ਪਿੰਡ ਸਪਰੋੜ ਦੇ ਵਸਨੀਕਾਂ ਨੇ ਡਾ. ਅੰਬੇਡਕਰ ਜਯੰਤੀ ਨੂੰ ਸਮਰਪਿਤ ਸਮਾਗਮ ਦੌਰਾਨ ਵਿਧਾਇਕ ਧਾਲੀਵਾਲ ਦਾ ਕੀਤਾ ਸਨਮਾਨ

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਸੇਵਾਮੁਕਤ ਆਈਏਐੱਸ ਨੇ ਫਗਵਾੜਾ ਦੇ ਨਜ਼ਦੀਕੀ ਪਿੰਡ ਸਪਰੋੜ ਵਿਖੇ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਵਸ ਨੂੰ ਸਮਰਪਿਤ ਸਮਾਗਮ ਦੌਰਾਨ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਡਾ. ਅੰਬੇਡਕਰ ਜੈਅੰਤੀ ਦੀ ਮੁਬਾਰਕਬਾਦ ਦਿੱਤੀ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਸਿਰਫ ਸੰਵਿਧਾਨ ਦੇ ਨਿਰਮਾਤਾ ਹੀ ਨਹੀਂ, ਸਗੋਂ ਸਮਾਜਿਕ ਸਮਾਨਤਾ, ਨਿਆਂ ਅਤੇ ਹੱਕਾਂ ਲਈ ਅਟੱਲ ਸੰਘਰਸ਼ ਕਰਨ ਵਾਲੇ ਮਹਾਨ ਯੋਧਾ ਸਨ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਭਾਰਤੀ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਅਤੇ ਪੱਛੜੇ ਵਰਗਾਂ ਨੂੰ ਸਨਮਾਨ ਅਤੇ ਹੱਕ ਦਿਵਾਉਣ ਲਈ ਆਪਣਾ ਪੂਰਾ ਜੀਵਨ ਸਮਰਪਿਤ ਕੀਤਾ।
ਇਸ ਮੌਕੇ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤਾਂ ਜੋ ਇਕ ਬਰਾਬਰੀ ਵਾਲਾ ਅਤੇ ਮਜ਼ਬੂਤ ਸਮਾਜ ਬਣ ਸਕੇ। ਪ੍ਰਬੰਧਕਾਂ ਵੱਲੋਂ ਵਿਧਾਇਕ ਧਾਲੀਵਾਲ ਨੂੰ ਬਾਬਾ ਸਾਹਿਬ ਡਾ. ਅੰਬੇਡਕਰ ਦੀ ਤਸਵੀਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਬਹਾਦਰ ਸਿੰਘ ਕਲੇਰ ਸਾਬਕਾ ਸਰਪੰਚ ਅਤੇ ਸੁੱਚਾ ਸਿੰਘ ਸਾਬਕਾ ਸਰਪੰਚ ਨੇ ਵਿਧਾਇਕ ਧਾਲੀਵਾਲ ਨੂੰ ਪਿੰਡ ਦੇ ਅਧੂਰੇ ਪਏ ਵਿਕਾਸ ਦੀਆਂ ਸਮੱਸਿਆਵਾਂ ਨਾਲ ਜਾਣੂ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜੀਟੀ ਰੋਡ ਤੋਂ ਵਾਇਆ ਸਪਰੋੜ ਨੰਗਲ ਨੂੰ ਜਾਣ ਵਾਲੀ ਸੜਕ ਨੂੰ ਪੱਥਰ ਅਤੇ ਮਿੱਟੀ ਪਾ ਕੇ ਅਧੂਰਾ ਛੱਡੇ ਜਾਣ ਨਾਲ ਰਾਹਗੀਰ ਅਤੇ ਪਿੰਡਾਂ ਦੇ ਵਸਨੀਕ ਬਹੁਤ ਪਰੇਸ਼ਾਨ ਹਨ। ਲੰਘਦੇ ਵਾਹਨਾਂ ਨਾਲ ਅਕਸਰ ਬੱਟੇ ਉੱਛਲਦੇ ਹਨ, ਜਿਸ ਨਾਲ ਪੈਦਲ ਜਾਂ ਦੋ ਪਹੀਆ ਵਾਹਨਾਂ ਤੇ ਲੰਘਦੇ ਰਾਹਗੀਰਾਂ ਦੇ ਗੰਭੀਰ ਜਖਮੀ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਮਸਲੇ ’ਤੇ ਵਿਧਾਇਕ ਧਾਲੀਵਾਲ ਨੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸਬੰਧਿਤ ਮਹਿਕਮੇ ਨੂੰ ਇਸ ਬਾਰੇ ਲਿਖ ਕੇ ਤੁਰੰਤ ਕਾਰਵਾਈ ਲਈ ਕਹਿਣਗੇ। ਹਾਲਾਂਕਿ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੋਂ ਗ੍ਰਾਂਟ ਦੀ ਉਮੀਦ ਨਹੀਂ ਹੈ, ਕਿਉਂਕਿ ਪਿਛਲੇ ਚਾਰ ਸਾਲ ਵਿੱਚ ਕੁਝ ਨਹੀਂ ਕੀਤਾ ਗਿਆ। ਅਗਲੇ ਕੁਝ ਹੀ ਮਹੀਨਿਆਂ ਵਿੱਚ ਚੋਣਾਂ ਦਾ ਐਲਾਨ ਹੋਣਾ ਹੈ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੂਬੇ ਵਿੱਚ ਕਾਂਗਰਸ ਪਾਰਟੀ ਦੀ ਅਗਲੀ ਸਰਕਾਰ ਬਣਨ ਉਪਰੰਤ ਪਿੰਡਾਂ ਦੇ ਅਧੂਰੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਵਾਇਆ ਜਾਵੇਗਾ। ਇਸ ਮੌਕੇ ਸੁਖਵੀਰ ਸਿੰਘ ਘੱਗ, ਰਣਜੀਤ ਸਿੰਘ ਜੀਤਾ ਸਾਬਕਾ ਪੰਚ, ਧਮਰਪਾਲ ਪੰਚ, ਹੈੱਪੀ ਕਲੇਰ, ਤਜਿੰਦਰ ਸਿੰਘ ਬਿੱਟੂ, ਹਰਮਨ ਕਲੇਰ, ਗੁਰਨੇਕ ਕਲੇਰ, ਰਵਿੰਦਰ ਸਿੰਘ ਘੱਗ, ਪਲਵਿੰਦਰ ਕੌਰ ਸਾਬਕਾ ਪੰਚ, ਮਨਦੀਪ ਸਿੰਘ ਖਾਲਸਾ, ਬਲਜਿੰਦਰ ਸਿੰਘ ਬਿੰਦਰ, ਖੁਸ਼ਪਾਲ ਦੜੌਚ, ਨੀਤੂ ਕਲੇਰ ਯੂਕੇ, ਸਤਨਾਮ ਸਿੰਘ ਘੁੰਮਣ, ਸੁੱਖਾ ਚੁੰਬਰ, ਮੰਗਾ ਕਲੇਰ, ਭੂਰਾ, ਰਾਮ ਸਿੰਘ ਬਲੇਨਾ ਆਦਿ ਹਾਜ਼ਰ ਸਨ।