ਆਰਸੀਐੱਫ ਇੰਪਲਾਈਜ਼ ਯੂਨੀਅਨ ਨੇ ਅਮਰੀਕ ਸਿੰਘ ਨੂੰ ਦਿੱਤੀ ਵਿਦਾਇਗੀ
ਆਰਸੀਐਫ ਇੰਪਲਾਈਜ਼ ਯੂਨੀਅਨ ਵੱਲੋਂ ਅਮਰੀਕ ਸਿੰਘ ਦੀ ਸੇਵਾਮੁਕਤੀ 'ਤੇ ਸ਼ਾਨਦਾਰ ਵਿਦਾਇਗੀ
Publish Date: Sat, 02 May 2026 08:55 PM (IST)
Updated Date: Sat, 02 May 2026 08:56 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਦੀ ਪ੍ਰਮੁੱਖ ਟ੍ਰੇਡ ਯੂਨੀਅਨ ਆਰਸੀਐੱਫ ਇੰਪਲਾਈਜ਼ ਯੂਨੀਅਨ (ਫਰਨੀਸ਼ਿੰਗ ਡਿਵੀਜ਼ਨ) ਵੱਲੋਂ ਵਿੰਡੋ ਐਂਡ ਸੀਲਿੰਗ ਸੈਕਸ਼ਨ ਦੇ ਸਰਗਰਮ ਮੈਂਬਰ ਅਮਰੀਕ ਸਿੰਘ ਤੇ ਭੁਪਿੰਦਰ ਸਿੰਘ ਦੀ ਸੇਵਾਮੁਕਤੀ ਦੇ ਮੌਕੇ ਤੇ ਇਕ ਸ਼ਾਨਦਾਰ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਯੂਨੀਅਨ ਦੇ ਅਹੁਦੇਦਾਰਾਂ ਤੇ ਰੇਲ ਕਰਮਚਾਰੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਸ਼ਾਨਦਾਰ ਰੇਲ ਸੇਵਾਵਾਂ ਲਈ ਸਨਮਾਨਿਤ ਕੀਤਾ। ਸਮਾਰੋਹ ਦੌਰਾਨ ਵਿੰਡੋ ਐਂਡ ਸੀਲਿੰਗ ਸੈਕਸ਼ਨ ਵਿਚ ਯੂਨੀਅਨ ਦੇ ਮੈਂਬਰ ਗੁਰਸੇਵਕ ਸਿੰਘ, ਜਗਜੀਤ ਸਿੰਘ, ਰਾਜਿੰਦਰ ਕੁਮਾਰ ਤੇ ਹਰਮੀਤ ਸਿੰਘ ਨੇ ਸਾਂਝੇ ਤੌਰ ਤੇ ਪ੍ਰੈਸ ਨੂੰ ਸੰਬੋਧਨ ਕੀਤਾ। ਉਨ੍ਹਾਂ ਅਮਰੀਕ ਸਿੰਘ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਆਪਣੀ ਪੂਰੀ ਸੇਵਾ ਦੌਰਾਨ ਅਮਰੀਕ ਸਿੰਘ ਯੂਨੀਅਨ ਲਈ ਇਕ ਮਜ਼ਬੂਤ ਥੰਮ੍ਹ ਵਜੋਂ ਖੜ੍ਹੇ ਰਹੇ। ਯੂਨੀਅਨ ਆਗੂਆਂ ਨੇ ਕਿਹਾ ਕਿ ਅਮਰੀਕ ਸਿੰਘ ਨਾ ਸਿਰਫ ਇਕ ਵਫ਼ਾਦਾਰ ਕਰਮਚਾਰੀ ਰਹੇ, ਸਗੋਂ ਉਨ੍ਹਾਂ ਨੇ ਇਕ ਮਾਰਗਦਰਸ਼ਕ ਦੀ ਭੂਮਿਕਾ ਵੀ ਨਿਭਾਈ। ਉਨ੍ਹਾਂ ਵਰਗੇ ਸਮਰਪਿਤ ਸਾਥੀਆਂ ਦਾ ਯੂਨੀਅਨ ਦੀ ਮਜ਼ਬੂਤੀ ਵਿੱਚ ਜੋ ਯੋਗਦਾਨ ਹੈ, ਉਸ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਉਨੀ ਘੱਟ ਹੈ । ਸਨਮਾਨ ਸਮਾਰੋਹ ਵਿਚ ਅਮਰੀਕ ਸਿੰਘ ਨੂੰ ਯੂਨੀਅਨ ਵੱਲੋਂ ਸਨਮਾਨ ਚਿੰਨ੍ਹ ਤੇ ਫੁੱਲਾਂ ਦੇ ਹਾਰ ਪਾ ਕੇ ਵਿਦਾ ਕੀਤਾ ਗਿਆ। ਬੁਲਾਰਿਆਂ ਨੇ ਉਨ੍ਹਾਂ ਦੇ ਸੁਖਦ ਤੇ ਸਿਹਤਮੰਦ ਭਵਿੱਖ ਦੀ ਕਾਮਨਾ ਕੀਤੀ। ਸਮਾਰੋਹ ਦੇ ਅੰਤ ਵਿਚ ਅਮਰੀਕ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਤੇ ਵਿਸ਼ਵਾਸ ਦਿਵਾਇਆ ਕਿ ਸੇਵਾਮੁਕਤੀ ਤੋਂ ਬਾਅਦ ਵੀ ਉਹ ਸਮਾਜਿਕ ਤੇ ਕਰਮਚਾਰੀ ਹਿੱਤਾਂ ਦੇ ਕਾਰਜਾਂ ਵਿਚ ਆਪਣਾ ਸਹਿਯੋਗ ਦਿੰਦੇ ਰਹਿਣਗੇ।