀਆਂ ਕੀਤੀਆਂ ਜਾਣ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋ ਲੈਕਚਰਾਰ ਕੇਡਰ ਦੀ ਪ੍ਰੋਵੀਜ਼ਨਲ ਸੀਨੀਆਰਤਾ ਸੂਚੀ ਜਾਰੀ ਕਰਕੇ ਇਤਰਾਜ਼ ਮੰਗੇ ਗਏ ਸਨ। ਇਸ ਸੂਚੀ ਨੂੰ ਬਣਾਉਦੇ ਸਮੇਂ ਵਿਭਾਗੀ ਨਿਯਮਾਂ, ਅਦਾਲਤੀ ਫੈਸਲਿਆਂ ਦੀ ਅਣਦੇਖੀ ਕਰਨ ਦੇ ਨਾਲ-ਨਾਲ ਸਮੇਂ-ਸਮੇਂ ਡੀ-ਬਾਰ ਕਰਮਚਾਰੀਆਂ ਦਾ ਧਿਆਨ ਨਾ ਰੱਖਣਾ, ਇਕ ਹੀ ਸੂਚੀ ਵਿਚ ਸੀਨੀਆਰਤਾ ਨਿਰਧਾਰਤ ਕਰਨ ਲਈ ਵੱਖ-ਵੱਖ ਫਾਰਮੂਲੇ ਅਪਣਾਉਣਾ, ਅਧਿਆਪਕਾਂ ਤੋਂ ਮੰਗੇ ਇਤਰਾਜ਼ਾਂ 'ਤੇ ਕੋਈ ਸੁਣਵਾਈ ਨਾ ਕਰਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕਾਮਰਸ ਲੈਕਚਰਾਰਾਂ ਨੂੰ ਸਿੱਖਿਆ ਵਿਭਾਗ ਵੱਲੋਂ ਆਪਣਾ ਇਤਰਾਜ਼ ਦਰਜ ਕਰਾਉਣ ਲਈ 21 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਇਸ ਅਰਸੇ ਦੌਰਾਨ ਆਪਣਾ ਜਵਾਬ ਦਾਇਰ ਨਾ ਕਰਨ ਵਾਲੇ ਲੈਕਚਰਾਰਾਂ ਦੀ ਸਹਿਮਤੀ ਮੰਨਦਿਆਂ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਵਿਭਾਗ ਵੱਲੋਂ ਪ੍ਰਕਾਸ਼ਿਤ ਲਿਸਟ ਵਿਚ ਪ੍ਰਭਾਵਿਤ ਲੈਕਚਰਾਰਾਂ ਵਿਚੋਂ ਸਭ ਤੋਂ ਵੱਧ 28 ਕਾਮਰਸ ਲੈਕਚਰਾਰ ਪਟਿਆਲਾ ਜ਼ਿਲ੍ਹੇ ਦੇ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਹਨ। ਬਠਿੰਡਾ ਵਿਚ 23, ਗੁਰਦਾਸਪੁਰ ਵਿਚ 19, ਫਿਰੋਜ਼ਪੁਰ ਵਿਚ 17, ਸੰਗਰੂਰ, ਮੁਹਾਲੀ, ਹੁਸ਼ਿਆਰਪੁਰ ਜ਼ਿਲ੍ਹਿਆਂ ਵਿਚ 16-16, ਲੁਧਿਆਣਾ ਤੇ ਫਾਜ਼ਿਲਕਾ ਵਿਚ 12-12 ਕਾਮਰਸ ਲੈਕਚਰਾਰ ਤਾਇਨਾਤ ਹਨ। ਇਵੇਂ ਹੀ ਮੋਗਾ ਵਿਚ 10, ਸ਼ਹੀਦ ਭਗਤ ਸਿੰਘ ਨਗਰ ਤੇ ਫ਼ਤਹਿਗੜ੍ਹ ਸਾਹਿਬ ਵਿਚ 8-8, ਮੁਕਤਸਰ ਸਾਹਿਬ ਤੇ ਰੂਪਨਗਰ ਜ਼ਿਲ੍ਹਿਆਂ ਵਿਚ 7-7 ਕਾਮਰਸ ਲੈਕਚਰਾਰ ਨਿਯੁਕਤ ਹਨ। ਬਾਕੀ ਜ਼ਿਲ੍ਹਿਆਂ ਵਿਚ ਮਾਨਸਾ ਤੇ ਪਠਾਨਕੋਟ ਵਿਚ 6-6, ਕਪੂਰਥਲਾ ਤੇ ਫਰੀਦਕੋਟ ਵਿਚ 5-5, ਬਰਨਾਲਾ ਤੇ ਮਾਲੇਰਕੋਟਲਾ ਦੇ ਵਿਚ 44 ਤੇ ਜਲੰਧਰ ਤੇ ਤਰਨ ਤਾਰਨ ਵਿਚ 2-2 ਲੈਕਚਰਾਰ ਮੌਜੂਦ ਹਨ। ਯੂਨੀਅਨ ਆਗੂਆਂ ਨੇ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਮਾਸਟਰ ਕੈਡਰ ਤੋਂ ਲੈਕਚਰਾਰ, ਲੈਕਚਰਾਰ ਤੋਂ ਮੁੱਖ ਅਧਿਆਪਕ ਤੇ ਪ੍ਰਿੰਸੀਪਲ ਆਦਿ ਪ੍ਰਮੋਸ਼ਨਾਂ ਜਲਦ ਕੀਤੀਆਂ ਜਾਣ।