ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਕਦੇ ਸੂਬੇ ਦਾ ਭਲਾ ਨਹੀਂ ਕਰ ਸਕਦੀਆਂ : ਕਿੰਨੜਾ, ਵਾਲੀਆ
ਦਿੱਲੀ ਤੋਂ ਚੱਲਣ ਵਾਲੀਆਂ ਰਿਮੋਟ ਕੰਟਰੋਲ ਸਰਕਾਰਾਂ ਕਦੇ ਵੀ ਸੂਬੇ ਦਾ ਭਲਾ ਨਹੀਂ ਕਰ ਸਕਦੀਆਂ-ਕਿੰਨੜਾ/ਵਾਲੀਆ
Publish Date: Fri, 01 May 2026 06:54 PM (IST)
Updated Date: Fri, 01 May 2026 06:56 PM (IST)

ਪੰਜਾਬੀ ਜਾਗਰਣ ਪ੍ਰਤੀਨਿਧੀ, ਫਗਵਾੜਾ : ਸ਼੍ਰੋਮਣੀ ਅਕਾਲੀ ਦਲ ਨੇ 2007 ਤੋਂ 2017 ਤੱਕ ਦੇ ਸ਼ਾਸਨ ਨੂੰ ਰਾਜ ਨਹੀਂ ਸੇਵਾ ਦਾ ਮੌਕਾ ਸਮਝ ਕੇ ਪੰਜਾਬ ਵਿੱਚ ਕੰਮ ਕੀਤਾ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੁਖਬੀਰ ਸਿੰਘ ਕਿੰਨੜਾ ਤੇ ਉਦਯੋਗ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਲਵਲੀ ਵਾਲੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਸੀ, ਜਿਸ ਨੇ ਸੂਬੇ ਨੂੰ ਹਰ ਖੇਤਰ ਵਿਚ ਅੱਗੇ ਵਧਾਇਆ ਅਤੇ ਜਨਤਾ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ। ਕਿੰਨੜਾ ਤੇ ਵਾਲੀਆ ਨੇ ਕਿਹਾ ਕਿ ਅਕਾਲੀ ਦਲ ਨੇ ਆਪਣੇ ਸਮੇਂ ਦੌਰਾਨ ਕਿਸਾਨਾਂ ਨੂੰ ਮੁਫਤ ਬਿਜਲੀ ਵਾਸਤੇ ਸੂਬੇ ਨੂੰ ਬਿਜਲੀ ਪੱਖੋਂ ਸਰਪਲਸ ਬਣਾਇਆ ਅਤੇ ਖੇਤੀ ਲਈ ਵਿਆਜ ਰਹਿਤ ਕਰਜੇ, ਖੇਤੀ ਯੰਤਰਾਂ ਦੀ ਖਰੀਦ ਤੇ ਸਬਸਿਡੀ, ਫਸਲ ਬੀਮਾ ਅਤੇ ਕੀਟਨਾਸ਼ਕ ਦਵਾਈਆਂ ਤੇ ਛੋਟ ਦਿੱਤੀ ਤਾਂ ਜੋ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਲਈ ਸੜਕਾਂ ਦਾ ਜਾਲ ਵਿਛਾਇਆ। ਗਰੀਬ ਪਰਿਵਾਰਾਂ ਲਈ ਆਟਾ ਦਾਲ ਸਕੀਮ, ਲੜਕੀਆਂ ਦੇ ਵਿਆਹ ਲਈ ਸ਼ਗਨ ਸਕੀਮ ਅਤੇ ਬਜ਼ੁਰਗਾਂ ਅਤੇ ਵਿਧਵਾਵਾਂ ਅਤੇ ਅੰਗਹੀਨਾਂ ਲਈ ਪੈਨਸ਼ਨ ਸਕੀਮ ਸ਼ੁਰੂ ਕੀਤੀ ਗਈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਨੂੰ ਮਜਬੂਤ ਕੀਤਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਮਾਂ ਖੇਡ ਕਬੱਡੀ ਨੂੰ ਵਿਸ਼ਵ ਪੱਧਰ ਤੇ ਪਹੁੰਚਾਇਆ ਅਤੇ ਖੇਡ ਮੈਦਾਨਾਂ ਅਤੇ ਅਕੈਡਮੀਆਂ ਦਾ ਨਿਰਮਾਣ ਕੀਤਾ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਕੰਮ ਸੂਬੇ ਵਿਚ ਹਿੰਦੂ ਸਿੱਖ ਭਾਈਚਾਰਕ ਸਾਂਝ ਨੂੰ ਮਜਬੂਤ ਕਰਨਾ ਸੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਨੂੰ ਦੋਵੇਂ ਹੱਥੀ ਲੁੱਟਿਆ ਜਾ ਰਿਹਾ ਹੈ। ਨਸ਼ਾ ਖ਼ਤਮ ਹੋਣ ਦੀ ਬਜਾਏ ਕਈ ਪਰਿਵਾਰਾਂ ਦੇ ਪੂਰੇ ਦੇ ਪੂਰੇ ਜੀਅ ਇਸ ਦੀ ਭੇਟ ਚੜ੍ਹ ਗਏ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਵਿਚ ਗੁੰਡਾਗਰਦੀ ਅਤੇ ਨਸ਼ਾ ਸਮੱਗਲਰਾਂ ਦਾ ਬੋਲਬਾਲਾ ਵਧਿਆ ਹੈ।