147 ਅਹੁਦਿਆਂ ਨੂੰ ਖ਼ਤਮ ਕਰਨਾ ਆਤਮਘਾਤੀ ਕਦਮ : ਯੂਨੀਅਨ
ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਨੇ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਨੂੰ ਸੌਂਪਿਆ ਮੰਗ ਪੱਤਰ
Publish Date: Thu, 14 May 2026 09:21 PM (IST)
Updated Date: Thu, 14 May 2026 09:24 PM (IST)

-ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਨੂੰ ਸੌਂਪਿਆ ਮੰਗ ਪੱਤਰ -ਜਨਰਲ ਸਕੱਤਰ ਸਰਵਜੀਤ ਸਿੰਘ ਨੇ ਮੈਮੋਰੰਡਮ ਦੀ ਇਕ-ਇਕ ਮੰਗ ਤੇ ਕੀਤੀ ਗੰਭੀਰ ਚਰਚਾ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਰਸੀਐੱਫ ਇੰਪਲਾਈਜ਼ ਯੂਨੀਅਨ (ਆਰਸੀਐੱਫ ਈਯੂ) ਦੇ ਪ੍ਰਧਾਨ ਅਮਰੀਕ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਕਿ ਯੂਨੀਅਨ ਦੇ ਵਫ਼ਦ ਨੇ ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ (ਪ੍ਰੋਡਕਸ਼ਨ ਯੂਨਿਟਸ) ਸੀਤਾਰਾਮ ਸਿੰਕੂ ਨਾਲ ਮੁਲਾਕਾਤ ਕੀਤੀ ਤੇ 24 ਸੂਤਰੀ ਮੰਗ ਪੱਤਰ ਸੌਂਪਿਆ। ਮੀਟਿੰਗ ਦੌਰਾਨ ਯੂਨੀਅਨ ਦੇ ਜਨਰਲ ਸਕੱਤਰ ਸਰਵਜੀਤ ਸਿੰਘ ਨੇ ਮੈਮੋਰੰਡਮ ਵਿਚ ਦਰਜ ਮੰਗਾਂ ਨੂੰ ਅਧਿਕਾਰੀਆਂ ਸਾਹਮਣੇ ਬਹੁਤ ਹੀ ਵਿਸਤ੍ਰਿਤ ਤੇ ਤਰਕਪੂਰਨ ਤਰੀਕੇ ਨਾਲ ਰੱਖਿਆ। ਜਨਰਲ ਸਕੱਤਰ ਨੇ ਵਿਸ਼ੇਸ਼ ਤੌਰ ਤੇ ਰੇਲਵੇ ਬੋਰਡ ਦੇ 2 ਫੀਸਦੀ ਅਹੁਦਿਆਂ ਨੂੰ ਸਰੰਡਰ ਕਰਨ ਦੇ ਫੈਸਲੇ (ਮੈਨਪਾਵਰ ਰੈਸ਼ਨਲਾਈਜ਼ੇਸ਼ਨ ਪਾਲਿਸੀ) ਦਾ ਸਖ਼ਤ ਵਿਰੋਧ ਕੀਤਾ ਤੇ ਕਿਹਾ ਕਿ ਪਹਿਲਾਂ ਹੀ ਸਟਾਫ਼ ਦੀ ਭਾਰੀ ਕਮੀ ਨਾਲ ਜੂਝ ਰਹੇ ਆਰਸੀਐੱਫ ਲਈ 147 ਅਹੁਦਿਆਂ ਨੂੰ ਖ਼ਤਮ ਕਰਨਾ ਇਕ ਆਤਮਘਾਤੀ ਕਦਮ ਹੋਵੇਗਾ। ਉਨ੍ਹਾਂ ਪੁਰਜ਼ੋਰ ਮੰਗ ਕੀਤੀ ਕਿ ਸੇਵਾਮੁਕਤ ਕਰਮਚਾਰੀਆਂ ਦੀ ਰੀ-ਇੰਗੇਜਮੈਂਟ ਬੰਦ ਕਰਕੇ ਨਿਯਮਤ ਭਰਤੀ ਕੀਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਤੇ ਮੌਜੂਦਾ ਸਟਾਫ਼ ਨੂੰ ਰਾਹਤ ਮਿਲ ਸਕੇ। ਜਨਰਲ ਸਕੱਤਰ ਨੇ ਸੁਪਰਵਾਈਜ਼ਰਾਂ ਦੇ ਹਿੱਤਾਂ ਦੀ ਗੱਲ ਕਰਦਿਆਂ ਸੁਪਰਵਾਈਜ਼ਰਾਂ ਦੀ ਐੇਮਏਸੀਪੀ ਰਾਹੀਂ ਤਰੱਕੀ ਤੇ ਤਨਖਾਹ ਦੇ ਮੁੱਦੇ ਨੂੰ ਵੀ ਅਧਿਕਾਰੀਆਂ ਸਾਹਮਣੇ ਰੱਖਿਆ। ਉਨ੍ਹਾਂ ਮੰਗ ਕੀਤੀ ਕਿ ਸੁਪਰਵਾਈਜ਼ਰਾਂ ਨੂੰ ਸਮੇਂ ਸਿਰ ਵਿੱਤੀ ਲਾਭ ਤੇ ਤਰੱਕੀ ਮਿਲੇ ਤਾਂ ਜੋ ਉਨ੍ਹਾਂ ਦੇ ਮਨੋਬਲ ਵਿਚ ਗਿਰਾਵਟ ਨਾ ਆਵੇ। ਇਸ ਦੇ ਨਾਲ ਹੀ ਵਰਕਸ਼ਾਪ ਦੇ ਤਕਨੀਕੀ ਮੁੱਦਿਆਂ ਤੇ ਚਰਚਾ ਕਰਦਿਆਂ ਉਨ੍ਹਾਂ ਵੱਖ-ਵੱਖ ਸ਼ਾਪਸ ਲਈ ਨਵੇਂ ਫੋਰਕਲਿਫਟਰਾਂ ਦੀ ਖਰੀਦ ਲਈ ਐਕੁਈਜੀਸ਼ਨ ਪਲਾਨ ਨੂੰ ਤੁਰੰਤ ਪ੍ਰਭਾਵੀ ਕਰਨ ਤੇ ਡਿਜੀਟਲ ਕੰਮਾਂ ਵਿਚ ਲੱਗੇ ਪ੍ਰਬੰਧਕੀ ਸਟਾਫ਼ ਲਈ ਵਿਸ਼ੇਸ਼ ਵੀਡੀਯੂ ਭੱਤਾ (ਆਫਿਸ ਪ੍ਰੋਡਕਟੀਵਿਟੀ ਅਲਾਊਂਸ) ਲਾਗੂ ਕਰਨ ਦੀ ਮੰਗ ਕੀਤੀ ਤਾਂ ਜੋ ਕੰਪਿਊਟਰ ਸਕ੍ਰੀਨ ਤੇ ਲਗਾਤਾਰ ਕੰਮ ਕਰਨ ਨਾਲ ਹੋਣ ਵਾਲੇ ਸਿਹਤ ਜ਼ੋਖ਼ਮਾਂ ਦੀ ਭਰਪਾਈ ਹੋ ਸਕੇ। ਸਥਾਨਕ ਸਮੱਸਿਆਵਾਂ ਤੇ ਵਿਸਥਾਰ ਨਾਲ ਬੋਲਦਿਆਂ ਜਨਰਲ ਸਕੱਤਰ ਨੇ ਆਰਸੀਐੱਫ ਕਾਲੋਨੀ ਦੀ ਖਸਤਾ ਹਾਲਤ, ਰਿਮੋਟ ਏਰੀਆ ਕਾਰਨ ਬੰਦ ਕੀਤੀ ਗਈ ਓਪੀਡੀ ਲਈ ਰੈਫਰਲ ਸਹੂਲਤਾਂ ਤੇ ਹਸਪਤਾਲ ਵਿਚ ਅਲਟਰਾਸਾਊਂਡ ਮਸ਼ੀਨ ਦੀ ਘਾਟ ਵਰਗੇ ਗੰਭੀਰ ਵਿਸ਼ਿਆਂ ਤੇ ਪ੍ਰਸ਼ਾਸਨ ਨੂੰ ਘੇਰਿਆ। ਉਨ੍ਹਾਂ ਪੁਰਾਣੀ ਪੈਨਸ਼ਨ ਸਕੀਮ (ਓਪੀਐੱਸ) ਦੇ ਪਾਤਰ ਕਰਮਚਾਰੀਆਂ ਨੂੰ ਤੁਰੰਤ ਲਾਭ ਦੇਣ ਦੀ ਮੰਗ ਕਰਦਿਆਂ ਕਰਮਚਾਰੀ ਸ਼ੀਤਲ ਕੁਮਾਰ ਨੂੰ ਓਪੀਐੱਸ ਦਾ ਹੱਕ ਦੇਣ ਦੀ ਗੱਲ ਠੋਸ ਤਰੀਕੇ ਨਾਲ ਰੱਖੀ। ਉਨ੍ਹਾਂ ਦੱਸਿਆ ਕਿ ਘਟੀਆ ਐਂਬੂਲੈਂਸ, ਠੇਕਾ ਪ੍ਰਣਾਲੀ ਤੇ ਕਾਲੋਨੀ ਵਿਚ ਅਵਾਰਾ ਕੁੱਤਿਆਂ ਦੀ ਦਹਿਸ਼ਤ ਨੇ ਨਿਵਾਸੀਆਂ ਦਾ ਜੀਣਾ ਦੁਭਰ ਕਰ ਦਿੱਤਾ ਹੈ, ਜਿਸ ਲਈ ਇਕ ਸਪੈਸ਼ਲ ਟਾਸਕ ਫੋਰਸ ਤੇ ਪੈੱਟ ਓਨਰਸ਼ਿਪ ਪਾਲਿਸੀ ਦੀ ਤੁਰੰਤ ਲੋੜ ਹੈ। ਜਨਰਲ ਸਕੱਤਰ ਨੇ ਰਿਹਾਇਸ਼ੀ ਖੇਤਰ ਦੀ ਸੁਰੱਖਿਆ ਲਈ ਉੱਚ ਗੁਣਵੱਤਾ ਵਾਲੇ ਸੀਸੀਟੀਵੀ ਕੈਮਰੇ ਲਗਾਉਣ ਤੇ ਐਂਟਰੀ ਗੇਟਾਂ ਤੇ ਸਖ਼ਤ ਚੈਕਿੰਗ ਪ੍ਰਣਾਲੀ ਲਾਗੂ ਕਰਨ ਦੀ ਮੰਗ ਵੀ ਪੁਰਜ਼ੋਰ ਤਰੀਕੇ ਨਾਲ ਕੀਤੀ। ਪ੍ਰਧਾਨ ਅਮਰੀਕ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਸਤ੍ਰਿਤ ਚਰਚਾਵਾਂ ਤੋਂ ਬਾਅਦ ਸੀਤਾਰਾਮ ਸਿੰਕੂ ਨੇ ਆਰਸੀਐੱਫ ਪ੍ਰਬੰਧਕਾਂ ਨੂੰ ਨਿਰਦੇਸ਼ ਦਿੱਤੇ ਕਿ ਸਥਾਨਕ ਪੱਧਰ ਦੇ ਮੁੱਦਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਰੇਲਵੇ ਬੋਰਡ ਪੱਧਰ ਦੇ ਮੁੱਦਿਆਂ, ਜਿਵੇਂ ਕਿ 5-ਦਿਨਾਂ ਕੰਮ ਦਾ ਹਫ਼ਤਾ ਤੇ ਪੀਐੱਲਬੀ ਬੋਨਸ ਦੀ ਗਣਨਾ 7ਵੇਂ ਤਨਖਾਹ ਕਮਿਸ਼ਨ ਅਨੁਸਾਰ ਕਰਨ ਤੇ ਅਧਿਕਾਰੀ ਨੇ ਸਕਾਰਾਤਮਕ ਚਰਚਾ ਕਰਦਿਆਂ ਇਨ੍ਹਾਂ ਨੂੰ ਬੋਰਡ ਪੱਧਰ ਤੇ ਮਜ਼ਬੂਤੀ ਨਾਲ ਚੁੱਕਣ ਦਾ ਭਰੋਸਾ ਦਿੱਤਾ ਹੈ। ਪ੍ਰਧਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਮੰਗਾਂ ਤੇ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਯੂਨੀਅਨ ਕਰਮਚਾਰੀਆਂ ਦੀ ਸੁਰੱਖਿਆ ਤੇ ਹੱਕਾਂ ਦੀ ਰਾਖੀ ਲਈ ਅੰਦੋਲਨ ਦਾ ਰਸਤਾ ਚੁਣਨ ਤੋਂ ਗੁਰੇਜ਼ ਨਹੀਂ ਕਰੇਗੀ।